
ਡਿਪਟੀ ਸੀਐਮ ਰੰਧਾਵਾ ਨੇ ਕਿਹਾ ਕਿ ਪੰਜਾਬ ਹਿੰਦੁਸਤਾਨ ਦਾ ਦਿਲ ਹੈ, ਅੱਜ ਵੀ ਤਿਰੰਗੇ 'ਚ ਸਭ ਤੋਂ ਵੱਧ ਲਾਸ਼ਾਂ ਪੰਜਾਬੀਆਂ ਦੀਆਂ ਆ ਰਹੀਆਂ ਹਨ।
ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ ਹੋਣ ਮਗਰੋਂ ਪੈਦਾ ਹੋਏ ਵਿਵਾਦ ਵਿਚਾਲੇ ਪੰਜਾਬ ਦੇ ਉੱਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਪਣੇ ਬਿਆਨ ਨਾਲ ਕੀ ਸਾਬਤ ਕਰਨਾ ਚਾਹੁੰਦੇ ਹਨ, ਕੀ ਅਸੀਂ ਪੰਜਾਬੀ ਅੱਤਵਾਦੀ ਹਾਂ?
ਦਰਅਸਲ ਰੈਲੀ ਰੱਦ ਹੋਣ ਮਗਰੋਂ ਪੀਐਮ ਮੋਦੀ ਨੇ ਬਠਿੰਡਾ ਏਅਰਪੋਰਟ ’ਤੇ ਮੌਜੂਦ ਸੁਰੱਖਿਆ ਅਧਿਕਾਰੀਆਂ ਨੂੰ ਵਿਅੰਗਮਈ ਲਹਿਜ਼ੇ ਵਿਚ ਕਿਹਾ ਸੀ, “ਸੀਐਮ ਸਾਬ੍ਹ ਨੂੰ ਥੈਂਕਸ ਕਹਿਣਾ ਕਿ ਮੈਂ ਜ਼ਿੰਦਾ ਏਅਰਪੋਰਟ ਪਹੁੰਚ ਗਿਆ” ।
ਇਸ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਡਿਪਟੀ ਸੀਐਮ ਰੰਧਾਵਾ ਨੇ ਕਿਹਾ ਕਿ ਪੰਜਾਬ ਹਿੰਦੁਸਤਾਨ ਦਾ ਦਿਲ ਹੈ, ਅੱਜ ਵੀ ਤਿਰੰਗੇ 'ਚ ਸਭ ਤੋਂ ਵੱਧ ਲਾਸ਼ਾਂ ਪੰਜਾਬੀਆਂ ਦੀਆਂ ਆ ਰਹੀਆਂ ਹਨ। ਪੰਜਾਬ ਨੇ ਦੇਸ਼ ਦੀ ਸੁਰੱਖਿਆ ਨੂੰ ਕਦੀ ਖਤਰਾ ਵਿਚ ਨਹੀਂ ਪੈਣ ਦਿੱਤਾ, ਪੰਜਾਬੀਆਂ ਨੇ ਹਮੇਸ਼ਾਂ ਅਪਣੇ ਸੀਨੇ ਉੱਤੇ ਗੋਲੀਆਂ ਖਾਧੀਆਂ ਹਨ। ਪ੍ਰਧਾਨ ਮੰਤਰੀ ਆਪਣੇ ਬਿਆਨ ਨਾਲ ਕੀ ਸਾਬਤ ਕਰਨਾ ਚਾਹੁੰਦੇ ਹਨ, ਅਸੀਂ ਪੰਜਾਬੀ ਅੱਤਵਾਦੀ ਹਾਂ?