
ਬਾਬਾ ਇਕਬਾਲ ਸਿੰਘ ਵਲੋਂ ਵੱਖ-ਵੱਖ ਖੇਤਰਾਂ ਵਿਚ ਪਾਏ ਯੋਗਦਾਨ ਨੂੰ ਨਹੀਂ ਭੁਲਾਇਆ ਜਾ ਸਕਦਾ
ਸੁਨਾਮ ਊਧਮ ਸਿੰਘ ਵਾਲਾ, 6 ਫ਼ਰਵਰੀ (ਬਲਵਿੰਦਰ ਸਿੰਘ ਭੁੱਲਰ): ਪਦਮ ਸ਼੍ਰੀ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਜੋ ਕਿ ਪਿਛਲੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਛੱਡ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਨਮਿਤ ਬੜੂ ਸਾਹਿਬ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਅਤੇ ਅੰਤਮ ਅਰਦਾਸ ਦੌਰਾਨ ਸੀਨੀਅਰ ਯੂਥ ਅਕਾਲੀ ਆਗੂ ਮਗਨਦੀਪ ਸਿੰਘ ਮਾਨ ਵਲੋਂ ਵੀ ਬਾਬਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਦੌਰਾਨ ਨਵੇਂ ਬਣੇ ਮੁਖੀ ਡਾ. ਦਵਿੰਦਰ ਸਿੰਘ ਅਤੇ ਪ੍ਰਬੰਧਕਾਂ ਵਲੋਂ ਮਗਨਦੀਪ ਸਿੰਘ ਮਾਨ ਨੂੰ ਸਿਰੋਪਾਉ ਭੇਂਟ ਕੀਤਾ ਗਿਆ।
ਇਸ ਸਮੇਂ ਕਾਕਾ ਵੀਰ ਜੀ, ਐਸ.ਜੀ.ਪੀ.ਸੀ. ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਮੌਜੂਦ ਰਹੇ। ਇਸ ਮੌਕੇ ਮਗਨਦੀਪ ਸਿੰਘ ਮਾਨ ਨੇ ਆਖਿਆ ਕਿ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਲੋਂ ਵਿਦਿਅਕ, ਧਾਰਮਕ ਅਤੇ ਸਮਾਜਕ ਯੋਗਦਾਨ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ ਅਤੇ ਬਾਬਾ ਜੀ ਨੇ ਗੁਰਮਤਿ ਪ੍ਰਚਾਰ ਅਤੇ ਪ੍ਰਸਾਰ ਵਿਚ ਵੱਡਮੁੱਲਾ ਯੋਗਦਾਨ ਪਾਉਂਦਿਆਂ ਅਪਣਾ ਜੀਵਨ ਕੌਮ, ਸਮਾਜ ਦੇ ਲੇਖੇ ਲਾਇਆ ਅਤੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਜਿਨ੍ਹਾਂ ਦੇ ਜਾਣ ਨਾਲ ਦੇਸ਼, ਕੌਮ ਅਤੇ ਮਨੁੱਖਤਾ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਅਜਿਹੇ ਮਹਾਂਪੁਰਸ਼ਾਂ ਨੂੰ ਸੰਗਤਾਂ ਦੀ ਸੇਵਾ ਲਈ ਆਪ ਭੇਜਦਾ ਹੈ ਅਤੇ ਬਾਬਾ ਜੀ ਵਲੋਂ ਵੱਖ-ਵੱਖ ਖੇਤਰਾਂ ਵਿਚ ਕੀਤੀਆਂ ਪ੍ਰਾਪਤੀਆਂ ਰਹਿੰਦੀ ਦੁਨੀਆਂ ਤਕ ਯਾਦ ਰਹਿਣਗੀਆਂ।