
ਸਰਕਾਰ ਕਿਸਾਨ ਭਲਾਈ ਫ਼ੰਡ ਵਿਚੋਂ ਮ੍ਰਿਤਕ ਕਿਸਾਨਾਂ ਦੀ ਵਿੱਤੀ ਮਦਦ ਨਹੀਂ ਕਰੇਗੀ : ਤੋਮਰ
ਖੇਤੀਬਾੜੀ ਮੰਤਰੀ ਨੇ ਰਾਜ ਸਭਾ ਵਿਚ ਦਿਤੀ ਇਹ ਜਾਣਕਾਰੀ
ਨਵੀਂ ਦਿੱਲੀ, 5 ਫ਼ਰਵਰੀ : ਦਿੱਲੀ ਪੁਲਿਸ ਨੇ ਜਾਣਕਾਰੀ ਦਿਤੀ ਹੈ ਕਿ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਦੋ ਲੋਕਾਂ ਦੀ ਮੌਤ ਅਤੇ ਇਕ ਨੇ ਆਤਮ ਹਤਿਆ ਕਰ ਲਈ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ੁਕਰਵਾਰ ਨੂੰ ਰਾਜਸਭਾ ਵਿਚ ਇਹ ਜਾਣਕਾਰੀ ਦਿਤੀ। ਕੀ ਸਰਕਾਰ ਮ੍ਰਿਤਕ ਕਿਸਾਨਾਂ ਦੇ ਪਰਵਾਰਾਂ ਨੂੰ ਕਿਸਾਨ ਭਲਾਈ ਫ਼ੰਡ ਵਿਚੋਂ ਵਿੱਤੀ ਮਦਦ ਦਵੇਗੀ? ਇਸ ਸਵਾਲ ਦਾ ਜਵਾਬ ਤੋਮਰ ਨੇ ‘ਨਹੀਂ’ ਵਿਚ ਦਿਤਾ।
ਤੋਮਰ ਨੇ ਸਦਨ ’ਚ ਇਕ ਸਵਾਲ ਦੇ ਲਿਖਿਤ ਜਵਾਬ ’ਚ ਕਿਹਾ, ‘‘ਦੇਸ਼ ਦੇ ਵੱਖ ਵੱਖ ਰਾਜਾਂ ਵਿਚੋਂ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਮੌਤਾਂ ਬਾਰੇ ਕੋਈ ਖ਼ਾਸ ਜਾਣਕਾਰੀ ਉਪਲਬੱਧ ਨਹੀਂ ਹੈ। ਹਾਲਾਂਕਿ, ਦਿੱਲੀ ਪੁਲਿਸ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਦੋ ਵਿਅਕਤੀਆਂ ਦੀ ਮੌਤ ਅਤੇ ਇਕ ਦੇ ਆਤਮ ਹਤਿਆ ਕਰਨ ਦੀ ਜਾਣਕਾਰੀ ਦਿਤੀ ਹੈ।’’ ਕੀ ਸਰਕਾਰ ਕੋਲ ਨਵੰਬਰ 2020 ਤੋਂ ਜਨਵਰੀ 2021 ਤਕ ਤਿੰਨ ਖੇਤੀ ਕਾਨੂੰਨਾਂ ਵਿਰੁਧ ਵਿਰੋਧ ਪ੍ਰਦਰਸ਼ਨ ਦੌਰਾਨ ਕਿਸਾਨਾਂ ਦੀ ਮੌਤਾਂ ਦੇ ਮਾਮਲਿਆ ਦੀ ਕੁੱਲ ਗਿਣਤੀ ਅਤੇ ਕਿਸਾਨਾਂ ਦੀ ਆਤਮ ਹਤਿਆ ਦੇ ਮਾਮਲਿਆਂ ਦਾ ਕੋਈ ਅੰਕੜਾ ਹੈ, ਇਸ ’ਤੇ ਤੋਮਰ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਕੋਲ ‘ਕੋਈ ਰੀਕਾਰਡ ਨਹੀਂ ਹੈ।’’
ਉਨ੍ਹਾਂ ਦੁਹਰਾਇਆ, ‘‘ਗ੍ਰਹਿ ਮੰਤਰਾਲੇ ਨੇ ਰੀਪੋਰਟ ਦਿਤੀ ਹੈ ਕਿ ਸਵਾਲ ’ਚ ਚੁੱਕੇ ਗਏ ਮੁੱਦਿਆਂ ’ਤੇ ਦੇੇਣ ਲਈ ਕੋਈ ਖ਼ਾਸ ਜਾਣਕਾਰੀ ਨਹੀਂ ਹੈ। (ਪੀਟੀਆਈ)