
ਸ਼ਰਾਬ ਮਾਫ਼ੀਆ ਦੇ ਲੱਗ ਰਹੇ ਦੋਸ਼ਾਂ ਤੋਂ ਸਖ਼ਤ ਹੋਏ ਮੁੱਖ ਮੰਤਰੀ
ਚੰਡੀਗੜ੍ਹ, 5 ਅਗੱਸਤ (ਨੀਲ ਭਲਿੰਦਰ ਸਿੰਘ) : ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਨੂੰ ਹਤਿਆ ਵਜੋਂ ਲਿਆ ਜਾ ਰਿਹਾ ਹੈ ਪਿਛਲੇ ਕੁੱਝ ਦਿਨਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਇਸ ਮੁੱਦੇ ਪ੍ਰਤੀ ਲਚਕੀਲੀ ਪਹੁੰਚ ਕਾਰਨ ਪਿਛਲੀ ਅਕਾਲੀ ਭਾਜਪਾ ਸਰਕਾਰ ਤੇ ਲੱਗੇ 'ਚਿੱਟੇ' ਦੇ ਦੋਸ਼ਾਂ ਦੀ ਯਾਦ ਤਾਜ਼ਾ ਕਰਵਾ ਦਿਤੀ ਹੈ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿਚ ਨਾਰਕੋਟਿਕਸ ਨਸ਼ਿਆਂ ਦੇ ਆਏ ਹੜ੍ਹ ਅਤੇ ਬੇਨਕਾਬ ਹੋਏ ਕਈ ਸੱਤਾਧਾਰੀ ਆਗੂਆਂ ਤੇ ਵੱਡੇ ਮਾਫ਼ੀਏ ਨੂੰ ਅਕਾਲੀ ਸਰਕਾਰ ਦੇ ਪਤਨ ਦਾ ਵੀ ਵੱਡਾ ਕਾਰਨ ਮੰਨਿਆ ਜਾਂਦਾ ਹੈ। ਹੁਣ ਅਪਣੀ ਸਰਕਾਰ ਉਤੇ ਸ਼ਰਾਬ ਮਾਫ਼ੀਆ ਦੇ ਲੱਗ ਰਹੇ ਅਜਿਹੇ ਹੀ ਦੋਸ਼ਾਂ ਤੋਂ ਫ਼ਿਕਰਮੰਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਿੰਘ ਨੇ ਅੱਜ ਕਿਹਾ ਕਿ ਨਕਲੀ ਸ਼ਰਾਬ ਦੇ ਕੇਸ 'ਚ ਸਿਆਸੀ ਦਖ਼ਲਅੰਦਾਜ਼ੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਜਾਵੇਗਾ।
ਉਨ੍ਹਾਂ ਨੇ ਡੀ.ਜੀ.ਪੀ. ਨੂੰ ਇਸ ਘਟਨਾ ਵਿਚ ਸਿੱਧੀ ਸ਼ਮੂਲੀਅਤ ਵਾਲਿਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 302 ਤਹਿਤ ਕਤਲ ਕੇਸ ਦਰਜ ਕਰਨ ਦੇ ਹੁਕਮ ਦਿਤੇ। ਮੁੱਖ ਮੰਤਰੀ ਨੇ ਹਾਲ ਹੀ ਦੇ ਸਮਿਆਂ ਦੀ ਸਭ ਤੋਂ ਵੱਡੀ ਤਰਾਸਦੀ ਦੱਸਦਿਆਂ ਪੀੜਤਾਂ ਲਈ ਇਨਸਾਫ ਦਾ ਵਾਅਦਾ ਕੀਤਾ। ਉਨ੍ਹਾਂ ਨਕਲੀ/ਨਾਜਾਇਜ਼ ਸ਼ਰਾਬ ਬਣਾਉਣ ਤੇ ਤਸਕਰੀ ਲਈ ਐਕਸਾਈਜ਼ ਐਕਟ ਵਿਚ ਸਜ਼ਾ ਵਧਾਉਣ ਦਾ ਵਿਚਾਰ ਪੇਸ਼ ਕੀਤਾ ਤਾਕਿ ਵਾਰ-ਵਾਰ ਅਪਰਾਧ ਕਰਨ ਵਾਲੇ ਜੇਲ੍ਹ ਦੀਆਂ ਸ਼ਲਾਖਾਂ ਪਿੱਛੇ ਰਹਿਣ ਅਤੇ ਮੁੜ ਅਪਰਾਧ ਕਰਨ ਲਈ ਛੇਤੀ ਕੀਤਿਆਂ ਬਾਹਰ ਨਾ ਆ ਸਕਣ। ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਕਈ ਮੰਤਰੀਆਂ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਦੇ ਸੁਝਾਅ ਨਾਲ ਸਹਿਮਤੀ ਪ੍ਰਗਟ ਕੀਤੀ ਕਿ ਨਾਜਾਇਜ਼ ਸ਼ਰਾਬ ਦੀ ਤਸਕਰੀ ਵਰਗੇ ਸੰਗਠਿਤ ਅਪਰਾਧ 'ਤੇ ਕਾਬੂ ਪਾਉਣ ਲਈ ਪਕੋਕਾ ਵਰਗਾ ਸਖ਼ਤ ਕਾਨੂੰਨ ਲਿਆਉਣ ਦੀ ਲੋੜ ਹੈ।
ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਵਿਚ ਕਾਇਮ ਕੀਤੀ ਸਬ-ਕਮੇਟੀ ਨੂੰ ਤਜਵੀਜ਼ਤ ਕਾਨੂੰਨ ਦੇ ਉਪਬੰਧਾਂ ਨੂੰ ਘੋਖਣ ਅਤੇ ਅੰਤਮ ਰੂਪ ਦੇ ਕੇ ਰਿਪੋਰਟ ਛੇਤੀ ਤੋਂ ਛੇਤੀ ਸੌਂਪਣ ਲਈ ਆਖਿਆ। ਉਨ੍ਹਾਂ ਨੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਹੋਰ ਮੰਤਰੀਆਂ ਨਾਲ ਸਹਿਮਤੀ ਜ਼ਾਹਰ ਕੀਤੀ ਕਿ ਪਕੋਕਾ (ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ) ਨਾਲ ਸੰਗੀਨ ਅਪਰਾਧੀਆਂ ਨੂੰ ਕਾਬੂ ਕਰਨ ਵਿਚ ਸਹਾਇਤਾ ਮਿਲ ਸਕਦੀ ਹੈ ਅਤੇ ਗੈਂਗਸਟਰਾਂ ਨੂੰ ਰੋਕਣ ਵਿਚ ਸਹਾਈ ਸਿੱਧ ਹੋ ਸਕਦਾ ਹੈ ਜੋ ਜੇਲ੍ਹਾਂ ਵਿੱਚੋਂ ਵੀ ਸੰਗਠਿਤ ਅਪਰਾਧ ਨਾਲ ਨਜਿੱਠਦੇ ਹਨ ਅਤੇ ਅਤਿਵਾਦੀਆਂ ਨਾਲ ਵੀ ਨੇੜਲੇ ਸਬੰਧ ਰਖਦੇ ਹਨ।
ਮੁੱਖ ਮੰਤਰੀ ਨੇ ਨਕਲੀ ਸ਼ਰਾਬ ਦੀ ਘਟਨਾ 'ਤੇ ਦੋ ਵੱਖ-ਵੱਖ ਵੀਡੀਉ ਕਾਨਫ਼ਰੰਸਿੰਗ ਦੌਰਾਨ ਇਹ ਆਦੇਸ਼ ਜਾਰੀ ਕੀਤੇ ਜਿਨ੍ਹਾਂ ਵਿਚੋਂ ਇਕ ਮੰਤਰੀ ਮੰਡਲ ਦੀ ਮੀਟਿੰਗ ਹੋਈ ਜਦਕਿ ਦੂਜੀ ਮੀਟਿੰਗ ਪੁਲੀਸ ਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਇਸ ਦੁਖਾਂਤ ਦੇ ਪੀੜਤਾਂ ਨੂੰ ਸ਼ਰਧਾਂਜਲੀ ਵਜੋਂ 2-ਮਿੰਟ ਦਾ ਮੌਨ ਧਾਰਿਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੀੜਤ ਬਹੁਤ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ। ਉਨ੍ਹਾਂ ਨੇ ਸਬੰਧਤ ਡਿਪਟੀ ਕਮਿਸ਼ਨਰਾਂ ਅਤੇ ਪੁਲੀਸ ਅਧਿਕਾਰੀਆਂ ਲਈ ਪੀੜਤਾਂ ਦੇ ਪਰਿਵਾਰਾਂ ਦੀ ਸ਼ਨਾਖਤ ਕਰਨ ਅਤੇ ਮਿਥੀ ਵਾਧੂ ਰਾਹਤ ਮੁਹੱਈਆ ਕਰਵਾਉਣ ਦੀ ਪ੍ਰਕ੍ਰਿਆ ਖਾਤਰ ਦਸ ਦਿਨਾਂ ਦੀ ਸਮਾਂ-ਸੀਮਾਂ ਤੈਅ ਕੀਤੀ ਗਈ ਹੈ। ਮੁੱਖ ਮੰਤਰੀ ਵੱਲੋਂ ਇਸ ਦੁਖਾਂਤ ਦਾ ਸ਼ਿਕਾਰ ਹੋਏ ਪ੍ਰਤੀ ਪੀੜਤ ਦੇ ਪਰਿਵਾਰ ਲਈ 2 ਲੱਖ ਦੀ ਐਕਸ-ਗ੍ਰੇਸ਼ੀਆ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ। ਇਸ ਘਟਨਾ ਵਿੱਚ ਹੁਣ ਤੱਕ 113 ਵਿਅਕਤੀਆਂ ਨੇ ਜਾਨ ਗਵਾਈ ਹੈ ਅਤੇ ਕਈ ਇਲਾਜ ਅਧੀਨ ਹਨ ਜੋ ਹਸਪਤਾਲਾਂ ਵਿੱਚ ਮੁਫਤ ਮੁਹੱਈਆ ਕਰਵਾਇਆ ਜਾ ਰਿਹਾ ਹੈ।