
ਜੰਮੂ ਕਸ਼ਮੀਰ ਦੇ ਉਪ ਰਾਜਕਾਲ ਨੂੰ ਲਿਖਿਆ ਪੱਤਰ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਭਾਸ਼ਾ ਦਾ ਸੂਬੇ ਦੀ ਸਰਕਾਰੀ ਭਾਸ਼ਾ ਹੋਣ ਦਾ ਦਰਜਾ ਮੁੜ ਬਹਾਲ ਕਰਨ। ਉਪ ਰਾਜਪਾਲ ਨੂੰ ਲਿਖੇ ਇਕ ਪੱਤਰ ਵਿਚ ਉਹਨਾਂ ਦਾ ਧਿਆਨ ਪੰਜਾਬੀ ਭਾਸ਼ਾ ਨੂੰ ਜੰਮੂ ਕਸ਼ਮੀਰ ਦੀਆਂ ਸਰਕਾਰੀ ਭਾਸ਼ਾਵਾਂ ਵਿਚੋਂ ਬਾਹਰ ਕਰ ਕੇ ਵਿਤਕਰਾ ਕੀਤੇ ਜਾਣ ਦੀਆਂ ਰਿਪੋਰਟਾਂ ਵੱਲ ਦੁਆਉਂਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬੀ ਨਾ ਸਿਰਫ ਸੂਬੇ ਦੇ ਲੋਕਾਂ ਦੇ ਇਕ ਵੱਡੇ ਹਿੱਸੇ ਦੀ ਮਾਂ ਬੋਲੀ ਹੈ ਬਲਕਿ ਇਸਨੂੰ ਜੰਮੂ ਕਸ਼ਮੀਰ ਦੇ ਸੰਵਿਧਾਨ ਵਿਚ ਬਕਾਇਦਾ ਮਾਨਤਾ ਦਿੱਤੀ ਗਈ ਹੈ।
Sukhbir Singh Badal
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਕਰੋੜਾਂ ਪੰਜਾਬੀਆਂ ਦੀ ਮਾਂ ਬੋਲੀ ਲਈ ਨਿਆਂ ਵਾਸਤੇ ਹਮੇਸ਼ਾ ਅੱਗੇ ਹੋ ਕੇ ਲੜਿਆ ਹੈ ਤੇ ਉਹਨਾਂ ਐਲਾਨ ਕੀਤਾ ਕਿ ਪਾਰਟੀ ਭਵਿੱਖ ਵਿਚ ਵੀ ਅਜਿਹਾ ਕਰਨ ਤੋਂ ਗੁਰੇਜ਼ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਸਿੱਖ ਭਾਈਚਾਰੇ ਲਈ ਧਾਰਮਿਕ, ਸਭਿਆਚਾਰਕ ਤੇ ਭਾਵੁਕ ਮਹੱਤਵ ਹੈ। ਉਹਨਾਂ ਕਿਹਾ ਕਿ ਅਜਿਹੇ ਵਿਚ ਜੰਮੂ ਕਸ਼ਮੀਰ ਵਿਚ ਪੰਜਾਬੀ ਨੂੰ ਸਰਕਾਰੀ ਭਾਸ਼ਾਵਾਂ ਵਿਚੋਂ ਬਾਹਰ ਕਰਨਾ, ਘੱਟ ਗਿਣਤੀ ਵਿਰੋਧੀ ਕਦਮ ਵਜੋਂ ਵੇਖਿਆ ਜਾ ਰਿਹਾ ਹੈ ਤੇ ਇਹ ਨਿਸ਼ਚਿਤ ਤੌਰ 'ਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਦੇ ਸਿੱਖ ਵਿਰੋਧੀ ਕਦਮ ਵਜੋਂ ਵੇਖਿਆ ਜਾਵੇਗਾ।
Sukhbir Badal
ਉਹਨਾਂ ਚੌਕਸ ਕੀਤਾ ਕਿ ਅਜਿਹੇ ਫੈਸਲੇ ਉਹਨਾਂ ਪ੍ਰਾਪੇਡਗੰਡਾ ਕਰਨ ਵਾਲਿਆਂ ਲਈ ਖਤਰਨਾਕ ਬਾਰੂਦ ਸਾਬਤ ਹੋ ਸਕਦੇ ਹਨ ਜੋ ਹਮੇਸ਼ਾ ਦੇਸ਼, ਖਾਸ ਤੌਰ 'ਤੇ ਪੰਜਾਬ ਤੇ ਜੰਮੂ ਕਸ਼ਮੀਰ ਦੇ ਸੰਵੇਦਨਸ਼ੀਲ ਸਰਹੱਦੀ ਰਾਜਾਂ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੇ ਮੌਕੇ ਭਾਲਦੇ ਰਹਿੰਦੇ ਹਨ। ਅਕਾਲੀ ਦਲ ਦੇ ਆਗੂ ਨੇ ਇਸ ਕਦਮ ਨੂੰ ਭਾਰਤ ਦੇ ਸੰਵਿਧਾਨ ਵਿਚ ਦਰਜ ਹਰ ਸ਼ਬਦ ਜੋ ਅਨੇਕਤਾ ਵਿਚ ਏਕਤਾ ਦੀ ਭਾਵਨਾ ਦਰਸਾਉਂਦਾ ਹੈ, ਦੀ ਉਲੰਘਣਾ ਕਰਾਰ ਦਿੱਤਾ।
Sukhbir Badal
ਉਹਨਾਂ ਕਿਹਾ ਕਿ ਇਸ ਕਦਮ ਨਾਲ ਦੇਸ਼ ਵਿਚ ਸਹਿਕਾਰੀ ਸਭਿਆਚਾਰ ਤੇ ਸਿਆਸੀ ਸੰਘਵਾਦ ਦੇ ਵਿਚਾਰ ਨੂੰ ਵੱਡੀ ਸੱਟ ਵੱਜੇਗੀ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਿਆਂ ਦੀ ਦੂਰਅੰਦੇਸ਼ੀ ਸੋਚ ਨੇ ਬਹੁ ਧਰਮੀ, ਬਹੁਤ ਸਭਿਆਚਾਰਕ ਤੇ ਬਹੁਤ ਭਾਸ਼ਾਈ ਦੇਸ਼ ਦਾ ਸੁਫਨਾ ਵੇਖਿਆ ਸੀ। ਉਹਨਾਂ ਕਿਹਾ ਕਿ ਖੇਤਰੀ ਭਾਸ਼ਾਵਾਂ ਲਈ ਮਾਣ ਸਤਿਕਾਰ ਇਸ ਆਦਰਸ਼ ਦੀ ਸੰਭਾਲ ਤੇ ਇਸਨੂੰ ਉਤਸ਼ਾਹਿਤ ਕਰਨ ਵਾਸਤੇ ਇਕ ਅਹਿਮ ਕੜੀ ਹੈ।
Sukhbir Badal
ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਸੰਵਿਧਾਨ ਵਿਚ ਮਾਨਤਾ ਪ੍ਰਾਪਤ ਸਰਕਾਰੀ ਭਾਸ਼ਾਵਾਂ ਵਿਚ ਪ੍ਰਮੁੱਖ ਤੌਰ 'ਤੇ ਦਰਜ ਹੈ ਤੇ ਇਹ ਸਾਰੀ ਦੁਨੀਆਂ ਵਿਚ ਵਸਦੇ ਪੰਜਾਬੀਆਂ ਦੀ ਮਾਂ ਬੋਲੀ ਹੈ। ਉਹਨਾਂ ਜ਼ੋਰ ਦਿੱਤਾ ਕਿ ਪੰਜਾਬ ਅਤੇ ਇਸਦੇ ਗੁਆਂਢੀ ਰਾਜਾਂ ਜਿਵੇਂ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ ਤੇ ਜੰਮੂ ਕਸ਼ਮੀਰ ਵਿਚ ਇਸਨੂੰ ਵਿਸ਼ੇਸ਼ ਦਰਜਾ ਹਾਸਲ ਹੈ।