
ਦੇਸ਼ ਦੇ ਸਰਬਉੱਚ ਅਹੁਦੇ ਰਾਸ਼ਟਰਪਤੀ ਦੀ ਚੋਣ ਵਾਸਤੇ ਪੂਰੇ ਦੇਸ਼ ਵਿਚੋਂ 4120 ਚੁਣੇ ਹੋਏ ਵਿਧਾਇਕ ਅਤੇ 776 ਐਮ.ਪੀ. ਭਲਕੇ ਆਪੋ ਅਪਣੇ ਰਾਜਾਂ ਦੀਆਂ ਰਾਜਧਾਨੀਆਂ ਤੇ....
ਚੰਡੀਗੜ੍ਹ, 16 ਜੁਲਾਈ (ਜੀ.ਸੀ.ਭਾਰਦਵਾਜ) : ਦੇਸ਼ ਦੇ ਸਰਬਉੱਚ ਅਹੁਦੇ ਰਾਸ਼ਟਰਪਤੀ ਦੀ ਚੋਣ ਵਾਸਤੇ ਪੂਰੇ ਦੇਸ਼ ਵਿਚੋਂ 4120 ਚੁਣੇ ਹੋਏ ਵਿਧਾਇਕ ਅਤੇ 776 ਐਮ.ਪੀ. ਭਲਕੇ ਆਪੋ ਅਪਣੇ ਰਾਜਾਂ ਦੀਆਂ ਰਾਜਧਾਨੀਆਂ ਤੇ ਨਵੀਂ ਦਿੱਲੀ ਵਿਚ ਵੋਟਾਂ ਪਾਉਣਗੇ।
ਪੰਜਾਬ ਵਿਧਾਨ ਸਭਾ ਦੇ ਕੁਲ 117 ਵਿਧਾਇਕ ਇਥੇ ਵਿਧਾਨ ਸਭਾ ਵਿਚ ਵੋਟ ਪਾਉਣਗੇ ਜਦਕਿ 13 ਲੋਕ ਸਭਾ ਐਮ.ਪੀ ਅਤੇ 7 ਰਾਜ ਸਭਾ ਮੈਂਬਰ ਦਿੱਲੀ ਦੇ ਪਾਰਲੀਮੈਂਟ ਹਾਲ ਵਿਚ ਵੋਟਾਂ ਪਾਉਣਗੇ। 1971 ਦੀ ਆਬਾਦੀ ਦੇ ਆਧਾਰ 'ਤੇ ਪੰਜਾਬ ਦੇ ਇਕ ਵਿਧਾਇਕ ਦੀ ਵੋਟ ਦੀ ਕੀਮਤ 116 ਬਣਦੀ ਹੈ ਜਦਕਿ ਐਮ.ਪੀ. ਦੀ ਇਕ ਵੋਟ ਦੀ ਕੀਮਤ 708 ਮੰਨੀ ਗਈ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਵਿਧਾਇਕ ਪਰਕਾਸ਼ ਸਿੰਘ ਬਾਦਲ ਵੀ ਸਵੇਰੇ ਵੋਟ ਪਾਉਣ ਲਈ ਵਿਧਾਨ ਸਭਾ ਪਹੁੰਚਣਗੇ। ਕਾਂਗਰਸੀ ਵਿਧਾਇਕਾਂ ਦੀ ਸਵੇਰੇ 9 ਵਜੇ ਨਾਸ਼ਤੇ 'ਤੇ ਪੰਜਾਬ ਭਵਨ ਵਿਚ ਮੁਲਾਕਾਤ ਮੁੱਖ ਮੰਤਰੀ ਨਾਲ ਹੋਏਗੀ ਅਤੇ ਮੀਰਾ ਕੁਮਾਰ ਦੇ ਹੱਕ ਵਿਚ ਭੁਗਤਣ ਦਾ ਫ਼ੈਸਲਾ ਹੋਵੇਗਾ। ਅਕਾਲੀ ਦਲ ਤੇ ਬੀਜੇਪੀ ਸਮੇਤ ਲੁਧਿਆਣਾ ਤੋਂ ਬੈਂਸ ਭਰਾਵਾ ਨੇ ਪਹਿਲਾਂ ਹੀ ਕੋਵਿੰਦ ਦੇ ਹੱਕ ਵਿਚ ਵੋਟ ਪਾਉਣ ਦਾ ਐਲਾਨ ਕੀਤਾ ਹੈ।
ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਵਿਚ ਨੇਤਾ ਹਰਵਿੰਦਰ ਸਿੰਘ ਫੂਲਕਾ ਵਲੋਂ ਅਸਤੀਫ਼ਾ ਦੇਣ ਕਰ ਕੇ ਪੰਜਾਬ ਦੇ 'ਆਪ' ਵਿਧਾਇਕਾਂ ਵਿਚ ਅਜੇ ਭੰਬਲਭੂਸਾ ਬਣਿਆ ਹੋਇਆ ਹੈ। ਉਂਜ ਇਕੱਲੇ ਤੌਰ 'ਤੇ ਸ. ਫੂਲਕਾ ਨੇ ਕਾਂਗਰਸ ਦੀ ਉਮੀਦਵਾਰ ਨੂੰ ਅਪਣੀ ਵੋਟ ਨਾ ਪਾਉਣ ਦਾ ਐਲਾਨ ਕੀਤਾ ਹੈ ਪਰ 'ਆਪ' ਦੇ ਵਿਧਾਇਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਸਥਿਤੀ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ। ਇਨ੍ਹਾਂ ਚੋਣਾਂ ਵਿਚ ਪਾਰਟੀ ਵਿੱਪ ਵਲੋਂ ਹੁਕਮ ਜਾਰੀ ਕਰਨਾ ਵਰਜਿਤ ਹੈ।
ਪੰਜਾਬ ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਮਿਸ਼ਰਾ ਨੇ 'ਰੋਜ਼ਾਨਾ ਸਪੋਕਸਮੈਨ' ਨੂੰ ਦਸਿਆ ਕਿ ਪਿਛਲੇ ਦਿਨੀਂ ਯੂ.ਪੀ. ਵਿਧਾਨ ਸਭਾ ਵਿਚ ਬੰਬ ਤੇ ਵਿਸਫੋਟਕ ਸਮੱਗਰੀ ਮਿਲਣ ਕਰ ਕੇ ਇਥੇ ਸੁਰੱਖਿਆ ਪ੍ਰਬੰਧ ਕਰੜੇ ਕਰ ਦਿਤੇ ਗਏ ਹਨ ਅਤੇ ਅੰਦਰੂਨੀ ਤੌਰ 'ਤੇ ਵੀ ਪੂਰੀ ਚੈਕਿੰਗ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਵੋਟਾਂ ਲਈ ਬਕਸਾ, ਚੋਣ ਬੈਲੇਟ ਪੇਪਰ, ਸਿਆਹੀ ਵਾਲਾ ਵਿਸ਼ੇਸ਼ ਪੈਨ ਅਤੇ ਹੋਰ ਸਮੱਗਰੀ ਪਹੁੰਚ ਚੁੱਕੀ ਹੈ ਅਤੇ ਉਨ੍ਹਾਂ ਯਾਨੀ ਸਹਾਇਕ ਰਿਟਰਨਿੰਗ ਅਧਿਕਾਰੀ ਦੀ ਦੇਖ ਰੇਖ ਵਿਚ ਹਰ ਐਮ.ਐਲ.ਏ ਤੋਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਵੋਟਾਂ ਪੁਆਈਆਂ ਜਾਣਗੀਆਂ।
ਚੋਣ ਮੈਦਾਨ ਵਿਚ ਸੱਤਾਧਾਰੀ ਬੀਜੇਪੀ ਤੇ ਸਹਿਯੋਗੀ ਪਾਰਟੀਆਂ ਵਲੋਂ ਰਾਮਨਾਥ ਕੋਵਿੰਦ ਅਤੇ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਵਲੋਂ ਸਾਬਕਾ ਸਪੀਕਰ ਮੀਰਾ ਕੁਮਾਰ ਕੇਵਲ ਦੋ ਉਮੀਦਵਾਰ ਹਨ। ਇਕ ਵਿਧਾਇਕ ਤੇ ਐਮ.ਪੀ. ਨੂੰ ਅਪਣੇ ਬੈਲੇਟ ਪੇਪਰ 'ਤੇ ਨੰਬਰ 1 ਲਿਖ ਕੇ ਅਪਣੇ ਉਮੀਦਵਾਰ ਨੂੰ ਵੋਟ ਪਾਉਣੀ ਪਵੇਗੀ ਅਤੇ ਜੇ ਉਸ ਨੇ ਦੂਜੇ ਉਮੀਦਵਾਰ ਦੇ ਹੱਕ ਵਿਚ ਵੀ ਫ਼ਤਵਾ ਦੇਣਾ ਹੋਵੇ ਤਾਂ ਉਸ ਦੇ ਖ਼ਾਨੇ ਵਿਚ ਨੰਬਰ 2 ਲਿਖਣਾ ਪਵੇਗਾ। ਬੈਲੇਟ ਪੇਪਰ ਖ਼ਾਲੀ ਛੱਡਣ ਨਾਲ ਵੋਟ ਰੱਦ ਹੋ ਜਾਵੇਗੀ।