
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਿਆਸੀ ਬਦਲਾਖ਼ੋਰੀ ਦੀ ਨੀਤੀ ਨਾ ਅਪਣਾਉਣ ਦੀ ਪੁਸ਼ਟੀ ਕਰਦਿਆਂ ਐਲਾਨ ਕੀਤਾ ਹੈ ਕਿ....
ਬਠਿੰਡਾ, 16 ਜੁਲਾਈ (ਸੁਖਜਿੰਦਰ ਮਾਨ) : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਿਆਸੀ ਬਦਲਾਖ਼ੋਰੀ ਦੀ ਨੀਤੀ ਨਾ ਅਪਣਾਉਣ ਦੀ ਪੁਸ਼ਟੀ ਕਰਦਿਆਂ ਐਲਾਨ ਕੀਤਾ ਹੈ ਕਿ ਕਾਂਗਰਸ ਸਰਕਾਰ ਬਾਦਲਾਂ ਜਾਂ ਹੋਰ ਕਿਸੇ ਵਿਰੁਧ ਸਿਆਸੀ ਰੰਜਸ਼ ਤਹਿਤ ਕੋਈ ਕਾਰਵਾਈ ਨਹੀਂ ਕਰੇਗੀ ਸਗੋਂ ਪਿਛਲੀ ਸਰਕਾਰ ਦੌਰਾਨ ਹੋਈਆਂ ਗੜਬੜੀਆਂ ਦੀ ਜਾਂਚ ਤੋਂ ਬਾਅਦ ਦੋਸ਼ੀ ਪਾਏ ਕਿਸੇ ਵਿਅਕਤੀ ਵਿਸ਼ੇਸ਼ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਅੱਜ ਬਠਿੰਡਾ 'ਚ ਕਾਂਗਰਸੀ ਆਗੂਆਂ ਦੇ ਘਰ ਫੇਰੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਨੇ ਕਿਹਾ ਕਿ ਸਰਕਾਰਾਂ ਸੰੰਵਿਧਾਨ ਤੇ ਵਿਧਾਨ ਮੁਤਾਬਕ ਚੱਲਦੀਆਂ ਹਨ ਤੇ ਰਾਜਭਾਗ ਨਾਲ ਸ਼ਰੀਕੇ ਦੀਆਂ ਲੜਾਈਆਂ ਨਹੀਂ ਲੜੀਆਂ ਜਾਂਦੀਆਂ। ਉਨ੍ਹਾਂ ਕਿਹਾ ਕਿ ਅਕਾਲੀਆਂ ਦੀ ਧੱਕੇਸ਼ਾਹੀ ਤੇ ਵਿਰੋਧ ਦੀ ਰਾਜਨੀਤੀ ਨੇ ਇਹ ਸਬਕ ਸਿਖਾ ਦਿਤਾ ਹੈ ਕਿ ਝੂਠੇ ਪਰਚਿਆਂ ਜਾਂ ਸਿਆਸੀ ਬਦਲਾਖ਼ੋਰੀ ਦੀ ਨੀਤੀ ਲਾਗੂ ਕਰ ਕੇ ਸੱਤਾ 'ਤੇ ਕਾਬਜ਼ ਨਹੀਂ ਹੋਇਆ ਜਾ ਸਕਦਾ ਹੈ ਤੇ ਇਸੇ ਨੀਤੀ ਦਾ ਨਤੀਜਾ ਹੈ ਕਿ ਅਕਾਲੀ ਅੱਜ 15 ਸੀਟਾਂ ਤਕ ਸਿਮਟ ਕੇ ਰਹਿ ਗਏ ਹਨ।
ਮਨਪ੍ਰੀਤ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਸਰਕਾਰ ਦੁਆਰਾ ਵੱੱਖ ਵੱਖ ਵਿਭਾਗਾਂ 'ਚ ਹੋਈਆਂ ਵਿੱਤੀ ਗੜਬੜੀਆਂ ਦੀ ਜਾਂਚ ਲਈ ਸਾਰੇ ਵਿਭਾਗਾਂ ਦਾ ਆਡਿਟ ਕਰਵਾਇਆ ਜਾ ਰਿਹਾ ਹੈ। ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਪਿਛਲੀ ਸਰਕਾਰ ਦੌਰਾਨ ਇਕ ਹਜ਼ਾਰ ਕਰੋੜ ਤੋਂ ਵੱਧ ਕੀਮਤ ਦੀਆਂ ਸਰਕਾਰੀ ਜਾਇਦਾਦਾਂ ਨੂੰ ਵੇਚ ਕੇ ਲੰਬੀ ਤੇ ਜਲਾਲਾਬਾਦ ਹਲਕੇ 'ਚ ਗਲੀਆਂ-ਨਾਲੀਆਂ ਬਣਾ ਦਿਤੀਆਂ ਗਈਆਂ। ਅਕਾਲੀਆਂ ਨੇ ਕੇਂਦਰ ਤੋਂ ਆਉਣ ਵਾਲੀਆਂ ਗ੍ਰਾਂਟਾਂ ਦੀ ਵੀ ਦੁਰਵਰਤੋਂ ਕੀਤੀ। ਮਨਪ੍ਰੀਤ ਨੇ ਕਿਹਾ ਕਿ 428 ਵਾਅਦਿਆਂ ਵਿਚੋਂ 240 ਵਾਅਦੇ ਪੂਰੇ ਕਰ ਦਿਤੇ ਹਨ ਤੇ ਦੂਜਿਆਂ ਨੂੰ ਪੂਰਾ ਕਰਨ ਲਈ ਵਿੱਤੀ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਨਾਲ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਗੁਰਜੰਟ ਸਿੰਘ ਕੁੱਤੀਵਾਲ, ਪਵਨ ਮਾਨੀ, ਮੋਹਨ ਲਾਲ ਝੂੰਬਾ, ਜਗਰੂਪ ਸਿੰਘ ਗਿੱੱਲ, ਅਸ਼ੋਕ ਕੁਮਾਰ ਆਦਿ ਮੌਜੂਦ ਸਨ।
ਕਿਸਾਨਾਂ ਦੇ ਕਰਜ਼ੇ ਸਬੰਧੀ ਕਮੇਟੀ ਤੇ ਬੈਂਕਾਂ ਨਾਲ ਮੀਟਿੰਗ ਇਸੇ ਹਫ਼ਤੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਬੈਂਕਾਂ ਨਾਲ ਕਿਸਾਨਾਂ ਦੇ ਕਰਜ਼ਿਆਂ ਸਬੰਧੀ ਇਕਮੁਸ਼ਤ ਨਿਬੇੜਾ ਕਰੇਗੀ। ਮੀਟਿੰਗ ਇਸੇ ਹਫ਼ਤੇ ਹੋਵੇਗੀ। ਕਰਜ਼ਾ ਕਮੇਟੀ ਤੋਂ ਬਾਅਦ ਸੂਬਾ ਪਧਰੀ ਬੈਂਕ ਕਮੇਟੀ ਨਾਲ ਗੱਲ ਕੀਤੀ ਜਾਵੇਗੀ ਤੇ ਫਿਰ ਆਰਬੀਆਈ ਦੇ ਅਧਿਕਾਰੀਆਂ ਨਾਲ ਵੀ ਲੋੜ ਪੈਣ 'ਤੇ ਸੰਪਰਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਦੋ ਲੱਖ ਤਕ ਦੇ ਕਰਜ਼ੇ ਅਪਣੇ ਸਿਰ ਲੈਣ ਸਬੰਧੀ ਚਿੱਠੀਆਂ ਕਿਸਾਨਾਂ ਨੂੰ ਭੇਜ ਦਿਤੀਆਂ ਜਾਣਗੀਆਂ।