
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਲੋਕਾਂ ਨੂੰ ਖਾਣਯੋਗ ਪਦਾਰਥਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨ ਅਤੇ ਖੁਰਾਕ ਸੁਰੱਖਿਆ ਕਾਨੂੰਨ....
ਮੋਗਾ, ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਲੋਕਾਂ ਨੂੰ ਖਾਣਯੋਗ ਪਦਾਰਥਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨ ਅਤੇ ਖੁਰਾਕ ਸੁਰੱਖਿਆ ਕਾਨੂੰਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਮੰਤਵ ਨਾਲ ਸਿਹਤ ਵਿਭਾਗ ਮੋਗਾ ਦੀ ਟੀਮ ਵੱਲੋਂ ਬਸੰਤ ਰੋਡ, ਨੇੜੇ ਭੁਪਿੰਦਰਾ ਖਾਲਸਾ ਸਕੂਲ ਮੋਗਾ ਵਿਖੇ ਫ਼ਲਾਂ ਦੇ ਗੋਦਾਮ 'ਤੇ ਅਚਨਚੇਤ ਛਾਪਾ ਮਾਰਿਆ ਗਿਆ ਅਤੇ ਜ਼ਹਿਰੀਲੀਆਂ ਦਵਾਈਆਂ ਨਾਲ ਪਕਾਇਆ ਜਾ ਰਿਹਾ ਲਗਭੱਗ ਇੱਕ ਕੁਇੰਟਲ ਅੰਬ ਨਸ਼ਟ ਕਰਵਾਇਆ ਗਿਆ।
ਇਸ ਮੌਕੇ ਫੂਡ ਸੇਫ਼ਟੀ ਅਫ਼ਸਰ ਅਭਿਨਵ ਖੋਸਲਾ, ਫੂਡ ਸੇਫ਼ਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਹਰਪ੍ਰੀਤ ਕੌਰ ਅਤੇ ਟੀਮ ਦੇ ਹੋਰ ਮੈਂਬਰ ਵੀ ਮੌਜੂਦ ਸਨ।
ਫੂਡ ਸੇਫ਼ਟੀ ਅਫ਼ਸਰ ਅਭਿਨਵ ਖੋਸਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਕਿ ਇਸ ਗੋਦਾਮ 'ਚ ਅੰਬਾਂ ਨੂੰ ਮਸਾਲਿਆਂ ਨਾਲ ਪਕਾਇਆ ਜਾ ਰਿਹਾ ਹੈ, ਜਿਸ 'ਤੇ ਉਨ੍ਹਾਂ ਸਬੰਧਤ ਗੋਦਾਮ ਵਿੱਚ ਅਚਨਚੇਤ ਛਾਪਾ ਮਾਰਿਆ ਅਤੇ ਉਨ੍ਹਾਂ ਨੂੰ ਲਗਭੱਗ ਇੱਕ ਕੁਇੰਟਲ ਅਜਿਹੇ ਅੰਬ ਮਿਲੇ, ਜਿਨ੍ਹਾਂ ਨੂੰ ਜ਼ਹਿਰੀਲੇ ਮਸਾਲੇ ਨਾਲ ਪਕਾਇਆ ਜਾ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਇਹ ਅੰਬ ਖਾਣ ਵਾਲੇ ਵਿਅਕਤੀ ਲਈ ਭਿਆਨਕ ਅਤੇ ਨਾਮੁਰਾਦ ਬੀਮਾਰੀਆਂ ਨੂੰ ਵੀ ਜਨਮ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਅੰਬ ਦੇ ਫ਼ਲ ਨੂੰ ਨਸ਼ਟ ਕਰਵਾ ਕੇ ਸੁਟਵਾਇਆ ਗਿਆ ਅਤੇ ਕਿਹਾ ਕਿ ਦੁਕਾਨਦਾਰ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।