
ਪਿਛਲੇ ਦਿਨੀਂ ਜ਼ਿਲ੍ਹਾ ਜਲੰਧਰ ਦੀ ਤਹਿਸਲੀ ਨਕੋਦਰ 'ਚ ਪੈਂਦੇ ਪਿੰਡ ਰਹੀਮਪੁਰ ਦੇ ਵਿਅਕਤੀ ਦੀ ਸਾਊਦੀ ਅਰਬ 'ਚ ਸ਼ੱਕੀ
ਕਪੂਰਥਲਾ, 5 ਜੁਲਾਈ (ਪਪ) : ਪਿਛਲੇ ਦਿਨੀਂ ਜ਼ਿਲ੍ਹਾ ਜਲੰਧਰ ਦੀ ਤਹਿਸਲੀ ਨਕੋਦਰ 'ਚ ਪੈਂਦੇ ਪਿੰਡ ਰਹੀਮਪੁਰ ਦੇ ਵਿਅਕਤੀ ਦੀ ਸਾਊਦੀ ਅਰਬ 'ਚ ਸ਼ੱਕੀ ਹਾਲਤ 'ਚ ਮੌਤ ਹੀ ਗਈ। ਮ੍ਰਿਤਕ ਪਰਮਜੀਤ ਸਿੰਘ ਉਰਫ਼ ਪੰਮਾ (52 ਸਾਲ) ਪਿਛਲੇ ਕਾਫ਼ੀ ਸਮੇਂ ਤੋਂ ਅਪਣੇ ਪਰਵਾਰ ਦੀ ਰੋਜ਼ੀ-ਰੋਟੀ ਕਮਾਉਣ ਦੀ ਖ਼ਾਤਰ ਸਾਊਦੀ ਅਰਬ 'ਚ ਰਹਿ ਰਿਹਾ ਸੀ ਜਿਥੇ ਕਿ ਉਹ ਟਰਾਲਾ ਡਰਾਈਵਰ ਸੀ ਪਰਮਜੀਤ 6 ਕੁ ਮਹੀਨੇ ਪਹਿਲਾਂ ਅਪਣੇ ਪਿੰਡ ਛੁੱਟੀ ਕੱਟ ਕੇ ਵਾਪਸ ਸਾਊਦੀ ਅਰਬ ਗਿਆ ਸੀ। ਉਧਰ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਮੌਤ ਕੋਰੋਨਾ ਨਾਲ ਹੋਈ ਹੈ। ਉਸ ਦੀ ਮੌਤ ਦੀ ਖਬਰ ਨਾਲ ਉਸ ਦੇ ਪਰਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਅਤੇ ਪਿੰਡ 'ਚ ਵੀ ਮਾਤਮ ਛਾਹ ਗਿਆ।
ਪਰਮਜੀਤ ਦੇ ਪਰਵਾਰ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪਰਮਜੀਤ ਦੇ ਨਾਲ ਉਸ ਦਾ ਭਰਾ ਤੇ ਭਾਣਜਾ ਵੀ ਸਾਊਦੀ ਅਰਬ 'ਚ ਹੀ ਹਨ। ਪਰਮਜੀਤ ਦੇ ਪਰਵਾਰ 'ਚ ਉਸ ਦੀ ਪਤਨੀ ਪਰਮਜੀਤ ਕੌਰ ਤੇ ਉਸ ਦੇ ਦੋ ਬੇਟੇ ਹਨ। ਮ੍ਰਿਤਕ ਦੀ ਪਤਨੀ ਪਰਮਜੀਤ ਨੇ ਦਸਿਆ ਕਿ ਕੁੱਝ ਦਿਨ ਪਹਿਲਾਂ ਪਰਮਜੀਤ ਦਾ ਫ਼ੋਨ ਆਇਆ ਸੀ ਕਿ ਉਹ ਬਿਲਕੁਲ ਠੀਕ ਠਾਕ ਹੈ ਤੇ ਫਰੂਟ ਦੀ ਗੱਡੀ ਭਰ ਕੇ ਮੰਡੀ ਜਾ ਰਿਹਾ ਹੈ।
File Photo
ਗੱਡੀ ਚਲਾਉਂਦੇ ਸਮੇਂ ਉਸ ਨੂੰ ਥਕਾਵਟ ਮਹਿਸੂਸ ਕੀਤੀ ਤਾਂ ਉਹ ਗੱਡੀ ਰੋਕ ਕੇ ਗੱਡੀ 'ਚ ਆਰਾਮ ਕਰਨ ਲਈ ਲੰਮਾ ਪੈ ਗਿਆ। ਉਸ ਦੀ ਗੱਡੀ ਦੇ ਪਿੱਛੇ ਹੀ ਇਕ ਪਾਕਿਸਤਾਨੀ ਟਰਾਲਾ ਲੈ ਕੇ ਆ ਰਿਹਾ ਸੀ ਜਿਸ ਨੇ ਉੱਥੇ ਗੱਡੀ ਰੁਕੀ ਦੇਖੀ ਤਾਂ ਉਸ ਨੇ ਵੇਖਿਆ ਕਿ ਪਰਮਜੀਤ ਸੌਂ ਰਿਹਾ ਸੀ ਉਸ ਨੇ ਐਂਬੂਲੈਂਸ ਨੂੰ ਫ਼ੋਨ ਕਰ ਕੇ ਪਰਮਜੀਤ ਨੂੰ ਇਥੋਂ ਚੁਕਾ ਦਿੱਤਾ। ਫਿਰ ਦਸ ਦਿਨ ਤਕ ਪਰਮਜੀਤ ਦਾ ਕੋਈ ਵੀ ਪਤਾ ਨਹੀਂ ਲੱਗਾ ਕਿ ਉਹ ਕਿਹੜੇ ਹਸਪਤਾਲ 'ਚ ਹੈ ਤੇ ਕਿਥੇ ਹੈ। 10 ਦਿਨ ਬਾਅਦ ਭਾਣਜੇ ਦਾ ਫ਼ੋਨ ਆਇਆ ਕਿ ਮਾਮੇ ਦੀ ਮੌਤ ਹੋ ਗਈ ਹੈ। ਉਸ ਦੇ ਮਾਲਕ ਨੂੰ ਹਸਪਤਾਲ ਤੋਂ ਫ਼ੋਨ ਆਇਆ ਸੀ ਕਿ ਉਸ ਦੀ ਮੌਤ ਹੋ ਗਈ ਹੈ।
ਮ੍ਰਿਤਕ ਪਰਮਜੀਤ ਦੇ ਪਰਵਾਰ ਵਾਲੇ ਮ੍ਰਿਤਕ ਦੇਹ ਨੂੰ ਇੰਡੀਆ ਲਿਆਉਣਾ ਚਾਹੁੰਦੇ ਹਨ ਪਰ ਉਥੋਂ ਦੇ ਡਾਕਟਰਾਂ ਨੇ ਕਿਹਾ ਹੈ ਕਿ ਇਸ ਦੀ ਮੌਤ ਕੋਰੋਨਾ ਮਹਾਂਮਾਰੀ ਕਾਰਨ ਹੋਈ ਹੈ ਜਿਸ ਕਾਰਨ ਉਸ ਨੂੰ ਇੰਡੀਆ ਨਹੀਂ ਭੇਜਿਆ ਜਾ ਸਕਦਾ। ਪਿੰਡ ਦੇ ਹੋਰ ਵੀ ਚਾਰ ਪੰਜ ਵਿਅਕਤੀ ਸਾਊਦੀ ਅਰਬ 'ਚ ਹਨ ਜਿਨ੍ਹਾਂ ਨੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਪਰਮਜੀਤ ਕਿੱਥੇ ਹੈ ਪਰ ਉਸ ਬਾਰੇ ਉਨ੍ਹਾਂ ਨੂੰ ਵੀ ਕੁੱਝ ਵੀ ਪਤਾ ਨਹੀਂ ਚੱਲ ਸਕਿਆ ਹੈ।