
ਸੂਬੇ ਵਿਚ 9 ਸਾਲਾਂ ਦੌਰਾਨ 79.05 ਲੱਖ ਪਾਸਪੋਰਟ ਬਣੇ
Punjab News: ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ ਜਾਣ ਦਾ ਰੁਝਾਨ ਜੱਗ ਜ਼ਾਹਰ ਹੈ। ਇਸ ਦੌਰਾਨ ਪੰਜਾਬੀਆਂ ਵਿਚ ਪਾਸਪੋਰਟ ਬਣਾਉਣ ਦੀ ਵੀ ਹੋੜ ਲੱਗੀ ਰਹਿੰਦੀ ਹੈ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਸ ਰੁਝਾਨ ਨੂੰ ਕੁੱਝ ਸਮੇਂ ਲਈ ਠੱਲ੍ਹ ਜ਼ਰੂਰ ਪਈ ਸੀ ਪਰ ਇਹ ਰਫ਼ਤਾਰ ਮੁੜ ਤੇਜ਼ੀ ਫੜਨ ਲੱਗ ਪਈ ਹੈ। ਅੰਕੜਿਆਂ ਅਨੁਸਾਰ ਪਾਸਪੋਰਟ ਬਣਾਉਣ ਵਿਚ ਪੰਜਾਬ ਮੁੜ ਸਿਖਰ ਵੱਲ ਵਧਣ ਲੱਗਿਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਵਜੋਂ ਜਾਰੀ ਅੰਕੜਿਆਂ ਅਨੁਸਾਰ ਸਾਲ 2023 ਦੇ ਨਵੰਬਰ ਮਹੀਨੇ ਤਕ ਪੰਜਾਬ ਵਿਚ 9.79 ਲੱਖ ਪਾਸਪੋਰਟ ਬਣੇ ਹਨ ਅਤੇ ਇਸ ਅੰਕੜੇ ਨਾਲ ਪੰਜਾਬ ਪੂਰੇ ਦੇਸ਼ ’ਚੋਂ ਚੌਥੇ ਨੰਬਰ ’ਤੇ ਆ ਗਿਆ ਹੈ।
ਖੇਤਰੀ ਪਾਸਪੋਰਟ ਦਫ਼ਤਰਾਂ ਤੋਂ ਇਲਾਵਾ ਸੂਬੇ ਵਿਚ 14 ਪਾਸਪੋਰਟ ਸੇਵਾ ਕੇਂਦਰ ਵੀ ਕੰਮ ਕਰ ਰਹੇ ਹਨ। ਅੰਕੜਿਆਂ ਅਨੁਸਾਰ ਬੀਤੇ ਇਕ ਦਹਾਕੇ ਦੌਰਾਨ ਸਾਲ 2018 ਇਕਲੌਤਾ ਸਾਲ ਸੀ, ਜਦੋਂ ਇਕੋ ਸਾਲ ’ਚ ਪੰਜਾਬ ਵਿਚ ਰਿਕਾਰਡ 10.69 ਲੱਖ ਪਾਸਪੋਰਟ ਬਣੇ ਸਨ। ਸਾਲ 2020 ਵਿਚ ਇਹ ਅੰਕੜਾ ਘੱਟ ਕੇ 4.82 ਲੱਖ ਪਾਸਪੋਰਟਾਂ ਦਾ ਰਹਿ ਗਿਆ ਸੀ। ਪੰਜਾਬ ਵਿਚ ਸਾਲ 2021 ਵਿਚ 6.44 ਲੱਖ ਅਤੇ 2022 ਵਿਚ 9.35 ਲੱਖ ਪਾਸਪੋਰਟ ਬਣੇ। ਮੌਜੂਦਾ ਸਾਲ ਦੇ ਨਵੰਬਰ ਮਹੀਨੇ ਤਕ 9.79 ਲੱਖ ਪਾਸਪੋਰਟ ਬਣ ਚੁੱਕੇ ਹਨ। ਦਸੰਬਰ ਮਹੀਨੇ ਤਕ ਇਹ ਅੰਕੜਾ 10 ਲੱਖ ਤਕ ਵਧ ਸਕਦਾ ਹੈ।
ਇਸੇ ਤਰ੍ਹਾਂ ਗੁਆਂਢੀ ਸੂਬੇ ਹਰਿਆਣਾ ਵਿਚ ਨਵੰਬਰ ਮਹੀਨੇ ਤਕ 4.79 ਲੱਖ ਪਾਸਪੋਰਟ ਬਣੇ ਹਨ ਅਤੇ ਰਾਜਸਥਾਨ ’ਚ 3.84 ਲੱਖ, ਗੁਜਰਾਤ ਵਿਚ 8.19 ਲੱਖ ਅਤੇ ਹਿਮਾਚਲ ਪ੍ਰਦੇਸ਼ ਵਿਚ 57,153 ਪਾਸਪੋਰਟ ਬਣੇ। ਕੇਰਲਾ ਵਿਚ 11 ਮਹੀਨਿਆਂ ਦੌਰਾਨ 12.85 ਲੱਖ ਪਾਸਪੋਰਟ ਬਣੇ ਹਨ ਜਦਕਿ 12.57 ਲੱਖ ਪਾਸਪੋਰਟਾਂ ਨਾਲ ਮਹਾਰਾਸ਼ਟਰ ਦੂਜੇ ਨੰਬਰ ਅਤੇ ਉਤਰ ਪ੍ਰਦੇਸ਼ 11.49 ਲੱਖ ਪਾਸਪੋਰਟਾਂ ਨਾਲ ਤੀਜੇ ਨੰਬਰ ’ਤੇ ਹੈ।
ਜਾਰੀ ਅੰਕੜਿਆਂ ਅਨੁਸਾਰ ਪੰਜਾਬ ਵਿਚ 2014 ਤੋਂ ਨਵੰਬਰ 2023 ਤਕ ਕੁੱਲ 79.05 ਲੱਖ ਪਾਸਪੋਰਟ ਬਣ ਚੁੱਕੇ ਹਨ। ਪੰਜਾਬ ਵਿਚ ਇਸ ਵੇਲੇ ਅੰਦਾਜ਼ਨ 55 ਲੱਖ ਘਰ ਹਨ ਜਦਕਿ ਪਾਸਪੋਰਟਾਂ ਦੀ ਔਸਤ ਉਤੇ ਨਜ਼ਰ ਮਾਰੀਏ ਤਾਂ ਹਰੇਕ ਘਰ ਵਿਚ ਇਕ ਤੋਂ ਜ਼ਿਆਦਾ ਪਾਸਪੋਰਟ ਹਨ।
(For more news apart from 9.79 lakh passports made by Punjab people, stay tuned to Rozana Spokesman)