
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ........
ਐਸ.ਏ.ਐਸ. ਨਗਰ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਕਾਰੀ ਮੁਲਾਜ਼ਮਾਂ ਦੇ ਡੋਪ ਟੈਸਟ ਲਾਜ਼ਮੀ ਕਰਨ ਤੋਂ ਇਕ ਕਦਮ ਅੱਗੇ ਪੁੱਟਦਿਆਂ ਤੇ ਪਹਿਲਕਦਮੀ ਕਰਦਿਆਂ ਅੱਜ ਸਵੇਰੇ ਹੀ ਮੋਹਾਲੀ ਦੇ ਜ਼ਿਲ੍ਹਾ ਪਧਰੀ ਸਿਵਲ ਹਸਪਤਾਲ ਵਿੱਚ ਪਹੁੰਚ ਕੇ ਡੋਪ ਟੈਸਟ ਲਈ ਆਪਣੇ ਖੂਨ ਦੇ ਨਮੂਨੇ ਦਿਤੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਡਾਕਟਰ ਕੋਲ ਲੋੜੀਂਦੀ ਕਾਰਵਾਈ ਸੰਪੂਰਨ ਕੀਤੀ ਅਤੇ ਉਨ੍ਹਾਂ ਦੇ ਖੂਨ ਦੇ ਸੈਂਪਲ ਲੈ ਲਏ।
ਸਿਵਲ ਹਸਪਤਾਲ ਦੇ ਐਸਐਮਓ ਡਾ. ਮਨਜੀਤ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਇਹ ਵੀ ਦੱਸਿਆ ਕਿ ਡੋਪ ਟੈਸਟ ਲਈ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਹਸਪਤਾਲ ਵਿੱਚ ਆਏ ਸੀ ਪ੍ਰੰਤੂ ਬਿਮਾਰ ਹੋਣ ਕਾਰਨ ਉਨ੍ਹਾਂ ਦੇ ਟੈਸਟ ਲਈ ਸੈਂਪਲ ਨਹੀਂ ਲਏ ਗਏ। ਉਨ੍ਹਾਂ ਨੂੰ ਡੋਪ ਟੈਸਟ ਲਈ ਹੁਣ ਸੋਮਵਾਰ ਦਾ ਸਮਾਂ ਦਿੱਤਾ ਗਿਆ ਹੈ। ਸ੍ਰੀ ਬਾਜਵਾ ਦੀ ਬਿਮਾਰੀ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਦਾ ਅੱਧਾ ਮੂੰਹ ਸੁੰਨ ਰਹਿੰਦਾ ਹੈ ਅਤੇ ਇਸ ਦੇ ਇਲਾਜ ਲਈ ਉਹ ਦਵਾਈ ਲੈ ਰਹੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਜੇ ਅੱਜ ਮੰਤਰੀ ਦੇ ਖੂਨ ਦੇ ਸੈਂਪਲ ਲੈ ਲਏ ਜਾਂਦੇ ਤਾਂ ਜਾਂਚ ਰਿਪੋਰਟ 'ਤੇ ਸ਼ੰਕਾ ਰਹਿਣੀ ਸੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣ ਲਈ ਸੂਬਾ ਸਰਕਾਰ ਵਲੋਂ ਚੁੱਕੇ ਜਾਣ ਵਾਲੇ ਹਰ ਸਕਾਰਾਤਮਕ ਕਦਮ ਦਾ ਉਨ੍ਹਾਂ ਦੀ ਪਾਰਟੀ ਸਾਥ ਦੇਵੇਗੀ, ਪਰੰਤੂ ਬੇਹਤਰ ਹੁੰਦਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਡੋਪ ਟੈਸਟ' ਦੀ ਸ਼ੁਰੂਆਤ ਖੁਦ ਆਪਣੇ ਅਤੇ ਸਾਥੀ ਮੰਤਰੀਆਂ, ਵਿਧਾਇਕਾਂ ਤੋਂ ਕਰਦੇ।