
ਲੀਡਰਸ਼ਿਪ ਦੀ ਅਗਵਾਈ ਦਾ ਫ਼ੈਸਲਾ ਕਾਂਗਰਸ ਪ੍ਰਧਾਨ ਦੇ ਹੱਥ
ਚੰਡੀਗੜ੍ਹ, 5 ਜੂਨ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਲੜਨ ਲਈ ਅਪਣੇ ਇਰਾਦੇ ਮੁੜ ਜ਼ਾਹਰ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਪਾਰਟੀ ਦੀ ਅਗਵਾਈ ਕਰਨ ਦਾ ਫੈਸਲਾ ਕਾਂਗਰਸ ਪ੍ਰਧਾਨ ਦੇ ਹੱਥ ਹੋਵੇਗਾ।
ਅੱਜ ਵੀਡੀਉ ਪ੍ਰੈਸ ਕਾਨਫ਼ਰੰਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੇ ਸ਼ੁਰੂਆਤ ਵਿਚ ਸਾਲ 2017 ਦੀਆਂ ਚੋਣਾਂ ਨੂੰ ਅਪਣੀ ਆਖ਼ਰੀ ਚੋਣ ਦਸਿਆ ਸੀ ਪਰ ਇਸ ਤੋਂ ਬਾਅਦ ਅਪਣੇ ਪਾਰਟੀ ਸਾਥੀਆਂ ਦੇ ਪ੍ਰੇਰਨ 'ਤੇ ਸਾਲ 2022 ਦੀਆਂ ਚੋਣਾਂ ਲੜਨ ਦੇ ਫ਼ੈਸਲੇ ਦਾ ਐਲਾਨ ਕੀਤਾ ਅਤੇ ਇਸ ਵਿਚ ਕੋਈ ਬਦਲਾਅ ਨਹੀਂ ਕੀਤਾ।
ਸਾਲ 2022 ਵਿਚ ਕਾਂਗਰਸ ਦੀ ਚੋਣ ਮੁਹਿੰਮ ਘੜਨ ਲਈ ਪ੍ਰਸ਼ਾਂਤ ਕਿਸ਼ੋਰ ਨੂੰ ਸ਼ਾਮਲ ਕਰਨ ਦੇ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਕਿਸ਼ੋਰ ਨੇ ਉਨ੍ਹਾਂ ਦੀ ਅਪੀਲ ਪ੍ਰਤੀ ਸਾਕਾਰਤਮਕ ਹੁੰਗਾਰਾ ਭਰਿਆ। ਸੂਬੇ ਵਿਚ ਕਾਂਗਰਸ ਦੀ ਮੁਹਿੰਮ ਨਾ ਸੰਭਾਲਣ ਬਾਰੇ ਪ੍ਰਸ਼ਾਂਤ ਕਿਸ਼ੋਰ ਵਲੋਂ ਇਨਕਾਰ ਕਰਨ ਸਬੰਧੀ ਮੀਡੀਆ ਰੀਪੋਰਟਾਂ ਦਰਮਿਆਨ ਇਸ ਬਾਰੇ ਕਿਆਸਅਰਾਈਆਂ 'ਤੇ ਰੋਕ ਲਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ, ''ਕਿਸ਼ੋਰ ਨੇ ਕਿਹਾ ਕਿ ਪੰਜਾਬ ਆ ਕੇ ਮਦਦ ਕਰਨ ਵਿੱਚ ਉਸ ਨੂੰ ਬਹੁਤ ਖੁਸ਼ੀ ਹੋਵੇਗੀ।''
ਮੁੱਖ ਮੰਤਰੀ ਨੇ ਚੁਟਕੀ ਲੈਂਦਿਆਂ ਕਿਹਾ ਕਿ ਅਖ਼ਬਾਰਾਂ ਵਿਚ ਉਹ ਜੋ ਕੁੱਝ ਪੜ੍ਹਦੇ ਹਨ, ਉਨ੍ਹਾਂ ਨੂੰ ਅਕਸਰ ਹੈਰਾਨੀ ਹੁੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਸ਼ਾਂਤ ਕਿਸ਼ੋਰ ਦੇ ਮੁਹਿੰਮ ਘੜਨ ਦੇ ਮਾਮਲੇ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਸੋਨੀਆ ਗਾਂਧੀ ਨਾਲ ਵਿਚਾਰਿਆ ਸੀ ਜਿਨ੍ਹਾਂ ਨੇ ਫੈਸਲਾ ਉਨ੍ਹਾਂ 'ਤੇ ਛੱਡ ਦਿਤਾ। ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਇਸ ਬਾਰੇ ਅਪਣੀ ਪਾਰਟੀ ਦੇ ਵਿਧਾਇਕਾਂ ਨੂੰ ਵੀ ਵਿਸ਼ਵਾਸ ਵਿਚ ਲਿਆ ਅਤੇ 80 ਵਿਧਾਇਕਾਂ ਵਿਚੋਂ 55 ਵਿਧਾਇਕਾਂ ਨੇ ਮੁਹਿੰਮ ਸੰਭਾਲਣ ਲਈ ਸ੍ਰੀ ਕਿਸ਼ੋਰ ਨੂੰ ਲਿਆਉਣ ਦੇ ਹੱਕ ਵਿੱਚ ਹਾਮੀ ਭਰੀ।
ਇਕ ਸਵਾਲ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਕਾਂਗਰਸ ਨੂੰ ਸਹਿਯੋਗ ਕਰਨ ਲਈ ਆਪਣੀ ਰਜ਼ਾਮੰਦੀ ਜ਼ਾਹਰ ਕਰਦਿਆਂ ਸ੍ਰੀ ਕਿਸ਼ੋਰ ਨੇ ਇਸ ਗੱਲੋਂ ਇਨਕਾਰ ਕੀਤਾ ਹੈ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨਵਜੋਤ ਸਿੱਧੂ ਜਾਂ ਆਮ ਆਦਮੀ ਪਾਰਟੀ (ਆਪ) ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਹੈ। ਪ੍ਰਸ਼ਾਂਤ ਕਿਸ਼ੋਰ ਨੂੰ ਪਰਿਵਾਰਕ ਮੈਂਬਰ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੀਡੀਆ ਵਿੱਚ ਚੱਲ ਰਹੀਆਂ ਕਿਆਸਰਾਈਆਂ ਅਤੇ ਅਰਵਿੰਦ ਕੇਜਰੀਵਾਲ ਦੇ ਦਾਅਵਿਆਂ ਦੇ ਉਲਟ ਸ੍ਰੀ ਕਿਸ਼ੋਰ ਨੇ ਸਿੱਧੂ ਜਾਂ ਆਪ ਨਾਲ ਕਿਸੇ ਤਰ੍ਹਾਂ ਦੀ ਸਾਂਝ ਨੂੰ ਰੱਦ ਕੀਤਾ।
ਕਾਂਗਰਸ ਲੀਡਰਸ਼ਿਪ ਨਾਲ ਸਿੱਧੂ ਦੇ ਮੇਲ-ਮਿਲਾਪ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਸਿੱਧੂ ਕਾਂਗਰਸ ਪਾਰਟੀ ਦਾ ਹਿੱਸਾ ਹੈ ਅਤੇ ਉਹ ਇਸੇ ਸਮਰਥਾ ਮੁਤਾਬਕ ਪਾਰਟੀ ਹਾਈ ਕਮਾਂਡ ਦੇ ਸੰਪਰਕ ਵਿੱਚ ਹੈ। ਇਕ ਹੋਰ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਜਾਂ ਕਾਂਗਰਸ ਦੇ ਕਿਸੇ ਹੋਰ ਮੈਂਬਰ ਨੂੰ ਕਿਸੇ ਵੀ ਮੁੱਦੇ ਨਾਲ ਕੋਈ ਸਰੋਕਾਰ ਹੈ ਤਾਂ ਉਹ ਆ ਕੇ ਉਨ੍ਹਾਂ ਨਾਲ ਗੱਲਬਾਤ ਕਰ ਸਕਦਾ ਹੈ।
ਬੇਅਦਬੀ ਦੇ ਮਾਮਲੇ 'ਤੇ ਸਿੱਧੂ ਦੀਆਂ ਨੁਕਤਾਚੀਨੀ ਵਾਲੀਆਂ ਟਿੱਪਣੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਰਗਾੜੀ ਅਤੇ ਬੇਅਦਬੀ ਦੇ ਹੋਰ ਮਾਮਲਿਆਂ ਦੀ ਜਾਂਚ ਜਾਰੀ ਹੈ ਪਰ ਅਸੀਂ ਨਿਰਧਾਰਤ ਕਾਨੂੰਨੀ ਪ੍ਰਕ੍ਰਿਆ ਦਾ ਪਾਲਣ ਕੀਤੇ ਬਿਨਾਂ ਲੋਕਾਂ ਨੂੰ ਸਲਾਖਾਂ ਪਿੱਛੇ ਨਹੀਂ ਸੁੱਟ ਸਕਦੇ। ਉਨ੍ਹਾਂ ਕਿਹਾ ਕਿ ਬਰਗਾੜੀ ਕੇਸ ਵਿੱਚ ਬਹੁਤ ਸਾਰੇ ਚਲਾਨ ਪੇਸ਼ ਕੀਤੇ ਜਾ ਚੁੱਕੇ ਹਨ ਪਰ ਸੂਬਾ ਸਰਕਾਰ ਅਦਾਲਤਾਂ ਦੇ ਕੰਮਕਾਜ ਵਿੱਚ ਦਖ਼ਲ ਨਹੀਂ ਦੇ ਸਕਦੀ।