
ਮਲੋਟ ਇਲਾਕੇ ਵਿਚ ਬੀਤੀ ਦੇਰ ਸ਼ਾਮ ਤੇਜ਼ ਝੱਖੜ ਝੁੱਲਣ ਬਾਅਦ ਪਏ ਭਾਰੀ ਮੀਂਹ ਨੇ ਇਕ ਪਰਿਵਾਰ ਦੇ ਤਿੰਨ ਜੀਆਂ ਨੂੰ ਮੌਤ ਦੀ ਨੀਂਦ ਸਵਾ ਦਿਤਾ...........
ਮਲੋਟ : ਮਲੋਟ ਇਲਾਕੇ ਵਿਚ ਬੀਤੀ ਦੇਰ ਸ਼ਾਮ ਤੇਜ਼ ਝੱਖੜ ਝੁੱਲਣ ਬਾਅਦ ਪਏ ਭਾਰੀ ਮੀਂਹ ਨੇ ਇਕ ਪਰਿਵਾਰ ਦੇ ਤਿੰਨ ਜੀਆਂ ਨੂੰ ਮੌਤ ਦੀ ਨੀਂਦ ਸਵਾ ਦਿਤਾ।
ਮਲੋਟ ਸ਼ਹਿਰ ਦੇ ਵਾਰਡ ਨੰ 14 ਵਿਖੇ ਅੰਮ੍ਰਿਤਪਾਲ ਸਿੰਘ ਅਪਣੀ ਪਤਨੀ ਤਜਿੰਦਰਪਾਲ ਕੌਰ ਅਤੇ ਦੋ ਬੇਟੀਆਂ ਮਨਸੀਰਤ (6) ਅਤੇ ਅਗਮਨਜੋਤ (4) ਨਾਲੇ ਮਕਾਨ ਦੀ ਛੱਤ ਉਪਰ ਸੁੱਤਾ ਸੀ । ਰਾਤ ਕਰੀਬ ਗਿਆਰਾਂ ਵਜੇ ਤੇਜ਼ ਝੱਖੜ ਅਤੇ ਮੀਂਹ ਆਉਣ ਕਾਰਨ ਉਹ ਪਰਿਵਾਰ ਸਮੇਤ ਕਮਰੇ ਵਿਚ ਆ ਗਿਆ। ਸਾਰਾ ਪਰਿਵਾਰ ਇਕੋ ਬੈਡ 'ਤੇ ਸੁੱਤਾ ਸੀ ਕਿ ਉਸਦੀ ਪਤਨੀ ਤਜਿੰਦਰਪਾਲ ਕੌਰ ਅਚਾਨਕ ਲਾਈਟ ਜਗਾਉਣ ਲਈ ਉਠੀ ।
ਉਹ ਜਿਵੇਂ ਹੀ ਸਵਿੱਚ ਬੋਰਡ ਕੋਲ ਪੁੱਜੀ ਤਾਂ ਕਮਰੇ ਦੀ ਛੱਤ ਬੈਡ 'ਤੇ ਆ ਡਿੱਗੀ। ਖ਼ਬਰ ਲਿਖੇ ਜਾਣ ਤੱਕ ਘਰ ਚੋਂ ਇਕਲੌਤੀ ਬਚੀ ਇਸ ਔਰਤ, ਜੋ ਗਰਭਵਤੀ ਸੀ, ਦੀ ਅੱਜ ਡਿਲਵਰੀ ਹੋ ਚੁੱਕੀ ਸੀ ਅਤੇ ਉਸਨੇ ਦੋ ਪੁੱਤਰਾਂ ਨੂੰ ਜਨਮ ਦਿੱਤਾ ਪਰ ਇਸ ਸਮੇਂ ਤੱਕ ਉਸਦੀ ਜ਼ਿਦਗੀ ਦੀ ਸਾਰੀ ਰੌਣਕ ਲੁੱਟ ਚੁੱਕੀ ਸੀ । ਛੰਤ ਡਿਗਣ ਦੀ ਘਟਨਾ ਵਿਚ ਬੈਡ 'ਤੇ ਸੁੱਤੇ ਮਾਲਕ ਅੰਮ੍ਰਿਤਪਾਲ ਅਤੇ ਦੋਵੇਂ ਬੱਚੀਆਂ ਗੰਭੀਰ ਜ਼ਖ਼ਮੀ ਹੋ ਗਈਆਂ ਜਦਕਿ ਤਜਿੰਦਰਪਾਲ ਦੇ ਹਲਕੀਆਂ ਸੱਟਾਂ ਲੱਗੀਆਂ। ਚਾਰਾਂ ਨੂੰ ਗਲੀ ਵਾਸੀਆਂ ਨੇ ਕਢਿਆ ਤੇ ਸਰਕਾਰੀ ਹਸਪਤਾਲ ਲੈ ਗਏ।
ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਇਸ ਸਥਿਤੀ ਵਿਚ ਵੀ ਜ਼ਖ੍ਰਮੀਆਂ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਤਜਿੰਦਰਪਾਲ ਕੌਰ ਗਰਭਵਤੀ ਹੋਣ ਕਰਕੇ ਉਸਨੂੰ ਡਕਾਟਰਾਂ ਵੱਲੋਂ ਪਹਿਲਾਂ ਤੋਂ ਹੀ 5 ਜੁਲਾਈ ਦੀ ਤਰੀਕ ਡਿਲੀਵਰੀ ਲਈ ਦਿੱਤੀ ਗਈ ਸੀ । ਪਰ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਬੇਰੁਖੀ ਕਿ ਅਜਿਹੇ ਹਾਲਾਤ ਵਿਚ ਹੀ ਮਰੀਜ਼ ਤੋਂ ਪਾਸਾ ਵੱਟ ਲਿਆ ।
ਇਸ ਪਿਛੋਂ ਗਲੀ ਵਾਸੀਆਂ ਨੇ ਗਰਭਵਤੀ ਤਜਿੰਦਰਪਾਲ ਕੌਰ ਨੂੰ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਸੀ ਜਦਕਿ ਬਾਕੀ ਤਿੰਨਾਂ ਨੂੰ ਇਕ ਹੋਰ ਨਿੱਜੀ ਹਸਪਤਾਲ ਦੇ ਡਾਕਟਰ ਨੇ ਮ੍ਰਿਤਕ ਕਰਾਰ ਦੇ ਦਿੱਤਾ ਸੀ। ਐਸ.ਡੀ.ਐਮ ਮਲੋਟ ਨਰਿੰਦਰ ਸਿੰਘ ਧਾਲੀਵਾਲ ਸਮੇਤ ਪੁਲਿਸ ਦੇ ਉਚ ਅਧਿਕਾਰੀਆਂ ਨੇ ਮੌਕੇ 'ਤੇ ਸਥਿਤੀ ਦਾ ਜਾਇਜ਼ਾ ਲਿਆ ।