ਤਿੰਨ ਹਫ਼ਤਿਆਂ 'ਚ ਅਧੀ ਦਰਜਨ ਤੋਂ ਵੱਧ ਫੜੋ-ਫੜੀਆਂ ਨੇ ਜਗਾਈ ਇਨਸਾਫ਼ ਦੀ ਆਸ ਅਤੇ ਭਖਾਈ ਚੋਣ ਸਿਆਸਤ
Published : Jul 6, 2020, 8:29 am IST
Updated : Jul 6, 2020, 8:29 am IST
SHARE ARTICLE
File Photo
File Photo

ਮੁੜ ਮਘਣ ਲੱਗਾ ਬੇਅਦਬੀ ਅਤੇ ਗੋਲੀਕਾਂਡ

ਚੰਡੀਗੜ੍ਹ, 5 ਜੁਲਾਈ (ਨੀਲ ਭਲਿੰਦਰ ਸਿੰਘ) : 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੀ ਸਿਆਸਤ ਵਿਚ ਵੱਡੇ ਉਲਟਫੇਰ ਦਾ ਕਾਰਨ ਬਣੇ 2015 ਦੇ ਬੇਅਦਬੀ ਅਤੇ ਗੋਲੀਕਾਂਡ ਮੁੜ ਮਘਣ ਲੱਗ ਪਏ ਹਨ। ਪੰਜਾਬ ਪੁਲਿਸ ਦੀਆਂ ਇਸ ਸਬੰਧ ਵਿਚ ਜਾਂਚ ਕਰ ਰਹੀਆਂ ਦੋ ਵੱਖ-ਵੱਖ ਵਿਸ਼ੇਸ਼ ਜਾਂਚ ਟੀਮਾਂ 'ਸਿੱਟ' ਦੁਆਰਾ ਪਿਛਲੇ ਮਹਿਜ਼ ਤਿੰਨ ਹਫ਼ਤਿਆਂ ਦੌਰਾਨ ਹੀ ਇਨ੍ਹਾਂ ਮਾਮਲਿਆਂ ਵਿਚ ਅੱਧੀ ਦਰਜਨ ਤੋਂ ਵੱਧ ਕੀਤੀਆਂ ਗਈਆਂ ਮਹੱਤਵਪੂਰਨ ਗ੍ਰਿਫ਼ਤਾਰੀਆਂ ਨੇ ਲਗਾਤਾਰ ਲਮਕਦੇ ਜਾ ਰਹੇ ਇਨ੍ਹਾਂ ਬੇਹੱਦ ਸੰਵੇਦਨਸ਼ੀਲ ਮਾਮਲਿਆਂ ਦੇ ਸਬੰਧ ਵਿਚ ਨਾ ਸਿਰਫ਼ ਇਨਸਾਫ਼ ਦੀ ਆਸ ਮੁੜ ਜਗਾਈ ਹੈ ਬਲਕਿ ਵਿਧਾਨ ਸਭਾ ਚੋਣਾਂ ਮੁੜ ਨੇੜੇ ਆ ਰਹੀਆਂ ਹੋਣ ਸਦਕਾ ਸੂਬੇ ਦੀ ਚੋਣ ਸਿਆਸਤ ਵੀ ਭਖਾ ਦਿਤੀ ਹੈ।

ਦਸਣਯੋਗ ਹੈ ਕਿ ਬੇਅਦਬੀ ਕਾਂਡ ਦੀ ਜਾਂਚ ਕਰ ਰਹੀ ਸਿਟ ਅਤੇ  ਗੋਲੀਕਾਂਡ ਦੀ ਜਾਂਚ ਵਾਲੀ ਸਿਟ ਵਲੋਂ 7 ਜੂਨ ਤੋਂ ਲੈ ਕੇ 4 ਜੁਲਾਈ ਦੇ        ਦਰਮਿਆਨ ਅੱਠ ਜਣਿਆਂ ਦੀ ਗ੍ਰਿਫ਼ਤਾਰੀ ਕੀਤੀ ਜਾ ਚੁੱਕੀ ਹੈ। ਬੇਅਦਬੀ ਕਾਂਡ ਵਿਚ 4 ਜੁਲਾਈ ਦੀ ਸਵੇਰੇ ਹਿਰਾਸਤ 'ਚ ਲਏ ਮੁਲਜ਼ਮਾਂ 'ਚ ਕੋਟਕਪੂਰਾ ਵਾਸੀ ਸੁਖਜਿੰਦਰ ਸਿੰਘ ਉਰਫ਼ ਸਨੀ, ਪਿੰਡ ਡੱਗੋ ਰੋਮਾਣਾ ਦਾ ਸ਼ਕਤੀ ਸਿੰਘ (ਦੋਵੇਂ ਪਹਿਲਾਂ ਜ਼ਮਾਨਤ ਮਿਲੀ ਹੋਣ ਵਜੋਂ ਰਿਹਾਅ), ਫ਼ਰੀਦਕੋਟ ਦਾ ਰਣਦੀਪ ਸਿੰਘ ਉਰਫ਼ ਨੀਲਾ, ਕੋਟਕਪੂਰਾ ਦਾ ਰਣਜੀਤ ਸਿੰਘ ਉਰਫ਼ ਭੋਲਾ, ਪਿੰਡ ਸਿੱਖਾਂਵਾਲਾ ਦਾ ਬਲਜੀਤ ਸਿੰਘ, ਕੋਟਕਪੂਰਾ ਦਾ ਨਿਸ਼ਾਨ ਸਿੰਘ ਅਤੇ ਫ਼ਰੀਦਕੋਟ ਦਾ ਨਰਿੰਦਰ ਸ਼ਰਮਾ ਹਨ। ਇਨ੍ਹਾਂ ਦੀ ਧਾਰਾ 295ਏ/380/201/120 ਬੀ ਤਹਿਤ ਬਾਜਾਖਾਨਾ ਥਾਣੇ 'ਚ 2 ਜੂਨ 2015 ਨੂੰ ਦਰਜ ਮੁਕੱਦਮਾ ਨੰਬਰ 63 ਤਹਿਤ ਗ੍ਰਿਫ਼ਤਾਰੀ ਹੋਈ ਹੈ।

ਇਸ ਤੋਂ ਇਲਾਵਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਉਤੇ ਪੰਜਾਬ ਸਰਕਾਰ ਵਲੋਂ ਗੋਲੀਕਾਂਡ ਮਾਮਲਿਆਂ ਦੀ ਜਾਂਚ ਲਈ ਏਡੀਜੀਪੀ ਪ੍ਰਮੋਦ ਕੁਮਾਰ ਦੀ ਅਗਵਾਈ ਵਿਚ ਗਠਿਤ ਸਿਟ ਨੇ ਹੁਣ ਤਕ ਦੀ ਪੜਤਾਲ ਦੇ ਆਧਾਰ 'ਤੇ ਬਹਿਬਲ ਗੋਲੀਕਾਂਡ ਕੇਸ ਵਿਚ ਸਾਬਕਾ ਐਸਐਸਪੀ  ਚਰਨਜੀਤ ਸਿੰਘ ਸ਼ਰਮਾ ਅਤੇ ਕੋਟਕਪੂਰਾ ਗੋਲੀਕਾਂਡ ਵਿਚ ਵੀ ਚਰਨਜੀਤ ਸਿੰਘ ਸ਼ਰਮਾ ਤੋਂ ਇਲਾਵਾ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ, ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਐਸਪੀ ਬਲਜੀਤ ਸਿੰਘ, ਐਸਪੀ ਪਰਮਜੀਤ ਸਿੰਘ ਪੰਨੂ, ਏਐਸਆਈ ਗੁਰਦੀਪ ਸਿੰਘ ਪੰਧੇਰ ਵਿਰੁਧ ਜ਼ਿਲ੍ਹਾ ਅਦਾਲਤ ਵਿਚ ਚਲਾਨ ਪਹਿਲਾਂ ਹੀ ਪੇਸ਼ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਵਿਰੁਧ ਹੁਣ ਦੋਸ਼ ਆਇਦ ਕਰਨ ਦੀ ਪਰਿਕ੍ਰੀਆ ਚੱਲ ਰਹੀ ਹੈ, ਜਿਸ ਦੀ ਅਦਾਲਤ ਵਿਚ ਅਗਲੀ ਸੁਣਵਾਈ ਆਉਂਦੀ 7 ਅਗੱਸਤ ਨੂੰ ਹੀ ਹੈ। ਇਸ ਮਾਮਲੇ ਵਿਚ ਕੋਟਕਪੂਰਾ ਥਾਣੇ  ਦਾ ਤਤਕਾਲੀ ਐਸਐਚਓ ਪੰਧੇਰ 5 ਜੁਲਾਈ ਤਕ ਦੇ ਸਿਟ ਕੋਲ ਰਿਮਾਂਡ ਉਤੇ ਹੈ।

ਇਨ੍ਹਾਂ ਕੇਸਾਂ ਵਿਚ ਹੁਣ ਤਕ ਹੋਈਆਂ ਇਨ੍ਹਾਂ ਅਹਿਮ ਗ੍ਰਿਫ਼ਤਾਰੀਆਂ ਤੋਂ ਇਹ ਕਹਿਣਾ ਕੁਥਾਂ ਨਹੀਂ ਹੋਵੇਗਾ ਕਿ ਵਿਸ਼ੇਸ਼ ਜਾਂਚ ਟੀਮਾਂ ਹੁਣ ਬਾਦਲ ਦਲ ਤੇ ਸੌਦਾ ਡੇਰੇ ਦੀ 'ਸਿਖਰਲੀ ਲੀਡਰਸ਼ਿਪ' ਦੀਆਂ ਬਰੂਹਾਂ 'ਤੇ ਪੁੱਜ ਚੁਕੀਆਂ ਹਨ। ਪਰ ਅਗਲੇਰੀ ਕਾਰਵਾਈ ਮੌਜੂਦਾ ਸੂਬਾ ਸਰਕਾਰ ਦੀ 'ਇੱਛਾ ਸ਼ਕਤੀ' ਉਤੇ ਵੱਧ ਨਿਰਭਰ ਹੈ। ਕਿਉਂਕਿ ਗੋਲੀਕਾਂਡ ਦੀ ਜਾਂਚ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਲਗਾਤਾਰ ਅੱਗੇ ਵੱਧਾਈ ਜਾ ਰਹੀ ਹੈ ਤਾਂ ਬੇਅਦਬੀ ਮਾਮਲੇ ਨਾਲ  ਸਬੰਧਤ ਤਿੰਨ ਘਟਨਾਵਾਂ (ਪਾਵਨ ਸਰੂਪ ਚੋਰੀ ਹੋਣ, ਪੋਸਟਰ ਲਗਾਉਣ ਅਤੇ ਬੇਅਦਬੀ ਕਰਨ) ਦੀ ਜਾਂਚ ਡੀਆਈਜੀ ਰਣਬੀਰ ਸਿੰਘ ਖਟੜਾ ਵਲੋਂ ਅਪਣੀ ਤੌਰ 'ਤੇ ਕੀਤੀ ਜਾ ਰਹੀ ਹੈ।

4 ਜੁਲਾਈ ਨੂੰ ਸੱਤ ਡੇਰਾ ਸੌਦਾ ਪ੍ਰੇਮੀਆਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਇਸ ਮਾਮਲੇ ਵਿਚ ਕੋਟਕਪੂਰੇ ਦੇ ਮਹਿੰਦਰਪਾਲ ਬਿੱਟੂ ਸਮੇਤ ਦਸ ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸੌਦਾ ਡੇਰੇ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਦੀ 22 ਜੂਨ 2019 ਨੂੰ ਨਾਭਾ ਜੇਲ੍ਹ ਵਿੱਚ ਹੱਤਿਆ ਹੋ ਚੁੱਕੀ ਹੈ।
ਇਸ ਮਾਮਲੇ ਵਿਚ ਉਂਜ ਤਾਂ ਪਿਛਲੀ ਸਰਕਾਰ ਵੇਲੇ ਗਠਿਤ ਜਸਟਿਸ  ਜੋਰਾ ਸਿੰਘ ਕਮਿਸ਼ਨ ਨੇ ਪੜਤਾਲ ਤੋਂ ਬਾਅਦ 30 ਜੂਨ 2016 ਨੂੰ ਆਪਣੀ ਰਿਪੋਰਟ ਰਾਜ ਸਰਕਾਰ ਨੂੰ ਸੌਂਪ ਦਿਤੀ ਸੀ।

ਪਰ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 14 ਅਪ੍ਰੈਲ 2017 ਨੂੰ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ  ਰਣਜੀਤ ਸਿੰਘ  ਦੀ ਅਗਵਾਈ ਵਿਚ ਕਾਨੂੰਨੀ ਕਮਿਸ਼ਨ ਦਾ ਗਠਨ ਕੀਤਾ ਜਾਣ ਨਾਲ ਸਮੁੱਚੇ ਮਾਮਲੇ ਨੇ ਜਾਂਚ ਪਖੋਂ ਅਸਲ ਰਫਤਾਰ ਫ਼ੜੀ। ਕਮਿਸ਼ਨ ਨੇ ਬਰਗਾੜੀ ਬੇਅਦਬੀ ਮਾਮਲੇ ਨਾਲ ਸਬੰਧਤ ਘਟਨਾਵਾਂ ਸਮੇਤ ਪੰਜਾਬ 'ਚ ਵਾਪਰੀਆਂ ਬੇਅਦਬੀ ਦੀ ਸਾਰੀਆਂ ਘਟਨਾਵਾਂ ਦੀ ਜਾਂਚ ਕਰਨ ਤੋਂ ਬਾਅਦ 16 ਅਗੱਸਤ 2018 ਨੂੰ ਅਪਣੀ ਮੁਕੰਮਲ ਰੀਪੋਰਟ ਮੁੱਖ ਮੰਤਰੀ ਨੂੰ ਸੌਂਪ ਦਿਤੀ। ਇਸ ਰੀਪੋਰਟ ਨੂੰ ਪੰਜਾਬ ਸਰਕਾਰ ਨੇ 27 ਅਗੱਸਤ 2018 ਨੂੰ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕਰ ਦਿਤਾ ਸੀ।

ਇਸੇ ਦੌਰਾਨ ਸਿੱਖ ਜਥੇਬੰਦੀਆਂ ਵਲੋਂ 1 ਜੂਨ 2018 ਵਲੋਂ ਲੈ ਕੇ 9 ਦਿਸੰਬਰ 2018 ਤੱਕ ਬਰਗਾੜੀ ਦੀ ਅਨਾਜ ਮੰਡੀ ਵਿੱਚ ਬਰਗਾੜੀ ਇਨਸਾਫ਼ ਮੋਰਚਾ ਵੀ ਲਗਾਇਆ ਗਿਆ। ਇਸੇ ਦੌਰਾਨ ਪਿੰਡ ਮੱਲਕੇ (ਮੋਗਾ)  ਅਤੇ ਗੁਰੁਸਰ (ਬਠਿੰਡਾ) ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਗਠਿਤ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗੁਵਾਈ ਵਾਲੀ ਸਿਟ ਵੀ  ਅਚਾਨਕ ਹਰਕਤ ਵਿਚ ਆ ਗਈ। ਉਸ ਨੇ ਇਨ੍ਹਾਂ ਦੋਵਾਂ ਮਾਮਲਿਆਂ ਸਣੇ   ਅਗਜਨੀ ਅਤੇ ਸਰਕਾਰੀ ਜਾਇਦਾਦ ਦੀ ਭੰਨ-ਤੋੜ ਨਾਲ ਸਬੰਧਤ ਮੋਗਾ ਦੇ ਇਕ ਕੇਸ ਵਿਚ ਸੌਦਾ ਪ੍ਰੇਮੀਆਂ ਫੜੋ-ਫ਼ੜੀ ਸ਼ੁਰੂ ਕਰ ਦਿਤੀ ਸੀ।

ਇਸ ਸਿਟ ਨੇ ਸੱਭ ਤੋਂ ਪਹਿਲਾਂ 9 ਜੂਨ 2018 ਨੂੰ ਡੇਰੇ ਦੀ 45 ਮੈਂਬਰੀ ਰਾਜਸੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਨੂੰ ਫੜਿਆ ਅਤੇ ਉਸ ਤੋਂ ਬਾਅਦ ਕੁੱਝ ਹੋਰ ਪ੍ਰੇਮੀ ਗ੍ਰਿਫ਼ਤਾਰ ਕੀਤੇ ਗਏ। ਇਨ੍ਹਾਂ ਘਟਨਾਵਾਂ ਦੀ ਪੜਤਾਲ ਦੌਰਾਨ ਸਿਟ ਨੇ ਖੁਲਾਸਾ ਕੀਤਾ ਕਿ ਮੋਗਾ ਦੀ ਘਟਨਾ ਵਿਚ ਗ੍ਰਿਫ਼ਤਾਰ ਮਹਿੰਦਰਪਾਲ ਬਿੱਟੂ ਸਮੇਤ 10 ਡੇਰਾ ਪ੍ਰੇਮੀਆਂ ਦੀ ਬਰਗਾੜੀ ਬੇਅਦਬੀ ਕੇਸ ਨਾਲ ਸਬੰਧਤ ਤਿੰਨਾਂ ਘਟਨਾਵਾਂ ਵਿਚ ਸ਼ਮੂਲੀਅਤ ਪਾਈ ਗਈ ਹੈ।

ਹਾਲਾਂਕਿ ਇਨ੍ਹਾਂ ਘਟਨਾਵਾਂ ਦੀ ਜਾਂਚ ਸੀਬੀਆਈ  ਦੇ ਕੋਲ ਸੀ। ਅਜਿਹੇ ਵਿਚ ਸਿਟ ਨੇ ਅਪਣੀ ਰੀਪੋਰਟ ਨੂੰ ਸੀਬੀਆਈ ਦੇ ਹਵਾਲੇ ਕਰ ਦਿਤਾ। ਨਾਲ ਹੀ ਸਿਟ ਦੀ ਰਿਪੋਰਟ ਵਿਚ ਮੁਲਜ਼ਮ ਠਹਿਰਾਏ ਗਏ ਬਾਕੀ 7 ਡੇਰਾ ਪ੍ਰੇਮੀਆਂ ਤੋਂ ਵੀ ਫ਼ਰੀਦਕੋਟ ਜੇਲ ਵਿਚ ਪੁਛਗਿਛ ਹੋਈ ਪਰ ਇਸ ਤੋਂ  ਬਾਅਦ ਸੀਬੀਆਈ ਵਲੋਂ ਇਸ ਕੇਸ ਵਿਚ ਕੋਈ ਚਾਰਜਸ਼ੀਟ ਦਾਖਲ ਨਹੀਂ ਕੀਤੀ ਗਈ ਜਿਸ ਕਰ ਕੇ ਇਨ੍ਹਾਂ ਤਿੰਨਾਂ ਨੂੰ ਮੁਹਾਲੀ ਦੀ ਸੀਬੀਆਈ ਕੋਰਟ ਤੋਂ 7 ਸਤੰਬਰ 2018 ਨੂੰ ਜ਼ਮਾਨਤ ਵੀ ਮਿਲ ਗਈ।
ਦਰਅਸਲ ਇਸ ਤੋਂ ਬਾਅਦ ਹੀ ਇਹ ਕੇਸ ਠੰਢੇ ਬਸਤੇ ਵਿਚ ਪਿਆ ਸੀ।

ਫਿਰ 4 ਜੁਲਾਈ 2019 ਨੂੰ ਸੀਬੀਆਈ ਨੇ ਉਕਤ ਕੇਸ ਵਿਚ ਕਲੋਜ਼ਰ ਰੀਪੋਰਟ ਪੇਸ਼ ਕਰ ਕੇ ਪੰਜਾਬ ਪੁਲਿਸ ਦੀ ਸਿਟ ਦੀ ਜਾਂਚ ਰੀਪੋਰਟ ਨੂੰ ਹੀ ਸਿਰੇ ਤੋਂ ਖਾਰਜ ਕਰ ਕੇ ਇਕ ਵੱਖਰਾ ਵਿਵਾਦ ਖੜਾ ਕਰ ਦਿਤਾ। ਡੇਰਾ ਪ੍ਰੇਮੀ ਮਰਹੂਮ ਮਹਿੰਦਰਪਾਲ ਬਿੱਟੂ, ਸੁਖਜਿੰਦਰ ਸਿੰਘ ਸੰਨੀ ਅਤੇ ਸ਼ਕਤੀ ਸਿੰਘ ਦਾ ਲਾਈ ਡਿਟੈਕਟਿਵ ਟੈਸਟ ਸਮੇਤ ਹੋਰ ਫੋਰੈਂਸਿਕ ਟੈਸਟ ਵੀ ਬੇਸਿੱਟਾ ਸਾਬਤ ਹੋਏ। ਹਾਲਾਂਕਿ ਸੀਬੀਆਈ ਨੇ ਕੇਸ ਦੇ ਸ਼ਿਕਾਇਤਕਰਤਾ ਗ੍ਰੰਥੀ ਗੋਰਾ ਸਿੰਘ, ਉਸ ਦੀ ਪਤਨੀ ਸਵਰਨ ਜੀਤ ਕੌਰ  ਤੋਂ ਇਲਾਵਾ ਗੁਰਮੁਖ ਸਿੰਘ, ਜਸਵੰਤ ਸਿੰਘ ਲੱਕੀ, ਅਮਨਦੀਪ ਸਿੰਘ ਸਮੇਤ ਕੁਲ 18 ਲੋਕਾਂ ਦੇ ਪੋਲੀਗਰਾਫ਼ ਟੈਸਟ ਵੀ ਕਰਵਾਏ ਪਰ ਜਾਂਚ ਅੱਗੇ ਨਹੀਂ ਵੱਧ ਸਕੀ।

File PhotoFile Photo

 ਸੀਬੀਆਈ ਨੇ ਅਪਣੀ ਕਲੋਜ਼ਰ ਰੀਪੋਰਟ ਵਿਚ ਸਪੱਸ਼ਟ ਕੀਤਾ ਹੈ ਕਿ ਉਸ ਨੂੰ ਪੰਜਾਬ ਪੁਲਿਸ ਦੇ ਉਸ ਦਾਅਵੇ ਵਿਚ ਵੀ ਕੋਈ ਸੱਚਾਈ ਨਹੀਂ ਮਿਲੀ ਜਿਸ ਵਿਚ ਉਨ੍ਹਾਂ ਨੇ ਕਥਿਤ ਦੋਸ਼ੀ ਸੌਦਾ ਡੇਰਾ ਪ੍ਰੇਮੀਆਂ ਦੁਆਰਾ ਘਟਨਾ ਵਿਚ ਦੋ ਗੱਡੀਆਂ ਦੀ ਵਰਤੋਂ ਦਾ ਪ੍ਰਗਟਾਵਾ ਕੀਤਾ ਗਿਆ ਸੀ । ਪੰਜਾਬ ਪੁਲਿਸ ਅਨੁਸਾਰ ਬੁਰਜ ਜਵਾਹਰ ਸਿੰਘ 'ਚ ਪਾਵਨ ਬੀੜ ਚੋਰੀ ਕਰਨ  ਲਈ ਸ਼ਕਤੀ ਸਿੰਘ ਨੇ ਅਪਣੀ ਆਲਟੋ ਕਾਰ ਨੰਬਰ ਪੀਬੀ - 30 ਆਰ - 6480 ਦੀ ਵਰਤੋਂ ਕੀਤੀ ਜਦਕਿ ਸੀਬੀਆਈ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਇਹ ਗੱਡੀ ਸ਼ਕਤੀ ਸਿੰਘ ਦੇ ਭਰਾ ਰਵਿੰਦਰ ਸਿੰਘ ਨੇ 28 ਅਗੱਸਤ 2016 ਨੂੰ ਮਲੋਟ ਦੀ ਇਕ ਫ਼ਰਮ ਤੋਂ ਖਰੀਦੀ ਸੀ ਜਿਸ ਉਤੇ ਪਹਿਲਾਂ ਦਿੱਲੀ ਦਾ ਨੰਬਰ ਸੀ

ਜਦਕਿ ਇਹ ਘਟਨਾ ਜੂਨ 2015 ਦੀ ਹੈ। ਓਧਰ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਗਠਿਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਆਉਣ ਤੋਂ ਬਾਅਦ 28 ਅਗੱਸਤ 2018 ਨੂੰ ਪੰਜਾਬ ਵਿਧਾਨ ਸਭਾ ਨੇ ਮਤਾ ਪਾਸ ਕਰ ਕੇ ਬੇਅਦਬੀ ਮਾਮਲੇ ਦੀ ਜਾਂਚ ਸੀਬੀਆਈ ਤੋਂ ਵਾਪਸ ਲੈਣ ਦਾ ਐਲਾਨ ਕਰ 6 ਸਤੰਬਰ 2018 ਨੂੰ ਨੋਟਫ਼ੀਕੇਸ਼ਨ ਵੀ ਜਾਰੀ ਕਰ ਦਿਤਾ ਗਿਆ ਸੀ। ਜਿਸ ਮਗਰੋਂ ਸੀਬੀਆਈ ਦੁਆਰਾ ਅਪਣੀ ਪੜਤਾਲ ਜਾਰੀ ਰਖਣਾ ਅਤੇ ਕਲੋਜ਼ਰ ਰੀਪੋਰਟ ਦੇਣ ਦਾ ਕੋਈ ਤੁੱਕ ਹੀ ਨਹੀਂ ਰਹਿ ਜਾਂਦਾ।

ਜਦਕਿ ਦੂਜੇ ਪਾਸੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ 12 ਅਗੱਸਤ 2018 ਨੂੰ ਬਹਿਬਲ ਗੋਲੀਕਾਂਡ ਵਾਲੇ ਕੇਸ ਵਿਚ ਤਤਕਾਲੀ ਐਸਐਸਪੀ ਮੋਗਾ ਚਰਨਜੀਤ ਸਿੰਘ ਸ਼ਰਮਾ, ਐਸਪੀ ਫ਼ਾਜ਼ਿਲਕਾ ਬਿਕਰਮਜੀਤ ਸਿੰਘ, ਐਸਐਸਪੀ ਦੇ ਰੀਡਰ ਇੰਸਪੈਕਟਰ ਪ੍ਰਦੀਪ ਸਿੰਘ ਅਤੇ ਤਤਕਾਲੀ ਬਾਜਾਖਾਨਾ ਐਸਐਚਓ ਅਮਰਜੀਤ ਸਿੰਘ ਕੁਲਾਰ ਨੂੰ ਨਾਮਜ਼ਦ ਕੀਤਾ ਗਿਆ। ਹੁਣ ਜੂਨ ਮਹੀਨੇ ਵਿਚ ਇਸ ਮਾਮਲੇ ਵਿਚ ਐਡਵੋਕੇਟ ਸੁਹੇਲ ਸਿੰਘ ਬਰਾੜ ਅਤੇ ਕਾਰੋਬਾਰੀ ਪੰਕਜ ਬਾਂਸਲ ਨੂੰ ਨਾਮਜ਼ਦ ਕਰ ਗ੍ਰਿਫ਼ਤਾਰ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement