
ਮਾਹਿਲਪੁਰ ਹੁਸ਼ਿਆਰਪੁਰ ਰੋਡ 'ਤੇ ਪਿੰਡ ਜੈਤਪੁਰ ਦੇ ਅੱਡੇ ਵਿਚ ਦਰਦਨਾਕ ਸੜਕ ਹਾਦਸੇ ’ਚ ਇਕ ਹੀ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ।
ਹੁਸ਼ਿਆਰਪੁਰ (ਅੰਮ੍ਰਿਤਪਾਲ ਬਾਜਵਾ): ਮਾਹਿਲਪੁਰ ਹੁਸ਼ਿਆਰਪੁਰ ਰੋਡ 'ਤੇ ਪਿੰਡ ਜੈਤਪੁਰ ਦੇ ਅੱਡੇ ਵਿਚ ਦਰਦਨਾਕ ਸੜਕ ਹਾਦਸੇ ’ਚ ਇਕ ਹੀ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ। ਮਿ੍ਤਕਾਂ ਵਿਚ ਪਤੀ, ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਸ਼ਾਮਲ ਸਨ ਜਿਨ੍ਹਾਂ ਦੀ ਉਮਰ ਪੰਜ ਸਾਲ ਤੋਂ ਘੱਟ ਸੀ। ਮਿ੍ਤਕ ਪਰਿਵਾਰ ਨੇੜਲੇ ਪਿੰਡ ਨੰਗਲ ਚੋਰਾਂ ਦਾ ਰਹਿਣ ਵਾਲਾ ਸੀ| ਮਾਹਿਲਪੁਰ ਅਤੇ ਚੱਬੇਵਾਲ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Road Accident
ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਾਅਦ ਦੁਪਹਿਰ ਢਾਈ ਵਜੇ ਦੇ ਕਰੀਬ ਇੱਕ ਮੋਟਰ ਸਾਈਕਲ ਅਤੇ ਕਾਰ ਦੀ ਟੱਕਰ ਹੋਈ। ਘਟਨਾ ਸਮੇਂ ਮੌਜੂਦ ਲੋਕਾਂ ਅਨੁਸਾਰ ਰਾਜੇਸ਼ ਕੁਮਾਰ ਪੁੱਤਰ ਹਰੀ ਸਿੰਘ ਵਾਸੀ ਰਾਜਸਥਾਨ ਹਾਲ ਵਾਸੀ ਨੰਗਲ ਚੋਰਾਂ ਆਪਣੇ ਮੋਟਰਸਾਈਕਲ ਨੰਬਰ ਪੀ ਬੀ 07 ਬੀ ਟੀ 8434 'ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਪਿੰਡ ਬਾੜੀਆਂ ਕਲਾਂ ਗਿਆ ਹੋਇਆ ਸੀ ਅਤੇ ਵਾਪਿਸ ਆਪਣੇ ਪਿੰਡ ਨੂੰ ਆ ਰਿਹਾ ਸੀ |
Road Accident in hoshiarpur
ਉਨ੍ਹਾਂ ਦੱਸਿਆ ਕਿ ਜਦੋਂ ਉਹ ਪਿੰਡ ਜੈਤਪੁਰ ਦੇ ਬੱਸ ਅੱਡੇ ਵਿਚ ਪਹੁੰਚਿਆ ਤਾਂ ਇੱਕ ਟਰੈਕਟਰ ਟਰਾਲੀ ਨੂੰ ਕਰਾਸ ਕਰਦਾ ਹੋਇਆ ਅੱਡੇ ਵਿੱਚੋਂ ਜਾਂਦੀ ਲਿੰਕ ਰੋਡ ਤੋਂ ਮੁੜਨ ਲੱਗਾ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੰਬਰ ਪੀ ਬੀ 07 ਏ ਡਬਲਯੂ 1818 ਨਾਲ ਟਕਰਾ ਗਿਆ | ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰ ਸਾਈਕਲ ਉੱਪਰ ਬੈਠਾ ਸਾਰਾ ਪਰਿਵਾਰ 15 ਫ਼ੁੱਟ ਉੱਚਾ ਉਛਲ ਕੇ ਹੇਠਾਂ ਡਿੱਗ ਪਿਆ ਜਿਸ ਕਾਰਨ ਪਤੀ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਨ੍ਹਾਂ ਦੀਆਂ ਤਿੰਨ ਬੇਟੀਆਂ ਅਨੰਨਿਆ (04), ਇਸ਼ਕਾ (03) ਅਤੇ ਰਿਸ਼ੂ (01 ਦੀ ਹਸਪਤਾਲ ਜਾਂਦਿਆਂ ਮੌਤ ਹੋ ਗਈ |
Police
ਟੱਕਰ ਹੋਣ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਇੱਕ ਦਰਖ਼ਤ ਵਿਚ ਜਾ ਵੱਜੀ ਜਿਸ ਕਾਰਨ ਕਾਰ ਸਵਾਰ ਦੋਨੋਂ ਵਿਅਕਤੀ ਵੀ ਗੰਭੀਰ ਜ਼ਖ਼ਮੀ ਹੋ ਗਏ | ਉਨ੍ਹਾਂ ਦੀ ਹਾਲਤ ਨੂੰ ਦੇਖ਼ਦੇ ਹੋਏ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਜਿੱਥੇ ਉਨ੍ਹਾਂ ਦੋਨਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ | ਥਾਣਾ ਚੱਬੇਵਾਲ ਅਤੇ ਮਾਹਿਲਪੁਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਹਾਦਸੇ ਇੰਨਾ ਭਿਆਨਕ ਹੋਇਆ ਕਿ ਦੋਹਾਂ ਵਾਹਨਾਂ ਦੇ ਪਰਖੱਚੇ ਉੱਡ ਗਏ |