
ਹਲਕਾ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਸਮੱਸਿਆ ਦੇ ਮੁਕੰਮਲ ਖ਼ਾਤਮੇ ਲਈ.......
ਚੰਡੀਗੜ੍ਹ : ਹਲਕਾ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਸਮੱਸਿਆ ਦੇ ਮੁਕੰਮਲ ਖ਼ਾਤਮੇ ਲਈ ਪਿਛਲੇ ਦਿਨਾਂ ਵਿਚ ਤਿੰਨ ਵੱਡੇ ਫ਼ੈਸਲੇ ਕੀਤੇ ਹਨ। ਹੁਸ਼ਿਆਰਪੁਰ ਦੇ ਹਸਪਤਾਲ ਵਿਚ ਡੋਪ ਟੈਸਟ ਕਰਵਾਉਣ ਮਗਰੋਂ ਡਾ. ਚੱਬੇਵਾਲ ਨੇ ਕਿਹਾ ਕਿ ਨਸ਼ਾ ਤਸਕਰਾਂ ਲਈ ਫਾਂਸੀ ਦੀ ਸਜ਼ਾ ਦੀ ਸਿਫ਼ਾਰਸ਼ ਕਰਨਾ ਇਸ ਮਾਮਲੇ ਵਿਚ ਉਨ੍ਹਾਂ ਦੀ ਸੁਹਿਦਰਤਾ ਨੂੰ ਵਿਖਾਉਂਦਾ ਹੈ। ਪੰਜਾਬ ਵਿਚ ਅੱਜ ਤਕ ਅਜਿਹੀ ਸਖ਼ਤ ਸਜ਼ਾ ਦੀ ਸਿਫ਼ਾਰਸ਼ ਨਹੀਂ ਕੀਤੀ ਗਈ। ਡਾ. ਰਾਜ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੁਲਿਸ ਮੁਲਾਜ਼ਮਾਂ ਸਮੇਤ ਤਮਾਮ ਸਰਕਾਰੀ ਮੁਲਾਜ਼ਮਾਂ ਲਈ ਭਰਤੀ ਅਤੇ ਤਰੱਕੀ ਸਮੇਂ
ਡੋਪ ਟੈਸਟ ਲਾਜ਼ਮੀ ਕਰ ਦਿਤਾ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਉਹ ਪੰਜਾਬ ਜਿਹੇ ਖ਼ੁਸ਼ਹਾਲ ਸੂਬੇ ਦਾ ਇਸ ਲਾਹਨਤ ਤੋਂ ਸਦਾ ਲਈ ਖਹਿੜਾ ਛੁਡਾਉਣਾ ਚਾਹੁੰਦੇ ਹਨ। ਇਸੇ ਤਰ੍ਹਾਂ ਵੱਡੇ ਪੁਲਿਸ ਅਧਿਕਾਰੀਆਂ ਨੂੰ ਇਨ੍ਹਾਂ ਦੋਸ਼ਾਂ ਤਹਿਤ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੁਆਰਾ ਲਏ ਗਏ ਦਲੇਰਾਨਾ ਫ਼ੈਸਲੇ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਵਿਚ ਸਹਾਈ ਹੋਣਗੇ ਅਤੇ ਪੰਜਾਬ ਛੇਤੀ ਹੀ ਨਸ਼ਾ-ਮੁਕਤ ਸੂਬਾ ਬਣ ਜਾਵੇਗਾ। ਡਾ. ਰਾਜ ਨੇ ਕਿਹਾ ਕਿ ਉਨ੍ਹਾਂ ਖ਼ੁਦ ਡੋਪ ਟੈਸਟ ਕਰਵਾ ਕੇ ਨੌਜਵਾਨਾਂ ਅਤੇ ਹੋਰਾਂ ਨੂੰ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਕਿ ਉਹ ਨਸ਼ਿਆਂ ਦੀ ਬੀਮਾਰੀ ਤੋਂ ਦੂਰ ਰਹਿਣ ਅਤੇ ਜਿਹੜੇ ਇਸ ਵਿਚ ਗ਼ਲਤਾਨ ਹਨ, ਉਹ ਇਸ ਦਾ ਖਹਿੜਾ ਛੱਡ ਦੇਣ।