
Rozana Spokesman Newspaper: ਪਹਿਲਾਂ ਕੀਤੇ ਐਲਾਨ ਅਨੁਸਾਰ, ਪਹਿਲੀ ਦਸੰਬਰ, 2005 ਨੂੰ ‘ਰੋਜ਼ਾਨਾ ਸਪੋਕਸਮੈਨ’ ਬਾਜ਼ਾਰ ਵਿਚ ਆ ਗਿਆ
Rozana Spokesman Newspaper: ਪਹਿਲਾਂ ਕੀਤੇ ਐਲਾਨ ਅਨੁਸਾਰ, ਪਹਿਲੀ ਦਸੰਬਰ, 2005 ਨੂੰ ‘ਰੋਜ਼ਾਨਾ ਸਪੋਕਸਮੈਨ’ ਬਾਜ਼ਾਰ ਵਿਚ ਆ ਗਿਆ। ਵਿਰੋਧੀਆਂ ਨੂੰ ਭਾਜੜਾਂ ਪੈ ਗਈਆਂ। ਉਸੇ ਸ਼ਾਮ ਅਕਾਲ ਤਖ਼ਤ ਦਾ ਨਾਂ ਵਰਤ ਕੇ ਸ਼੍ਰੋਮਣੀ ਕਮੇਟੀ ਨੇ ‘ਹੁਕਮਨਾਮਾ’ ਜਾਰੀ ਕਰ ਦਿਤਾ ਕਿ ਕੋਈ ਸਿੱਖ ਇਸ ਅਖ਼ਬਾਰ ਨੂੰ ਨਾ ਪੜ੍ਹੇ, ਇਸ ਵਿਚ ਨੌਕਰੀ ਨਾ ਕਰੇ, ਇਸ ਵਿਚ ਇਸ਼ਤਿਹਾਰ ਨਾ ਦੇਵੇ ਤੇ ਨਾ ਕੋਈ ਹੋਰ ਸਹਿਯੋਗ ਹੀ ਦੇਵੇ। ਤੇਜਾ ਸਿੰਘ ਸਮੁੰਦਰੀ ਹਾਲ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿਤੀਆਂ ਗਈਆਂ।
ਇਹ ਵੀ ਐਲਾਨ ਕੀਤੇ ਗਏ ਕਿ ਛੇ ਮਹੀਨੇ ਵਿਚ ਅਖ਼ਬਾਰ ਬੰਦ ਕਰਵਾ ਦਿਆਂਗੇ। ਬਾਦਲ ਸਰਕਾਰ ਨੇ ਰੋਜ਼ਾਨਾ ਸਪੋਕਸਮੈਨ ਨੂੰ 100 ਫ਼ੀ ਸਦੀ ਸਰਕਾਰੀ ਇਸ਼ਤਿਹਾਰ ਬੰਦ ਕਰ ਦਿਤੇ ਤਾਕਿ ਇਸ਼ਤਿਹਾਰਾਂ ਬਿਨਾਂ ਪਰਚਾ ਦਮ ਤੋੜ ਜਾਵੇ ਜਾਂ ਮੁੱਖ ਸੰਪਾਦਕ ਆਪ ਆ ਕੇ ਪੈਰਾਂ ’ਤੇ ਡਿੱਗ ਪਵੇ ਤੇ ਮਾਫ਼ੀ ਮੰਗ ਲਵੇ। ਸ. ਜੋਗਿੰਦਰ ਸਿੰਘ ਨੇ ਐਲਾਨ ਕੀਤਾ, ‘‘ਅਖ਼ਬਾਰ ਬੰਦ ਕਰਵਾਉਣਾ ਮਨਜ਼ੂਰ ਪਰ ਨਾ ਹਾਕਮ ਦੀ ਈਨ ਮੰਨਾਂਗਾ, ਨਾ ਪੱਤਰਕਾਰਤਾ ਨੂੰ ਪੁਜਾਰੀਵਾਦ ਅੱਗੇ ਜਵਾਬਦੇਹ ਬਣਾਵਾਂਗਾ।’’
ਸਰਕਾਰੀ ਇਸ਼ਤਿਹਾਰਾਂ ਉਤੇ ਮੁਕੰਮਲ ਪਾਬੰਦੀ ਲੱਗ ਜਾਣ ਮਗਰੋਂ ਦਮਗਜੇ ਮਾਰਨੇ ਤੇਜ਼ ਹੁੰਦੇ ਗਏ ਕਿ ਹੁਣ ਅਖ਼ਬਾਰ ਬੰਦ ਹੋਇਆ ਕਿ ਹੋਇਆ। ਪੂਰੇ 10 ਸਾਲ ਵਿਚ 150 ਕਰੋੜ ਦੇ ਇਸ਼ਤਿਹਾਰ ਰੋਕੇ ਗਏ। ਅਖ਼ਬਾਰ ਦੀ ਆਰਥਕ ਹਾਲਤ ਉਤੇ ਮਾੜਾ ਅਸਰ ਜ਼ਰੂਰ ਪਿਆ ਪਰ ਹਰਮਨਪਿਆਰਤਾ ਦਿਨ ਬਦਿਨ ਵਧਦੀ ਗਈ।
ਇਸ ਤੋਂ ਬਾਅਦ ਸ. ਜੋਗਿੰਦਰ ਸਿੰਘ ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿ: ਗੁਰਬਚਨ ਸਿੰਘ ਦਾ ਫ਼ੋਨ ਵੀ ਆ ਗਿਆ ਕਿ ‘‘ਮੈਂ ਬਤੌਰ ਜਥੇਦਾਰ ਅਕਾਲ ਤਖ਼ਤ ਤੁਹਾਨੂੰ ਕਹਿ ਰਿਹਾ ਹਾਂ ਕਿ ਤੁਹਾਡੇ ਵਿਰੁਧ ਹੁਕਮਨਾਮਾ ਗ਼ਲਤ ਸੀ, ਤੁਸੀ ਕੋਈ ਭੁੱਲ ਨਹੀਂ ਸੀ ਕੀਤੀ, ਭੁੱਲ ਗਿ: ਜੋਗਿੰਦਰ ਸਿੰਘ ਵੇਦਾਂਤੀ ਦੀ ਸੀ ਜਿਸ ਨੇ ਕਾਲਾ ਅਫ਼ਗ਼ਾਨਾ ਦੀ ਤੁਹਾਡੇ ਵਲੋਂ ਕੀਤੀ ਹਮਾਇਤ ਤੋਂ ਚਿੜ ਕੇ ਗ਼ਲਤ ਹੁਕਮਨਾਮਾ ਜਾਰੀ ਕੀਤਾ ਸੀ... ਤੁਸੀ ਬਸ ਆ ਜਾਉ ਤਾਕਿ ਅਰਦਾਸ ਕਰ ਕੇ ਮਾਮਲਾ ਸਮਾਪਤ ਕਰ ਦਈਏ।’’ ਸ. ਜੋਗਿੰਦਰ ਸਿੰਘ ਦਾ ਜਵਾਬ ਸੀ, ‘‘ਤੁਹਾਡੇ ਅਨੁਸਾਰ ਜਿਸ ਨੇ ਭੁੱਲ ਕੀਤੀ ਸੀ, ਉਸ ਨੂੰ ਪਹਿਲਾਂ ਅਕਾਲ ਤਖ਼ਤ ’ਤੇ ਸੱਦੋ ਤੇ ਆਖੋ ਭੁੱਲ ਬਖ਼ਸ਼ਵਾਵੇ। ਉਸ ਤੋਂ ਬਾਅਦ ਹੋਰ ਕਿਸੇ ਦੇ ਆਉਣ ਦੀ ਲੋੜ ਹੀ ਨਹੀਂ ਰਹੇਗੀ।’’