
ਮੰਤਰੀ ਰੰਧਾਵਾ, ਤ੍ਰਿਪਤ ਬਾਜਵਾ ਤੇ ਤਿੰਨ ਵਿਧਾਇਕਾਂ ਨੇ ਭਾਈ ਮੰਡ ਨੂੰ ਭੇਜਿਆ ਲਿਖਤੀ ਸਪੱਸ਼ਟੀਕਰਨ
ਚੰਡੀਗੜ੍ਹ, 4 ਅਗੱਸਤ (ਗੁਰਉਪਦੇਸ਼ ਭੁੱਲਰ): ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਗੋਲੀ ਕਾਂਡ ਦੇ ਇਨਸਾਫ਼ ਲਈ ਲੰਮਾ ਸਮਾਂ ਚਲੇ ਬਰਗਾੜੀ ਮੋਰਚੇ ਨੂੰ ਖ਼ਤਮ ਕਰਵਾਉਣ ਲਈ ਸਰਕਾਰ ਵਲੋਂ ਭੂਮਿਕਾ ਨਿਭਾਉਣ ਵਾਲੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਤਿੰਨ ਕਾਂਗਰਸੀ ਵਿਧਾਇਕਾਂ ਕੁਲਬੀਰ ਸਿੰਘ ਜ਼ੀਰਾ, ਕੁਸ਼ਲਦੀਪ ਸਿੰਘ ਢਿੱਲੋਂ ਅਤੇ ਹਰਮੰਦਰ ਸਿੰਘ ਗਿੱਲ ਨੇ ਸਰਬਤ ਖ਼ਾਲਸਾ ਇਕੱਠ ਵਿਚ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਅੱਜ ਅਪਣਾ ਲਿਖਤੀ ਸਪੱਸ਼ਟੀਕਰਨ ਭੇਜਿਆ ਹੈ।
ਜ਼ਿਕਰਯੋਗ ਹੈ ਕਿ ਮੋਰਚਾ ਖ਼ਤਮ ਕਰਵਾਉਣ ਸਮੇਂ ਇਨਸਾਫ਼ ਲਈ ਕੀਤੇ ਵਾਅਦੇ ਪੂਰੇ ਨਾ ਹੋਣ ਕਾਰਨ ਜਥੇਦਾਰ ਮੰਡ ਨੇ ਇਨ੍ਹਾਂ ਮੰਤਰੀਆਂ ਤੇ ਵਿਧਾਇਕਾਂ ਨੂੰ ਅਪਣਾ ਪੱਖ ਰੱਖਣ ਲਈ 2 ਅਗੱਸਤ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਦਿਆਂ ਪੇਸ਼ ਹੋਣ ਲਈ ਕਿਹਾ ਸੀ। ਪਰ ਇਹ 2 ਅਗੱਸਤ ਨੂੰ ਜਥੇਦਾਰ ਮੰਡ ਕੋਲ ਪੇਸ਼ ਨਹੀਂ ਹੋਏ ਤੇ ਉਸ ਤੋਂ ਬਾਅਦ ਭਾਈ ਮੰਡ ਨੇ ਮੁੜ ਹੁਕਮ ਦਿੰਦਿਆਂ ਕਾਰਵਾਈ ਦੀ ਗੱਲ ਆਖੀ ਸੀ। ਇਨ੍ਹਾਂ ਮੰਤਰੀਆਂ ਤੇ ਵਿਧਾਇਕਾਂ ਵਲੋਂ ਜਥੇਦਾਰ ਨੂੰ ਭੇਜੇ ਗਏ ਸਪੱਸ਼ਟੀਕਰਨ ਵਿਚ ਕਿਹਾ ਗਿਆ ਕਿ ਆਪ ਜੀ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਅਤੇ ਹੋਰ ਤਖ਼ਤਾਂ ਨਾਲ ਸਬੰਧਤ ਚੁਣੀਆਂ ਹੋਈਆਂ ਕਮੇਟੀਆਂ ਨੇ ਜਥੇਦਾਰ ਵਜੋਂ ਮਾਨਤਾ ਨਹੀਂ ਦਿਤੀ। ਇਸ ਤਰ੍ਹਾਂ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਕਮੇਟੀ ਨਾਲ ਅਕਾਲ ਤਖ਼ਤ ’ਤੇ ਆਉਣ ਨਾਲ ਕੋਈ ਝਗੜਾ ਹੋਣ ਜਾਂ ਵਿਵਾਦ ਪੈਦਾ ਹੋਣ ਦਾ ਡਰ ਹੈ। ਇਸ ਤਰ੍ਹਾਂ ਉਨ੍ਹਾਂ ਅਕਾਲ ਤਖ਼ਤ ਸਾਹਿਬ ’ਤੇ ਆ ਕੇ ਭਾਈ ਮੰਡ ਸਾਹਮਣੇ ਪੇਸ਼ ਹੋਣ ਤੋਂ ਅਪਣੀ ਅਸਮਰਥਾ ਪ੍ਰਗਟ ਕਰਦਿਆਂ ਬੇਨਤੀ ਕੀਤੀ ਕਿ ਇਸ ਤੋਂ ਬਚਣਾ ਚਾਹੀਦਾ ਹੈ।
ਇਨ੍ਹਾਂ ਮੰਤਰੀਆਂ ਤੇ ਵਿਧਾਇਕਾਂ ਨੇ ਭਾਈ ਮੰਡ ਨੂੰ ਪੇਸ਼ਕਸ਼ ਕੀਤੀ ਕਿ ਆਪ ਦੇ ਉਸ ਸਮੇਂ ਬਰਗਾੜੀ ਮੋਰਚੇ ਦੇ ਡਿਕਟੇਟਰ ਹੋਣ ਦੀ ਹੈਸੀਅਤ ਕਾਰਨ ਪੰਥ ਦੇ ਵਡੇਰੇ ਹਿਤਾਂ ਲਈ ਅਸੀ ਆਪ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਥਾਂ ਚੰਡੀਗੜ੍ਹ ਜਾਂ ਕਿਸੇ ਹੋਰ ਥਾਂ ਗੱਲਬਾਤ ਕਰਨ ਲਈ ਤਿਆਰ ਹਾਂ। ਭਾਈ ਮੰਡ ਨੂੰ ਭੇਜੇ ਗਏ ਲਿਖਤੀ ਸਪੱਸ਼ਟੀਕਰਨ ਪੱਤਰ ਵਿਚ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਹੇ ਕਿ ਅਸੀ ਤਾਂ ਮਾਮਲੇ ਦੇ ਹੱਲ ਲਈ ਆਪ ਤੇ ਸੂਬੇ ਦੇ ਮੁੱਖ ਮੰਤਰੀ ਵਿਚਕਾਰ ਇਕ ਕੜੀ ਵਜੋਂ ਕੰਮ ਕਰ ਰਹੇ ਸੀ। ਅਸੀ ਜੋ ਵੀ ਭਰੋਸਾ ਆਪ ਜੀ ਨੂੰ ਦਿਤਾ ਸੀ, ਉਹ ਮੁੱਖ ਮੰਤਰੀ ਸਾਹਿਬ ਵਲੋਂ ਹੀ ਸੀ। ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਜਾਂਚ ਕਰ ਕੇ ਸਜ਼ਾ ਦਿਵਾਉਣਾ ਪੁਲਿਸ ਦਾ ਕੰਮ ਹੈ ਅਤੇ ਉਹ ਵੀ ਮੁੱਖ ਮੰਤਰੀ ਦੇ ਅਧੀਨ ਹੈ। ਇਸ ਕਰ ਕੇ ਉਸ ਸਮੇਂ ਦਿਤੇ ਭਰੋਸਿਆਂ ਬਾਰੇ ਸਹੀ ਜਾਣਕਾਰੀ ਮੁੱਖ ਮੰਤਰੀ ਸਾਹਿਬ ਹੀ ਦੇ ਸਕਦੇ ਹਨ। ਪੱਤਰ ਵਿਚ ਮੋਰਚੇ ਨਾਲ ਜੁੜੇ ਭਾਈ ਬਲਜੀਤ ਸਿੰਘ ਦਾਦੂਵਾਲ ਦਾ ਹਵਾਲਾ ਵੀ ਦਿਤਾ ਗਿਆ। ਸਪੱਸ਼ਟੀਕਰਨ ਵਿਚ ਕਿਹਾ ਗਿਆ ਕਿ ਭਾਈ ਦਾਦੂਵਾਲ ਨੇ ਕਿਹਾ ਸੀ ਕਿ ਭਾਈ ਮੰਡ ਦੀ ਮੁੱਖ ਮੰਤਰੀ ਸਾਹਿਬ ਨਾਲ ਮੋਰਚਾ ਖ਼ਤਮ ਕਰਨ ਬਾਰੇ ਗੱਲ ਹੋ ਚੁੱਕੀ ਹੈ ਤੇ ਉਨ੍ਹਾਂ ਨੂੰ ਮੁੱਖ ਮੰਤਰੀ ’ਤੇ ਪੂਰਾ ਯਕੀਨ ਹੈ।