
ਫ਼ਿਲਮਸਾਜ਼ ਜਤਿੰਦਰ ਮੌਹਰ ਤੇ ਨਾਟਕਕਾਰ ਸੈਮੁਅਲ ਜੌਹਨ ਨੇ ਵੀ ਕੀਤੀ ਸ਼ਮੂਲੀਅਤ
ਚੰਡੀਗੜ੍ਹ: ਦਿੱਲੀ ਕਿਸਾਨ ਮੋਰਚੇ 'ਚ ਅੱਜ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਛੇ ਥਾਵਾਂ ਉੱਤੇ ਅਤੇ ਪੰਜਾਬ 'ਚ 14 ਜ਼ਿਲਿਆਂ ਦੇ 500 ਤੋਂ ਵਧੇਰੇ ਥਾਵਾਂ ਉੱਤੇ ਮੋਦੀ ਹਕੂਮਤ ਦੀਆਂ ਅਰਥੀਆਂ ਨੂੰ ਲਾਂਬੂ ਲਾਏ ਗਏ। ਦਿੱਲੀ ਦੇ ਟਿਕਰੀ ਬਾਰਡਰ 'ਤੇ ਚੱਲ ਰਹੇ ਮੋਰਚੇ 'ਚ ਪਹਿਲਾਂ ਦੀ ਤਰ੍ਹਾਂ ਛੇ ਥਾਵਾਂ 'ਤੇ ਸਟੇਜਾਂ ਲਾਕੇ ਕੀਤੇ ਪ੍ਰਦਰਸ਼ਨਾਂ ਦੌਰਾਨ ਬੁਲਾਰਿਆਂ ਨੇ ਸੰਘਰਸ਼ ਦੇ ਅੰਦਰ ਡਟੇ ਹੋਏ ਲੋਕਾਂ ਦੀਆਂ ਜ਼ੋਰਦਾਰ ਭਾਵਨਾਵਾਂ ਦੀ ਤਰਜਮਾਨੀ ਕਰਦੀਆਂ ਰੋਹ ਭਰਪੂਰ ਤਕਰੀਰਾਂ ਕੀਤੀਆਂ ਅਤੇ ਮੁਕੰਮਲ ਜਿੱਤ ਤੱਕ ਡਟੇ ਰਹਿਣ ਦੇ ਐਲਾਨ ਕੀਤੇ ।
photoਇਹਨਾਂ ਮੰਚਾਂ ਤੋਂ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਦੇ ਹੋਕੇ ਸੁਣਾਈ ਦਿੱਤੇ ਤੇ ਸਮਾਜ ਦੇ ਹਰ ਕਿਰਤੀ ਤਬਕੇ ਨੂੰ ਇਸ ਇੱਕਜੁਟ ਐਕਸ਼ਨ 'ਚ ਕੁੱਦਣ ਦਾ ਸੱਦਾ ਦਿੱਤਾ । ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਮੁਲਕ ਦੀਆਂ ਸਭਨਾਂ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਇੱਕਜੁਟਤਾ ਜ਼ਾਹਰ ਕਰਦਿਆਂ ਕਿ ਬੀਕੇਯੂ ਏਕਤਾ ਉਗਰਾਹਾਂ ਵੀ ਜ਼ੋਰਦਾਰ ਸ਼ਮੂਲੀਅਤ ਕਰੇਗੀ।
photoਉਹਨਾਂ ਆਖਿਆ ਕਿ ਐਫ਼ ਡੀ ਆਈ ਤੇ ਜੀ ਐਸ ਟੀ ਵਰਗੇ ਮਾਰੂ ਕਦਮਾਂ ਹੇਠ ਨਪੀੜੇ ਜਾ ਰਹੇ ਦੁਕਾਨਦਾਰਾਂ ਤੇ ਛੋਟੇ ਕਾਰੋਬਾਰੀਆਂ ਨੂੰ ਇਸ ਮੌਕੇ ਹਮਾਇਤ 'ਚ ਨਿੱਤਰਕੇ ਇਹਨਾਂ ਲੋਕ ਮਾਰੂ ਨੀਤੀਆਂ ਰੱਦ ਕਰਨ ਦੀ ਸਾਂਝੀ ਆਵਾਜ਼ ਉਠਾਉਣੀ ਚਾਹੀਦੀ ਹੈ। ਇਉਂ ਹੀ ਇਹ ਦਿਹਾੜਾ ਸਨਅਤੀ ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਸਮੇਤ ਹਰ ਤਬਕੇ ਦੇ ਲੋਕਾਂ ਦੀ ਸਾਂਝੀ ਆਵਾਜ਼ ਬਨਾਉਣਾ ਚਾਹੀਦਾ ਹੈ। ਅੱਜ ਦੇ ਇਕੱਠਾਂ ਨੂੰ ਨੌਜਵਾਨ ਫ਼ਿਲਮ ਸਾਜ ਜਤਿੰਦਰ ਮੌਹਰ, ਉੱਘੇ ਰੰਗਕਰਮੀ ਸੈਮੂਅਲ ਜੌਹਨ , ਚੰਡੀਗੜ੍ਹ ਤੋਂ ਵਿਦਿਆਰਥੀ ਵਿਜੇ ਧਨਖੜ ਅਧਿਆਪਕ ਆਗੂ ਹਰਿਆਣਾ ਨੇ ਵੀ ਸੰਬੋਧਨ ਕੀਤਾ।