
ਬਜਟ ਵਿਚ ਸਿੱਖ ਵਿਰੋਧੀ ਦੰਗਿਆਂ ਦੇ ਮੁਆਵਜ਼ੇ ਦੇ ਭੁਗਤਾਨ ਲਈ 4.5 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ
ਨਵੀਂ ਦਿੱਲੀ, 5 ਅਗੱਸਤ : ਸਰਕਾਰ ਨੇ ਵੀਰਵਾਰ ਨੂੰ ਦਸਿਆ ਕਿ ਸਾਲ 2021-22 ਦੇ ਕੇਂਦਰੀ ਬਜਟ ’ਚ 1984 ਦੇ ਸਿੱਖ ਵਿਰੋਧੀ ਦੰਗਿਆਂ ’ਚ ਮਾਰੇ ਗਏ ਲੋਕਾਂ ਦੇ ਪ੍ਰਵਾਰਾਂ ਨੂੰ ਵਧੇ ਹੋਏ ਮੁਆਵਜ਼ੇ ਦੇ ਭੁਗਤਾਨ ਲਈ 4.5 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਲੋਕ ਸਭਾ ਵਿਚ ਸੰਤੋਸ਼ ਪਾਂਡੇ ਦੇ ਸਵਾਲ ਦੇ ਲਿਖਤ ਜਵਾਬ ’ਚ ਘੱਟ ਗਿਣਤੀ ਬਾਰੇ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਕੇਂਦਰ ਸਰਕਾਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਰਾਹਤ ਦੇਣ ਲਈ ਮੁੜ ਵਸੇਬਾ ਪੈਕੇਜ ਪੇਸ਼ ਕੀਤਾ ਸੀ। ਇਸ ਯੋਜਨਾ ਵਿਚ ਹਰੇਕ ਮੌਤ ਦੇ ਮਾਮਲੇ ਵਿਚ 3.5 ਲੱਖ ਰੁਪਏ ਅਤੇ ਜ਼ਖ਼ਮੀ ਹੋਣ ਦੀ ਸੂਰਤ ਵਿਚ 1.25 ਲੱਖ ਰੁਪਏ ਦਾ ਐਕਸ-ਗ੍ਰੇਸੀਆ ਭੁਗਤਾਨ ਸ਼ਾਮਲ ਹੈ।
ਨਕਵੀ ਨੇ ਕਿਹਾ ਕਿ ਇਸ ਯੋਜਨਾ ਵਿਚ ਰਾਜ ਸਰਕਾਰਾਂ ਲਈ ਮਾਰੇ ਗਏ ਲੋਕਾਂ ਦੀਆਂ ਵਿਧਵਾਵਾਂ ਅਤੇ ਬਜ਼ੁਰਗ ਮਾਪਿਆਂ ਨੂੰ 2500 ਰੁਪਏ ਪ੍ਰਤੀ ਮਹੀਨੇ ਦੀ ਪੂਰੀ ਉਮਰ ਲਈ ਪੈਨਸ਼ਨ ਦੇਣ ਦਾ ਵੀ ਪ੍ਰਬੰਧ ਹੈ। ਪੈਨਸ਼ਨ ਦੇ ਭੁਗਤਾਨ ’ਤੇ ਖ਼ਰਚ ਰਾਜ ਸਰਕਾਰ ਦੁਆਰਾ ਕੀਤਾ ਜਾਣਾ ਹੈ।
ਭਾਰਤ ਸਰਕਾਰ ਨੇ ‘84 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਮਾਰੇ ਗਏ, ਪ੍ਰਤੀ ਮਿ੍ਰਤਕ 5 ਲੱਖ ਰੁਪਏ ਦੀ ਵਧੀਕ ਰਾਹਤ ਦੇਣ ਲਈ 2014 ਵਿਚ ਯੋਜਨਾ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ 2021-22 ਦੇ ਕੇਂਦਰੀ ਬਜਟ ਵਿਚ, ‘84 ਦੰਗਿਆਂ ਦੇ ਮਿ੍ਰਤਕਾਂ ਦੇ ਵਾਰਸਾਂ ਨੂੰ ਵਧੇ ਹੋਏ ਮੁਆਵਜ਼ੇ ਦੇ ਭੁਗਤਾਨ ਲਈ 4.5 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ।’’ (ਏਜੰਸੀ)