
ਕੈਬਨਿਟ ਸਬ-ਕਮੇਟੀ ਵਲੋਂ ਖ਼ਰੀਦ ਪ੍ਰਕਿਰਿਆ ਬਾਰੇ ਚਰਚਾ ਸ਼ੁਰੂ
ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਪ੍ਰਾਈਵੇਟ ਸੈਕਟਰ ਦੇ ਜੀਵੀਕੇ ਗੋਇੰਦਵਾਲ ਤਾਪ ਬਿਜਲੀ ਘਰ ਨੂੰ ਖ਼ਰੀਦਣ ਦੀ ਤਿਆਰੀ ਕੀਤੀ ਜਾ ਰਹੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਾਲੀ ਕੈਬਨਿਟ ਸਬ-ਕਮੇਟੀ ਨੇ ਇਸ ਨੂੰ ਖ਼ਰੀਦਣ ਸਬੰਧੀ 2 ਜੂਨ ਨੂੰ ਇਕ ਮੀਟਿੰਗ ਵੀ ਕੀਤੀ। ਦਸਿਆ ਜਾ ਰਿਹਾ ਹੈ ਕਿ ਕੈਬਨਿਟ ਸਬ-ਕਮੇਟੀ ਖ਼ਰੀਦ ਪ੍ਰਕਿਰਿਆ, ਭਵਿੱਖ ਦੀਆਂ ਬਿਜਲੀ ਲੋੜਾਂ ਆਦਿ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ।
ਇਹ ਵੀ ਪੜ੍ਹੋ: ਅਪਣੀਆਂ ਅਸਫ਼ਲਤਾਵਾਂ ਲਈ ਪ੍ਰਧਾਨ ਮੰਤਰੀ ਹਮੇਸ਼ਾ ਅਤੀਤ ’ਚ ਕਿਸੇ ਨਾ ਕਿਸੇ ਨੂੰ ਦੋਸ਼ੀ ਠਹਿਰਾਉਂਦੇ ਰਹਿੰਦੇ ਹਨ: ਰਾਹੁਲ ਗਾਂਧੀ
ਇਸ ਸਬੰਧੀ ਵਿੱਤ ਦੇ ਪ੍ਰਬੰਧ ਅਤੇ ਕਾਨੂੰਨੀ ਸਲਾਹ ਵੀ ਲਈ ਜਾ ਰਹੀ ਹੈ। ਥਰਮਲ ਦੀ ਖ਼ਰੀਦ ਲਈ ਵਿੱਤੀ ਬੋਲੀ ਦੇਣ ਦੀ ਆਖ਼ਰੀ ਤਰੀਕ 15 ਜੂਨ ਹੈ। ਸੂਤਰਾਂ ਅਨੁਸਾਰ ਪਾਵਰਕੌਮ ਦੇ ‘ਬੋਰਡ ਆਫ਼ ਡਾਇਰੈਕਟਰਜ਼’ ਦੀ ਮੀਟਿੰਗ ਵਿਚ ਇਸ ਨੂੰ ਹਰੀ ਝੰਡੀ ਦਿਤੀ ਜਾ ਚੁੱਕੀ ਹੈ। ਸੂਤਰਾਂ ਅਨੁਸਾਰ ਫ਼ਿਲਹਾਲ ਪੰਜਾਬ ਸਰਕਾਰ ਨੇ ਇਹ ਫ਼ੈਸਲਾ ਕਰਨਾ ਹੈ ਕਿ ਥਰਮਲ ਦੀ ਖ਼ਰੀਦ ਲਈ ਕਿੰਨੀ ਰਾਸ਼ੀ ਦੀ ਬੋਲੀ ਦੇਣੀ ਹੈ। ਇਸ ਤੋਂ ਬਾਅਦ ਅਖ਼ੀਰ ਵਿਚ ਇਹ ਮਾਮਲਾ ਪੰਜਾਬ ਕੈਬਨਿਟ ਵਿਚ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪ੍ਰਾਜੈਕਟ ਨੂੰ ਖਰੀਦਣ ਲਈ 12 ਪਾਰਟੀਆਂ ਅੱਗੇ ਆਈਆਂ ਹਨ। ਜਿਸ ਵਿਚ ਪੀ.ਐਸ.ਪੀ.ਸੀ.ਐਲ. ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: ਬੀ.ਐਸ.ਐਫ. ਜਵਾਨ ਨੇ ਅਪਣੀ ਹੀ ਰਾਈਫਲ ਨਾਲ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
ਦੱਸ ਦੇਈਏ ਕਿ ਗੋਇੰਦਵਾਲ ਥਰਮਲ ਪਲਾਂਟ ਅਪ੍ਰੈਲ 2016 ਵਿਚ ਚਾਲੂ ਹੋਇਆ ਸੀ। ਇਸ ਦੀ ਸਮਰੱਥਾ 540 ਮੈਗਾਵਾਟ ਦੀ ਹੈ। ਪ੍ਰਾਈਵੇਟ ਸੈਕਟਰ ਦਾ ਪਹਿਲਾਂ ਵਣਾਂਵਾਲੀ ਥਰਮਲ ਪਲਾਂਟ 2013 ਵਿਚ ਚਾਲੂ ਹੋਇਆ। ਇਸ ਦੇ ਤਿੰਨ ਯੂਨਿਟਾਂ ਦੀ ਸਮਰੱਥਾ 1980 ਮੈਗਾਵਾਟ ਹੈ। 2014 ਵਿਚ ਚਾਲੂ ਹੋਏ ਰਾਜਪੁਰਾ ਥਰਮਲ ਪਲਾਂਟ ਦੀ ਸਮਰੱਥਾ 1400 ਮੈਗਾਵਾਟ ਹੈ।
ਇਹ ਵੀ ਪੜ੍ਹੋ: ਨਾਬਾਲਗ ਪਹਿਲਵਾਨ ਦੇ ਪਿਤਾ ਦਾ ਬਿਆਨ, “ਬ੍ਰਿਜ ਭੂਸ਼ਣ ਵਿਰੁਧ ਦਰਜ ਸ਼ਿਕਾਇਤ ਨਹੀਂ ਲਈ ਵਾਪਸ”
ਇਸ ਪ੍ਰਾਈਵੇਟ ਥਰਮਲ ਕੰਪਨੀ ਨੂੰ ‘ਕਾਰਪੋਰੇਟ ਦੀਵਾਲੀਆ’ ਐਲਾਨਿਆ ਜਾ ਚੁਕਿਆ ਹੈ ਅਤੇ ਇਸ ਮੌਕੇ ਥਰਮਲ ਦੀ ਕਮਾਨ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਦੇ ਹੱਥ ਵਿਚ ਹੈ। ਕੌਮੀ ਲਾਅ ਟ੍ਰਿਬਿਊਨਲ ਵਲੋਂ ਗੋਇੰਦਵਾਲ ਥਰਮਲ ਨੂੰ ਲੈ ਕੇ ‘ਰੈਜ਼ੋਲਿਊਸ਼ਨ ਪ੍ਰੋਫੈਸ਼ਨਲ’ ਨਿਯੁਕਤ ਕੀਤਾ ਹੈ ਜਿਸ ਵਲੋਂ ਇਸ ਨੂੰ ਵੇਚਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਗੋਇੰਦਵਾਲ ਥਰਮਲ ਦੀ ਲਾਗਤ ਪੂੰਜੀ 3058 ਕਰੋੜ ਰੁਪਏ ਅਨੁਮਾਨੀ ਸੀ।