
ਸੁਹੇਲ ਸਿੰਘ ਬਰਾੜ ਤੇ ਪੰਕਜ ਬਾਂਸਲ ਦੀ ਜ਼ਮਾਨਤ ਅਰਜ਼ੀ ਰੱਦ, ਗੁਰਦੀਪ ਪੰਧੇਰ ਦੀ ਅਰਜ਼ੀ 'ਤੇ ਸੁਣਵਾਈ 7 ਨੂੰ
ਕੋਟਕਪੂਰਾ : ਵਧੀਕ ਮੈਜਿਸਟ੍ਰੇਟ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਸੁਹੇਲ ਸਿੰਘ ਬਰਾੜ ਅਤੇ ਪੰਕਜ ਬਾਂਸਲ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿਤੀ, ਜਦਕਿ 5 ਜੁਲਾਈ ਤਕ ਰਿਮਾਂਡ 'ਤੇ ਚਲ ਰਹੇ ਸਾਬਕਾ ਐਸਐਚਓ ਗੁਰਦੀਪ ਸਿੰਘ ਪੰਧੇਰ ਦੀ ਜ਼ਮਾਨਤ ਅਰਜ਼ੀ ਦੀ ਸੁਣਵਾਈ 7 ਜੁਲਾਈ ਤਕ ਮੁਲਤਵੀ ਕਰ ਦਿਤੀ। ਵਿਸ਼ੇਸ਼ ਜਾਂਚ ਟੀਮ ਨੇ ਬਹਿਬਲ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ 2 ਡੀਐਸਪੀ ਪੱਧਰ ਦੇ ਪੁਲਿਸ ਅਧਿਕਾਰੀਆਂ ਨੂੰ ਫ਼ਰੀਦਕੋਟ ਕੈਂਪ ਦਫ਼ਤਰ 'ਚ ਬੁਲਾ ਕੇ ਉਨ੍ਹਾਂ ਤੋਂ ਘਟਨਾ ਬਾਰੇ ਪੁੱਛ-ਪੜਤਾਲ ਕੀਤੀ।
SIT
ਭਾਵੇਂ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਵਲੋਂ ਡੀਐਸਪੀ ਹਰਪਾਲ ਸਿੰਘ ਅਤੇ ਡੀਐਸਪੀ ਸੰਦੀਪ ਸਿੰਘ ਤੋਂ ਗੋਲੀਕਾਂਡ ਬਾਰੇ ਲੰਮੀ ਪੁਛਗਿਛ ਕੀਤੀ ਗਈ ਪਰ ਉਨ੍ਹਾਂ ਪੁਛਗਿਛ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਆਖਿਆ ਕਿ ਇਸ ਬਾਰੇ ਅਜੇ ਕੁੱਝ ਵੀ ਨਹੀਂ ਆਖਿਆ ਜਾ ਸਕਦਾ। ਸੂਤਰਾਂ ਮੁਤਾਬਕ ਉਕਤ ਦੋਨੋਂ ਪੁਲਿਸ ਅਧਿਕਾਰੀ ਘਟਨਾ ਵਾਲੇ ਦਿਨ ਕੋਟਕਪੂਰਾ ਅਤੇ ਬਹਿਬਲ ਕਲਾਂ 'ਚ ਮੌਜੂਦ ਸਨ।
Kunwar Vijay Pratap
ਜ਼ਿਕਰਯੋਗ ਹੈ ਕਿ ਡਿਊਟੀ ਮੈਜਿਸਟ੍ਰੇਟ ਵਲੋਂ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਤਤਕਾਲੀ ਐਸਐਚਓ ਗੁਰਦੀਪ ਸਿੰਘ ਪੰਧੇਰ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਸਨ, ਬਠਿੰਡਾ ਜੇਲ 'ਚੋਂ ਗੁਰਦੀਪ ਸਿੰਘ ਪੰਧੇਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤਾਂ ਦੁਬਾਰਾ ਪੁਲਿਸ ਰਿਮਾਂਡ ਦੇ ਮੁੱਦੇ 'ਤੇ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸਬਾਜੀ ਤੋਂ ਬਾਅਦ ਅਦਾਲਤ ਨੇ ਗੁਰਦੀਪ ਪੰਧੇਰ ਨੂੰ 5 ਜੁਲਾਈ ਤਕ ਪੁਲਿਸ ਰਿਮਾਂਡ 'ਤੇ ਭੇਜਣ ਦਾ ਹੁਕਮ ਸੁਣਾਇਆ ਸੀ।
ਉਕਤ ਪੁਲਿਸ ਅਧਿਕਾਰੀ ਉਤੇ ਸਰਕਾਰੀ ਕਾਰਤੂਸਾਂ ਨੂੰ ਖੁਰਦ-ਬੁਰਦ ਕਰਨ ਅਤੇ ਫ਼ਰਜ਼ੀ ਰੀਕਾਰਡ ਤਿਆਰ ਕਰਨ ਦੇ ਦੋਸ਼ ਹਨ। ਗੁਰਦੀਪ ਪੰਧੇਰ ਨੇ ਪੁਲਿਸ ਰਿਮਾਂਡ ਦੇ ਉਕਤ ਫ਼ੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ ਦੇਣ ਬਾਰੇ ਆਖਿਆ।
Photo
ਦੋਸ਼ ਆਇਦ ਹੋਣ ਦੇ ਮੁੱਦੇ ਦੀ ਸੁਣਵਾਈ ਵੀ ਟਲੀ
ਵਿਸ਼ੇਸ਼ ਜਾਂਚ ਟੀਮ ਵਲੋਂ ਬਹਿਬਲ ਅਤੇ ਕੋਟਕਪੂਰਾ ਗੋਲੀਕਾਂਡ 'ਚ ਚਲਾਨ ਪੇਸ਼ ਹੋਣ ਤੋਂ ਬਾਅਦ ਸ਼ੈਸ਼ਨ ਜੱਜ ਦੀ ਅਦਾਲਤ 'ਚ ਦੋਸ਼ ਆਇਦ ਹੋਣ ਦੇ ਮੁੱਦੇ 'ਤੇ ਬਹਿਸ ਹੋਈ ਪਰ ਕੋਰੋਨਾ ਵਾਇਰਸ ਦੀ ਕਰੋਪੀ ਕਾਰਨ ਅਦਾਲਤਾਂ ਬੰਦ ਹੋਣ ਕਰ ਕੇ ਉਕਤ ਮਾਮਲੇ 'ਤੇ ਕੋਈ ਸੁਣਵਾਈ ਨਾ ਹੋ ਸਕੀ।
Photo
ਕਾਰਜਕਾਰੀ ਸੈਸ਼ਨ ਜੱਜ ਨੇ ਉਕਤ ਦੋਵੇਂ ਮਾਮਲਿਆਂ ਦੀ ਸੁਣਵਾਈ 7 ਅਗੱਸਤ ਤਕ ਮੁਲਤਵੀ ਕਰ ਦਿਤੀ ਹੈ। ਪਿਛਲੇ ਕਰੀਬ 9 ਮਹੀਨਿਆਂ ਤੋਂ ਇਸ ਕੇਸ 'ਚ ਕੋਈ ਸੁਣਵਾਈ ਨਹੀਂ ਹੋ ਸਕੀ, ਕਿਉਂਕਿ ਪਹਿਲਾਂ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਦੀ ਬਦਲੀ ਹੋ ਗਈ ਸੀ ਅਤੇ ਬਾਅਦ 'ਚ 22 ਮਾਰਚ ਨੂੰ ਕੋਰੋਨਾ ਵਾਇਰਸ ਕਾਰਨ 31 ਜੁਲਾਈ ਤਕ ਅਦਾਲਤਾਂ ਦਾ ਕੰਮ ਬੰਦ ਕਰ ਦਿਤਾ ਗਿਆ ਸੀ।