
ਚੰਡੀਗੜ੍ਹ ਧਰਨੇ ਨਾਲ 'ਆਪ' ਦੀ ਭਾਜਪਾ ਨਾਲ ਸਾਂਝ ਹੋਈ ਬੇਨਕਾਬ : ਨਾਗਰਾ
ਸੁਖਪਾਲ ਖਹਿਰਾ ਨੇ ਵੀ 'ਆਪ' 'ਤੇ ਲਾਇਆ ਭਾਜਪਾ ਦੇ ਹੱਥਾਂ ਵਿਚ ਖੇਡਣ ਦਾ ਦੋਸ਼
ਚੰਡੀਗੜ੍ਹ, 4 ਨਵੰਬਰ (ਗੁਰਉਪਦੇਸ਼ ਭੁੱਲਰ): ਕਾਂਗਰਸ ਵਿਧਾਇਕ ਤੇ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਕੁਲਜੀਤ ਨਾਗਰਾ ਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਨੇ ਅੱਜ ਪੰਜਾਬ ਸਰਕਾਰ ਤੇ ਕਾਂਗਰਸ ਵਲੋਂ ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਦਿੱਲੀ ਮਾਰਚ ਸਮੇਂ ਚੰਡੀਗੜ੍ਹ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁਧ 'ਆਪ' ਵਲੋਂ ਭਗਵੰਤ ਮਾਨ ਤੇ ਹਰਪਾਲ ਚੀਮਾ ਦੀ ਅਗਵਾਈ ਵਿਚ ਦਿਤੇ ਧਰਨੇ ਤੇ ਤਿੱਖੀ ਪ੍ਰਤੀਕਿਰਿਆ ਦਿਤੀ ਹੈ। ਨਾਗਰਾ ਨੇ ਕਿਹਾ ਕਿ ਇਸ ਨਾਲ 'ਆਪ' ਦਾ ਅਸਲੀ ਚੇਹਰਾ ਬੇਨਕਾਬ ਹੋ ਗਿਆ ਹੈ।
ਦਿੱਲੀ ਵਿਚ ਭਾਜਪਾ ਨਾਲ ਅੰਦਰਖਾਤੇ ਸਾਂਝ ਵੀ ਜਨਤਕ ਹੋ ਗਈ ਹੈ। ਜਦੋਂ ਪੂਰੀ ਸਰਕਾਰ ਦਿੱਲੀ ਦੇ ਹਾਕਮਾਂ ਵਿਰੁਧ ਸੜਕਾਂ 'ਤੇ ਹੋਵੇ ਤਾਂ ਆਮ ਆਦਮੀ ਪਾਰਟੀ ਵਲੋਂ ਚੰਡੀਗੜ੍ਹ ਵਿਚ ਕੈਪਟਨ ਅਮਰਿੰਦਰ ਸਿੰਘ ਵਿਰੁਧ ਧਰਨਾ ਲਾਉਣਾ ਅਤੀ ਸ਼ਰਮਨਾਕ ਹੈ। ਇਸ ਤੋਂ ਸੂਬੇ ਦੇ ਲੋਕ ਖ਼ੁਦ ਹੀ ਅੰਦਾਜ਼ਾ ਲਾ ਲੈਣਗੇ ਕਿ ਸਿਆਸਤ ਕੌਣ ਕਰ ਰਿਹਾ ਹੈ ਤੇ ਕਿਸਾਨਾਂ ਲimageਈ ਲੜਾਈ ਕਿਹੜੇ ਦਲ ਲੜ ਰਹੇ ਹਨ। ਸੁਖਪਾਲ ਖਹਿਰਾ ਨੇ ਵੀ 'ਆਪ' ਵਲੋਂ ਚੰਡੀਗੜ੍ਹ ਵਿਚ ਅੱਜ ਦਿਤੇ ਧਰਨੇ ਬਾਰੇ ਕਿਹਾ ਕਿ ਇਸ ਨਾਲ ਸਪਸ਼ਟ ਹੋ ਗਿਆ ਹੈ ਕਿ 'ਆਪ' ਭਾਜਪਾ ਦੇ ਹੱਥਾਂ ਵਿਚ ਖੇਡ ਰਹੀ ਹੈ। ਅੱਜ ਇਸ ਧਰਨੇ ਨਾਲ ਭਾਜਪਾ ਜ਼ਰੂਰ ਖ਼ੁਸ਼ ਹੋਈ ਹੋਵੇਗੀ ਕਿ ਉਸ ਦਾ ਕੰਮ 'ਆਪ' ਕਰ ਰਹੀ ਹੈ। ਖਹਿਰਾ ਨੇ ਕਿਹਾ ਕਿ 'ਆਪ' ਦੀ ਕੇਂਦਰੀ ਲੀਡਰਸ਼ਿਪ ਤਾਂ ਪੰਜਾਬ ਪੱਖੀ ਹੈ ਹੀ ਨਹੀਂ ਤੇ ਸੂਬੇ ਦੇ ਆਗੂ ਵੀ ਉਸ ਦੇ ਗੁਲਾਮ ਬਣ ਕੇ ਹੀ ਪੰਜਾਬ ਦੇ ਹਿਤਾਂ ਨੂੰ ਪਾਸੇ ਰੱਖ ਕੇ ਫੋਕੀ ਸ਼ੋਹਰਤ ਲਈ ਅਜਿਹੇ ਧਰਨੇ ਲਾ ਕੇ ਨੋਟੰਕੀ ਕਰ ਰਹੇ ਹਨ।