
ਅੰਮ੍ਰਿਤਸਰ 'ਚ ਡਿਪੋਰਟ ਭਾਰਤੀਆਂ ਦਾ ਜਹਾਜ਼ ਉਤਾਰ ਕੇ ਸਰਕਾਰ ਵਲੋਂ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼
Punjab News in Punjabi: ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਪਰਤੇ 104 ਲੋਕਾਂ 'ਤੇ ਸਤਲੁਜ ਮਿਸ਼ਨ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਵੱਡਾ ਬਿਆਨ ਦਿੱਤਾ ਹੈ। ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਵੱਡਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਜਹਾਜ਼ ਅੰਮ੍ਰਿਤਸਰ (ਪੰਜਾਬ) ਵਿੱਚ ਹੀ ਕਿਉਂ ਉਤਾਰਿਆ ਗਿਆ। ਬਰਾੜ ਨੇ ਕਿਹਾ ਕਿ ਅੰਮ੍ਰਿਤਸਰ 'ਚ ਅਮਰੀਕੀ ਫ਼ੌਜ ਦਾ ਜਹਾਜ਼ ਉਤਾਰ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਕਿ ਭਾਰਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਭੇਜਣ ਦਾ ਕੰਮ ਪੰਜਾਬੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਆਪਣੇ ਫੇਲੀਅਰ ਨੂੰ ਲੁਕਾਉਣ ਵਾਸਤੇ ਪੰਜਾਬ ਦੀ ਧਰਤੀ ਨੂੰ ਚੁਣ ਰਹੀ ਹੈ। ਭਾਰਤ ਸਰਕਾਰ ਨੇ ਪੰਜਾਬ ਨਾਲ ਫਿਰ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੇਕਰ ਜਹਾਜ਼ ਦਿੱਲੀ ਉੱਤਰਦਾ ਤਾਂ ਨੈਸ਼ਨਲ ਮੀਡੀਏ ਤੇ ਕਵਰੇਜ ਹੋਣੀ ਸੀ, ਪਰ ਪੰਜਾਬ ਦੇ ਅੰਦਰ ਅਮਰੀਕੀ ਜਹਾਜ਼ ਨੂੰ ਲੈਂਡ ਕਰਨ ਦੀ ਭਾਰਤ ਸਰਕਾਰ ਨੇ ਆਗਿਆ ਦੇ ਕੇ ਸਾਬਤ ਕਰ ਦਿੱਤਾ ਕਿ ਗੈਰ ਕਾਨੂੰਨੀ ਕੰਮ ਸਿਰਫ਼ ਪੰਜਾਬੀ ਅਤੇ ਹਰਿਆਣਵੀ ਹੀ ਕਰਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਅਜਿਹੀ ਕਾਰਵਾਈ ਕਰਕੇ ਭਾਰਤ ਨੂੰ ਆਪਣੀ ਤਾਕਤ ਵਿਖਾਈ ਹੈ।
ਉਨ੍ਹਾਂ ਕਿਹਾ ਕਿ ਰੂਸ ਤੋਂ ਭਾਰਤ ਨੇ ਤੇਲ ਖ਼ਰੀਦਿਆ, ਜਿਸ ਤੋਂ ਅਮਰੀਕਾ ਨਾਖ਼ੁਸ਼ ਸੀ ਅਤੇ ਉਹ ਮੌਕੇ ਦੀ ਭਾਲ ਵਿਚ ਸੀ ਕਿ ਕਦੋਂ ਭਾਰਤ ਨੂੰ ਟਾਰਗੇਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਜਾਂ ਤਾਂ ਸਾਡੇ ਹਿਸਾਬ ਨਾਲ ਚੱਲੋ ਜਾਂ ਫਿਰ ਸਾਡੇ ਤੋਂ ਵੱਖ ਹੋ ਜਾਓ, ਅਸੀਂ ਵੇਖਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਉਪਜਾਊ ਹੈ, ਇੱਥੋਂ ਦੇ ਲੋਕ ਮਿਹਨਤੀ ਹਨ, ਪਰ ਜੇ ਧਰਤੀ ਚੰਗੀ, ਲੋਕ ਚੰਗੇ.. ਤਾਂ ਫਿਰ ਸਿਸਟਮ ਚ ਹੀ ਕਮੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਿਸਟਮ ਠੀਕ ਕਰ ਲਈਏ ਤਾਂ ਫਿਰ ਨੌਜਵਾਨ ਬਾਹਰ ਕਿਉਂ ਜਾਣ। ਆਖ਼ਰ ਤੇ ਉਨ੍ਹਾਂ ਕਿਹਾ ਕਿ ਠੱਗ ਏਜੰਟਾਂ ਖ਼ਿਲਾਫ਼ ਸਰਕਾਰ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਅਜੇਪਾਲ ਬਰਾੜ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਤੇ ਐਨਐਸਏ ਅਤੇ ਯੂਏਪੀਏ ਲਾਉਣ ਨੂੰ ਸਰਕਾਰ ਤਿਆਰ ਰਹਿੰਦੀ ਹੈ। ਪਰ ਹੁਣ ਵੇਲਾ ਆ ਗਿਆ ਹੈ ਪੰਜਾਬ ਸਮੇਤ ਦੇਸ਼ ਦੇ ਅਸਲ ਦੁਸ਼ਮਣਾਂ (ਏਜੰਟਾਂ) ਖ਼ਿਲਾਫ਼ ਕਾਰਵਾਈ ਕਰਨ ਦਾ, ਜਿਹੜੇ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਰਹੇ ਹਨ।