
ਹਾਦਸੇ ’ਚ ਟਰੈਕਟਰ-ਟਰਾਲੀ ਤੇ ਕੈਂਟਰ ਦੀ ਹੋਈ ਭਿਆਨਕ ਟੱਕਰ
ਬੱਲੂਆਣਾ: ਬਠਿੰਡਾ-ਮਲੋਟ ਸੜਕ ’ਤੇ ਪਿੰਡ ਕਰਮਗੜ੍ਹ ਸ਼ਤਰਾਂ ਦੇ ਬੱਸ ਸਟੈਂਡ ਨੇੜੇ ਇਕ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰ ਜਾਣ ਦੀ ਖ਼ਬਰ ਹੈ। ਦਰਅਸਲ, ਇੱਥੇ ਇਕ ਟਰੈਕਟਰ-ਟਰਾਲੀ ਅਤੇ ਕੈਂਟਰ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ਵਿਚ ਟਰੈਕਟਰ ਚਾਲਕ ਦੀ ਮੌਕੇ ’ਤੇ ਮੌਤ ਹੋ ਗਈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਬੱਲੂਆਣਾ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਸਵੇਰੇ ਲਗਭੱਗ 4 ਵਜੇ ਆਇਸ਼ਰ ਟਰੈਕਟਰ ਟਰਾਲੀ ਅਤੇ ਕੈਂਟਰ ਬਠਿੰਡਾ ਤੋਂ ਗਿੱਦੜਬਾਹਾ ਵੱਲ ਨੂੰ ਜਾ ਰਹੇ ਸਨ ਕਿ ਕਰਮਗੜ੍ਹ ਸ਼ਤਰਾਂ ਨੇੜੇ ਕਿਸੇ ਕਾਰਨ ਕਰਕੇ ਕੈਂਟਰ ਪਿੱਛੋਂ ਟਰੈਕਟਰ-ਟਰਾਲੀ ਨਾਲ ਟਕਰਾ ਗਿਆ,
Road Accident
ਜਿਸ ਕਰਕੇ ਟਰੈਕਟਰ ਚਾਲਕ ਦੀਵਾਨ ਚੰਦ ਦੀ ਘਟਨਾ ਸਥਾਨ ’ਤੇ ਮੌਤ ਹੋ ਗਈ ਜਦਕਿ ਕੈਂਟਰ ਚਾਲਕ ਕੇਵਲ ਸਿੰਘ ਪੁੱਤਰ ਦਸੌਂਧਾ ਸਿੰਘ ਵਾਸੀ ਸ਼ਿਮਲਾ ਪੁਰੀ ਲੁਧਿਆਣਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਦੀ ਸੂਚਨਾ ਮਿਲਣ ’ਤੇ ਸਬ ਇੰਸਪੈਕਟਰ ਕ੍ਰਿਸ਼ਨ ਸਿੰਘ ਪੁਲਿਸ ਟੀਮ ਸਣੇ ਘਟਨਾ ਸਥਾਨ ’ਤੇ ਪਹੁੰਚੇ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਬੁਰੀ ਤਰ੍ਹਾਂ ਫਸੇ ਟਰੈਕਟਰ ਚਾਲਕ ਅਤੇ ਕੈਂਟਰ ਚਾਲਕ ਨੂੰ ਬਾਹਰ ਕੱਢਿਆ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਪਾਸੇ ਕਰਵਾਇਆ ਤੇ ਆਵਾਜਾਈ ਚਾਲੂ ਕਰਵਾਈ।