
ਚੋਣਾਂ ਦੌਰਾਨ ਵਿਧਾਇਕਾਂ ’ਤੇ ਹੋਏ 8 ਮਾਮਲੇ ਦਰਜ, ਹਾਈ ਕੋਰਟ ਨੇ ਮੰਗੀ ਜਾਂਚ ਤੇ ਟਰਾਇਲ ਦੀ ਸਥਿਤੀ ਰਿਪੋਰਟ
ਚੰਡੀਗੜ੍ਹ, 5 ਅਪ੍ਰੈਲ (ਸੁਰਜੀਤ ਸਿੰਘ ਸੱਤੀ): ਵਿਧਾਇਕਾਂ ਤੇ ਸੰਸਦ ਮੈਂਬਰਾਂ ਵਿਰੁਧ ਦਰਜ ਮਾਮਲਿਆਂ ਦੀ ਸਥਿਤੀ ਜਾਨਣ ਅਤੇ ਇਨ੍ਹਾਂ ਦੇ ਛੇਤੀ ਨਿਪਟਾਰੇ ਦੇ ਉਦੇਸ਼ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਆਪੇ ਲਏ ਨੋਟਿਸ ’ਤੇ ਵੱਖ-ਵੱਖ ਹਾਈ ਕੋਰਟਾਂ ਵਿਚ ਚਲ ਰਹੇ ਲੋਕਹਿਤ ਮਾਮਲਿਆਂ ਦੀ ਸੁਣਵਾਈਆਂ ਤਹਿਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕ ਪ੍ਰਤੀਨਿਧੀਆਂ ਬਾਰੇ ਮੰਗਲਵਾਰ ਨੂੰ ਸੁਣਵਾਈ ਹੋਈ।
ਇਸ ਦੌਰਾਨ ਪੰਜਾਬ ਦੀ ਰਿਪੋਰਟ ਤੋਂ ਸਾਹਮਣੇ ਆਇਆ ਕਿ ਚੋਣਾਂ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਸਮੇਤ ਹੋਰ ਪਾਰਟੀਆਂ ਦੇ 8 ਤਤਕਾਲੀ ਵਿਧਾਇਕਾਂ ਵਿਰੁਧ ਕੁਦਰਤੀ ਆਫ਼ਤ ਪ੍ਰਬੰਧ ਐਕਟ ਤਹਿਤ ਕੇਸ ਦਰਜ ਕੀਤੇ ਗਏ ਤੇ ਇਨ੍ਹਾਂ ਦੀ ਜਾਂਚ ਜਾਰੀ ਹੈ। ਪੰਜਾਬ ਸਰਕਾਰ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਆਈ.ਜੀ ਗੁਰਿੰਦਰ ਸਿੰਘ ਢਿੱਲੋਂ ਨੇ ਰੀਪੋਰਟ ਦਾਖ਼ਲ ਕੀਤੀ। ਉਨ੍ਹਾਂ ਵਲੋਂ ਸੌਂਪੀ ਸੂਚੀ ਮੁਤਾਬਕ ਉਪਰੋਕਤ ਦੋ ਤੋਂ ਇਲਾਵਾ ਸਿਮਰਜੀਤ ਸਿੰਘ ਬੈਂਸ, ਫ਼ਤਿਹਜੰਗ ਬਾਜਵਾ, ਸੁੱਚਾ ਸਿੰਘ ਛੋਟੇਪੁਰ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਵਿਰਸਾ ਸਿੰਘ ਵਲਟੋਹਾ ਅਤੇ ਸੁਖਪਾਲ ਸਿੰਘ ਭੁੱਲਰ ਵਿਰੁਧ ਵੀ ਮਾਮਲੇ ਦਰਜ ਕੀਤੇ ਗਏ।
ਇਹ ਐਫ਼ਆਈਆਰ ਇਸ ਸਾਲ 15 ਜਨਵਰੀ ਤੋਂ 18 ਫ਼ਰਵਰੀ ਦਰਮਿਆਨ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਦਸਿਆ ਇਨ੍ਹਾਂ ਸਾਰਿਆਂ ਵਿਰੁਧ ਦਰਜ ਐਫ਼ਆਈਆਰਜ਼ ਦੀ ਜਾਂਚ ਚਲ ਰਹੀ ਹੈ ਅਤੇ ਉਨ੍ਹਾਂ ਦੇ ਜਾਂਚ ਅਧਿਕਾਰੀਆਂ ਨੂੰ ਇਨ੍ਹਾਂ ਮਾਮਲਿਆਂ ਦੀ ਜਾਂਚ ਜਲਦੀ ਤੋਂ ਜਲਦੀ ਮੁਕੰਮਲ ਕਰਨ ਦੇ ਨਿਰਦੇਸ਼ ਦਿਤੇ ਹਨ।