ਪੁਲਿਸ ਨੇ ਘਟਨਾ ਦੀ ਜਾਂਚ ਕੀਤੀ ਸ਼ੁਰੂ
ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਤੋਂ ਇਕ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੋਂ ਦੇ ਪਿੰਡ ਝਬਾਲ 'ਚ 1500 ਰੁਪਏ ਪਿੱਛੇ ਗੁਆਂਢੀਆਂ ਨੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ।
ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਦੇ ਹੀ ਕੁਝ ਵਿਅਕਤੀਆਂ ਦੇ 1500 ਰੁਪਏ ਦੇਣੇ ਸਨ ਜੋ ਬੀਤੀ ਰਾਤ ਨੌਂ ਕੁ ਵਜੇ ਦੇ ਕਰੀਬ ਘਰ 'ਚ ਤੇਜ਼ਧਾਰ ਹਥਿਆਰਾਂ ਸਮੇਤ ਦਾਖਲ ਹੋ ਕੇ ਪੈਸੇ ਮੰਗਣ ਲੱਗੇ। ਉਸ ਦੇ ਪਤੀ ਨੇ ਸਵੇਰ ਨੂੰ ਪੈਸੇ ਦੇਣ ਬਾਰੇ ਕਿਹਾ ਪਰ ਇਸਦੇ ਬਾਵਜੂਦ ਉਨ੍ਹਾਂ ਨੇ ਝਗੜਾ ਸ਼ੁਰੂ ਕਰ ਦਿੱਤਾ ਤੇ ਦਾਤਰ ਨਾਲ ਵਾਰ ਕੀਤੇ।
ਇਸ ਦੌਰਾਨ ਉਸ ਦੇ ਪਤੀ ਤਰਸੇਮ ਸਿੰਘ ਤੇ ਜੇਠ ਅਵਤਾਰ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ। ਦੋਵੇਂ ਬਚਾਅ ਲਈ ਕੋਠੇ 'ਤੇ ਚੜ੍ਹ ਗਏ ਪਰ ਮੁਲਜ਼ਮ ਵੀ ਉਨ੍ਹਾਂ ਦੇ ਪਿੱਛੇ ਉੱਪਰ ਚੜ੍ਹ ਗਏ ਤੇ ਉੱਥੇ ਹੀ ਮਾਰ-ਕੁਟਾਈ ਸ਼ੁਰੂ ਕਰ ਦਿੱਤੀ।
ਗੁਰਮੀਤ ਕੌਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੇ ਪਤੀ ਨੂੰ ਚੁੱਕ ਕੇ ਨੇੜਿਓਂ ਲੰਘਦੀ ਬਿਜਲੀ ਦੀ ਤਾਰ ਉੱਤੇ ਸੁੱਟ ਦਿੱਤਾ ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਜੇਠ ਦੇ ਗੰਭੀਰ ਜ਼ਖ਼ਮੀ ਹੋਣ ਕਰਕੇ ਤਰਨਤਾਰਨ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ।