
ਜਦੋਂ ਭੀੜ ਪੈਂਦੀ ਹੈ ਅਤੇ ਮੌਕਾ ਹੁੰਦੇ ਹੋਏ ਵੀ ਚੁੱਪ ਰਿਹਾ ਜਾਵੇ ਤਾਂ ਉਹ ਵੀ ਜ਼ੁਲਮ ਹੀ ਹੁੰਦਾ ਹੈ।
ਲੁਧਿਆਣਾ - ਅੱਜ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਹੋ ਗਿਆ ਹੈ। ਰਾਹੁਲ ਗਾਂਧੀ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ ਹੈ। ਇਸ ਵਰਚੁਅਲ ਰੈਲੀ ’ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵਿਰੋਧੀ ਪਾਰਟੀਆਂ ਨੂੰ ਰਗੜੇ ਲਗਾਏ। ਸੁਨੀਲ ਜਾਖੜ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਜਪਾ ਆਪਸ ’ਚ ਮਿਲੀਆਂ ਹੋਈਆਂ ਹਨ, ਇਕੋ ਥਾਲੀ ਦੀਆਂ ਚੱਟੀਆਂ ਹਨ। ਇਹ ਤਿੰਨੋਂ ਪਾਰਟੀਆਂ ਇਕ ਹਨ। ਜਾਖੜ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਦਾ ਮੁੱਖ ਉਦੇਸ਼ ਪੰਜਾਬ ਦੀ ਸੱਤਾ ਹਾਸਲ ਕਰਨਾ ਹੈ।
Sunil Kumar Jakhar
ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਇਕ ਵਾਰ ਫਿਰ ਤੋਂ ਹੋਰ ਲੁੱਟਣਾ ਚਾਹੁੰਦੀ ਹੈ, ਪਹਿਲਾਂ ਲੁੱਟ ਕੇ ਇਹਨਾਂ ਦਾ ਰੱਜ ਨਹੀਂ ਬਣਿਆ। ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ, ਭਾਜਪਾ, 'ਆਪ' ਸਮੇਤ ਸਾਰੇ ਰਾਜਸੀ ਦਲ ਪੰਜਾਬ ਦਾ ਭਲਾ ਕਰਨ ਦੀ ਬਜਾਏ ਆਪਣੇ ਹਿੱਤਾਂ ਦੀ ਰਾਖੀ ਕਰਨ ਅਤੇ ਸੱਤਾ ਪ੍ਰਾਪਤ ਕਰਨ ਦੇ ਯਤਨ ਕਰ ਰਹੇ ਹਨ। ਸ਼ਹੀਦ ਹੋਏ ਕਿਸਾਨਾਂ ਦੀ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ 700 ਕਿਸਾਨਾਂ ਦਾ ਬਲੀਦਾਨ ਦੇ ਕੇ ਵੀ ਜੇ ਪੰਜਾਬ ਦੇ ਲੋਕ ਇਹ ਨਹੀਂ ਸਮਝੇ ਕਿ ਅਕਾਲੀ, 'ਆਪ', ਭਾਜਪਾ ਇਕੋ ਥਾਲੀ ਦੇ ਚੱਟੇ-ਵੱਟੇ ਹਨ ਤਾਂ 700 ਕਿਸਾਨਾਂ ਦਾ ਬਲੀਦਾਨ ਵਿਅਰਥ ਗਿਆ ਹੈ।
ਜੇਕਰ ਕਿਸਾਨਾਂ ਦੇ ਸੰਯੁਕਤ ਸਮਾਜ ਮੋਰਚਾ ਕਰਕੇ 'ਆਪ' ਜਾਂ ਅਕਾਲੀ ਦਲ ਜਿੱਤ ਗਿਆ, ਤਾਂ ਇਹ ਸ਼ਹੀਦ ਹੋਏ 700 ਕਿਸਾਨਾਂ ਦੀ ਰੂਹ ਨੂੰ ਕੰਬਾ ਦੇਵੇਗਾ ਅਤੇ ਇਹ ਉਨ੍ਹਾਂ ਨਾਲ ਬੇਇਨਸਾਫ਼ੀ ਹੋਵੇਗੀ। ਜਦੋਂ ਭੀੜ ਪੈਂਦੀ ਹੈ ਅਤੇ ਮੌਕਾ ਹੁੰਦੇ ਹੋਏ ਵੀ ਚੁੱਪ ਰਿਹਾ ਜਾਵੇ ਤਾਂ ਉਹ ਵੀ ਜ਼ੁਲਮ ਹੀ ਹੁੰਦਾ ਹੈ। ਜੇਕਰ ਅੱਜ ਵੀ ਪੰਜਾਬ ਦੇ ਲੋਕ 'ਆਪ' ਜਾਂ ਭਾਜਪਾ ਨੂੰ ਵੋਟ ਦਿੰਦੇ ਨੇ ਤਾਂ ਕਿਰਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ 700 ਕਿਸਾਨਾਂ ਦੀ ਆਤਮਾ ਤੁਹਾਨੂੰ ਕਦੇ ਮਾਫ਼ ਨਹੀਂ ਕਰੇਗੀ।
Sunil Kumar Jakhar
ਸੁਨੀਲ ਜਾਖ਼ੜ ਨੇ ਕਿਹਾ ਕਿ ਨਕਾਬਾਂ ਨਾਲ ਜਿਹੜੇ ਚਿਹਰੇ ਢਕੇ ਹੋਏ ਸਨ, ਉਹ ਅੱਜ ਬੇਨਕਾਬ ਹੋ ਗਏ ਹਨ। ਭਾਜਪਾ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਬੇਨਕਾਬ ਹੋ ਗਏ ਹਨ। ਭਾਜਪਾ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਇਕੋ ਥਾਲ਼ੀ ਦੇ ਚੱਟੇ ਵੱਟੇ ਹਨ। ਭਾਜਪਾ ਨੇ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ। ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਨੇ ਬਜਟ ਦੇ ਅੰਦਰ ਕਿਸਾਨਾਂ ਦੀ ਸਬਸਿਡੀ ਘਟਾਉਣ ਦਾ ਕੰਮ ਕੀਤਾ ਹੈ। ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਕਿਸਾਨਾਂ ਦੇ ਨਾਲ ਹਮੇਸ਼ਾ ਖੜ੍ਹੇ ਰਹਿੰਦੇ ਹਨ। ਇਸ ਪੰਜਾਬ ਨੂੰ ਕਿਸਾਨਾਂ ਅਤੇ ਜਵਾਨਾਂ ਦੇ ਨਾਂ ਤੋਂ ਜਾਣਿਆ ਜਾਂਦਾ ਹੈ।
Sunil Kumar Jakhar
ਇਸ ਦੇ ਨਾਲ ਹੀ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ 'ਤੇ ਵਰਦਿਆਂ ਕਿਹਾ ਕਿ ਜਦੋਂ ਕਦੇ ਵੀ ਸਰਹੱਦ ਦੇ ਜਵਾਨ ਸ਼ਹੀਦ ਹੁੰਦੇ ਹਨ ਤਾਂ ਉਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬ ਦੇ ਪੁੱਤਰ ਹੁੰਦੇ ਹਨ। ਪ੍ਰਧਾਨ ਮੰਤਰੀ 7 ਸਾਲ ਤੋਂ 56 ਇੰਚ ਦੀ ਛਾਤੀ ਸਿਰਫ਼ ਭਾਰਤੀ ਦੇ ਲੋਕਾਂ ਨੂੰ ਦਿਖਾ ਰਹੇ ਹਨ, ਪਾਕਿਸਤਾਨ ਨੂੰ ਕਿਉਂ ਨਹੀਂ ਦਿਖਾਈ?