
ਬੀ. ਸ਼੍ਰੀਨਿਵਾਸਨ ਮੌਜੂਦਾ ਸਮੇ ਤੇਲੰਗਾਨਾ ਵਿਖੇ ਲੋਕ ਸਭਾ ਚੋਣਾਂ ਦੇ ਮੱਦੇਨਜਰ ਜਨਰਲ ਅਬਜ਼ਰਵਰ ਵਜੋਂ ਸੇਵਾ ਨਿਭਾ ਰਹੇ ਹਨ
ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਨੇ ਅੱਜ ਇਕ ਹੁਕਮ ਜਾਰੀ ਕਰਕੇ ਬੀ. ਸ਼੍ਰੀਨਿਵਾਸਨ, ਆਈ.ਏ.ਐਸ. ਨੂੰ ਬਠਿੰਡਾ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਹੁਕਮ ਅਨੁਸਾਰ ਬੀ. ਸ਼੍ਰੀਨਿਵਾਸਨ, ਆਈ.ਏ.ਐਸ. (ਪੰਜਾਬ-2011) ਨੂੰ ਬਠਿੰਡਾ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ। ਸ਼੍ਰੀ ਬੀ. ਸ਼੍ਰੀਨਿਵਾਸਨ ਮੌਜੂਦਾ ਸਮੇ ਤੇਲੰਗਾਨਾ ਵਿਖੇ ਲੋਕ ਸਭਾ ਚੋਣਾਂ ਦੇ ਮੱਦੇਨਜਰ ਜਨਰਲ ਅਬਜ਼ਰਵਰ ਵਜੋਂ ਸੇਵਾ ਨਿਭਾ ਰਹੇ ਹਨ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਸ਼੍ਰੀ ਕੁਮਾਰ ਰਾਹੁਲ, ਆਈ.ਏ.ਐਸ. ਨੂੰ ਤੁਰਤ ਤੇਲੰਗਾਨਾ ਵਿਖੇ ਲੋਕ ਸਭਾ ਚੋਣਾਂ ਦੇ ਮੱਦੇਨਜਰ ਜਨਰਲ ਅਬਜ਼ਰਵਰ ਵਜੋਂ ਜ਼ਿਮੇਵਾਰੀ ਸੰਭਾਲ ਲੈਣ ਅਤੇ ਸ੍ਰੀ ਬੀ. ਸ੍ਰੀਨਿਵਾਸਨ ਨੂੰ ਰਿਲੀਵ ਕਰਨ ਲਈ ਕਿਹਾ ਗਿਆ ਹੈ। ਦੋਵਾਂ ਅਧਿਕਾਰੀਆਂ ਨੂੰ ਹੁਕਮਾਂ ਦੀ ਪਾਲਣਾ ਸਬੰਧੀ ਰਿਪੋਰਟ ਭੇਜਣ ਲਈ ਵੀ ਕਿਹਾ ਗਿਆ ਹੈ।
ਡਾ. ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਉਕਤ ਫ਼ੈਸਲਾ 16 ਜਨਵਰੀ, 2019 ਨੂੰ ਅਧਿਕਾਰੀਆਂ ਦੀਆਂ ਬਦਲੀਆਂ/ਤਾਇਨਾਤੀਆਂ ਬਾਰੇ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ ਅਤੇ ਸ਼੍ਰੀ ਪਰਨੀਤ ਭਾਰਦਵਾਜ ਨੂੰ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਿਖੇ ਰਿਪੋਰਟ ਕਰਨ ਦੀ ਹਦਾਇਤ ਕੀਤੀ ਗਈ ਹੈ।