
10ਵੀਂ ਜਮਾਤ ਦੇ ਪੇਪਰ ਚੈੱਕ ਕਰਨ ਲਈ ਪ੍ਰਤੀ ਪੇਪਰ 8.25 ਰੁਪਏ ਅਤੇ 12ਵੀਂ ਦੇ ਪੇਪਰ ਚੈੱਕ ਕਰਨ ਲਈ ਮਿਲਣਗੇ 10 ਰੁਪਏ
Punjab News: ਮੁਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਨਵੇਂ ਸਾਲ ਮੌਕੇ ਸੂਬੇ ਦੇ ਹਜ਼ਾਰਾਂ ਅਧਿਆਪਕਾਂ ਨੂੰ ਵੱਡੀ ਖੁਸ਼ਖਬਰੀ ਦਿਤੀ ਹੈ। ਹੁਣ ਉਨ੍ਹਾਂ ਨੂੰ 10ਵੀਂ ਅਤੇ 12ਵੀਂ ਜਮਾਤ ਦੇ ਪੇਪਰਾਂ ਦੀ ਜਾਂਚ ਲਈ 33 ਫ਼ੀ ਸਦੀ ਜ਼ਿਆਦਾ ਅਦਾਇਗੀ ਮਿਲੇਗੀ। ਇਸ ਦੇ ਨਾਲ ਹੀ, ਇਸ ਸਾਲ ਤੋਂ ਬੋਰਡ ਕਲਾਸਾਂ ਦੇ ਵਿਦਿਆਰਥੀਆਂ ਨੂੰ ਪੀਐਸਈਬੀ ਮੁੜ ਮੁਲਾਂਕਣ ਦੀ ਸਹੂਲਤ ਪ੍ਰਦਾਨ ਨਹੀਂ ਕਰੇਗਾ। ਬੋਰਡ ਵਲੋਂ ਇਹ ਫੈਸਲਾ ਲਿਆ ਗਿਆ ਹੈ। ਬੋਰਡ ਦੀ ਚੇਅਰਪਰਸਨ ਡਾ. ਸਤਬੀਰ ਕੌਰ ਨੇ ਦਸਿਆ ਕਿ ਪਹਿਲਾਂ ਅਧਿਆਪਕਾਂ ਨੂੰ 10ਵੀਂ ਜਮਾਤ ਦੇ ਪੇਪਰ ਚੈੱਕ ਕਰਨ ਲਈ 6.25 ਰੁਪਏ ਪ੍ਰਤੀ ਪੇਪਰ ਮਿਲਦੇ ਸੀ, ਹੁਣ ਉਨ੍ਹਾਂ ਨੂੰ 8.25 ਰੁਪਏ ਦਿਤੇ ਜਾਣਗੇ | ਇਸੇ ਤਰ੍ਹਾਂ 12ਵੀਂ ਜਮਾਤ ਦੇ ਪੇਪਰ ਚੈੱਕ ਕਰਨ 'ਤੇ ਹੁਣ ਉਨ੍ਹਾਂ ਨੂੰ ਸਿੱਧੇ 10 ਰੁਪਏ ਮਿਲਣਗੇ ਜਦਕਿ ਪਹਿਲਾਂ 7.50 ਰੁਪਏ ਮਿਲਦੇ ਸਨ।
ਮੁੜ ਜਾਂਚ ਦੀ ਸਹੂਲਤ ਰਹੇਗੀ ਜਾਰੀ
ਬੋਰਡ ਅਨੁਸਾਰ ਪ੍ਰੀਖਿਆ ਵਿਚ ਬੈਠਣ ਵਾਲੇ ਵਿਦਿਆਰਥੀਆਂ ਨੂੰ ਬੋਰਡ ਵਲੋਂ ਮੁੜ ਮੁਲਾਂਕਣ ਦੀ ਸਹੂਲਤ ਦਿਤੀ ਗਈ ਸੀ। ਇਸ ਵਿਧੀ ਕਾਰਨ ਨਤੀਜਾ ਐਲਾਨਣ ਵਿਚ ਦੇਰੀ ਹੋਣ ਕਾਰਨ ਉਮੀਦਵਾਰਾਂ ਨੂੰ ਮੁਸ਼ਕਲਾਂ ਆਈਆਂ। ਇਸ ਦੇ ਨਾਲ ਹੀ ਕੁੱਝ ਹੋਰ ਤਕਨੀਕੀ ਕਾਰਨਾਂ ਕਰਕੇ ਬੋਰਡ ਨੇ ਮਾਰਚ 2024 ਤੋਂ ਇਸ ਫੈਸਲੇ ਨੂੰ ਟਾਲਣ ਦਾ ਫੈਸਲਾ ਕੀਤਾ ਹੈ। ਉੱਤਰ ਕਾਪੀ ਦੀ ਮੁੜ ਜਾਂਚ ਦੀ ਸਹੂਲਤ ਪਹਿਲਾਂ ਵਾਂਗ ਹੀ ਜਾਰੀ ਰਹੇਗੀ।
ਬੋਰਡ ਵਲੋਂ ਚਲਾਏ ਜਾ ਰਹੇ 11 ਮਾਡਲ ਸੀਨੀਅਰ ਸੈਕੰਡਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਦਾ ਵੀ ਫੈਸਲਾ ਲਿਆ ਗਿਆ ਹੈ। ਇਹ ਵੀ ਫੈਸਲਾ ਕੀਤਾ ਗਿਆ ਕਿ ਇਨ੍ਹਾਂ ਵਿਚ ਤਾਇਨਾਤ ਅਧਿਆਪਕਾਂ ਨੂੰ ਸਿਖਲਾਈ ਦਿਤੀ ਜਾਵੇਗੀ। ਸਕੂਲਾਂ ਦੇ ਕੰਮਕਾਜ ਵਿਚ ਇਕਸਾਰਤਾ ਲਿਆਉਣ ਲਈ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੀ ਵਰਦੀ, ਸਵੇਰ ਦੀ ਸਭਾ ਵਿਚ ਹੋਣ ਵਾਲੀ ਪ੍ਰਾਰਥਨਾ, ਸਕੂਲੀ ਗੀਤ ਅਤੇ ਲੋਗੋ ਵੀ ਪਹਿਲਾਂ ਵਾਂਗ ਹੀ ਰਹਿਣਗੇ।
ਇਨ੍ਹਾਂ ਸਕੂਲਾਂ ਦੇ ਸਮੂਹ ਵਰਗਾਂ ਦੇ ਸਮਾਂ ਸਾਰਣੀ ਵਿਚ ਇਕਸਾਰਤਾ ਹੋਵੇਗੀ। ਤਾਂ ਜੋ ਜੇਕਰ ਕਿਸੇ ਥਾਂ 'ਤੇ ਅਧਿਆਪਕਾਂ ਦੀ ਘਾਟ ਹੈ ਤਾਂ ਦੂਜੇ ਸਕੂਲਾਂ 'ਚ ਮੌਜੂਦ ਅਧਿਆਪਕ ਪੜ੍ਹਾ ਸਕਣ। ਸਮੂਹ ਆਦਰਸ਼ ਸਕੂਲਾਂ ਲਈ ਵੱਖਰੀ ਵੈੱਬਸਾਈਟ ਬਣਾਈ ਜਾਵੇਗੀ, ਜਿਸ ਨੂੰ ਸਕੂਲ ਦੀ ਵੈੱਬਸਾਈਟ ਨਾਲ ਜੋੜਿਆ ਜਾਵੇਗਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।