
CM ਮਾਨ ਨੇ ਕਿਹਾ ਕਿ ਨੀਤੀ ਆਯੋਗ ਨੇ ਵਾਰ-ਵਾਰ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਚੰਨੀ ਨੂੰ ਪੰਜਾਬ ਦੀਆਂ ਲੋੜਾਂ ਬਾਰੇ ਦੱਸਣ ਲਈ ਕਿਹਾ ਪਰ ਉਹ ਨਹੀਂ ਗਏ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2 ਦਿਨਾਂ ਦੌਰੇ 'ਤੇ ਦਿੱਲੀ ਲਈ ਰਵਾਨਾ ਹੋ ਗਏ ਹਨ। ਦਿੱਲੀ ਵਿਚ ਉਹ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਵਿਚ ਸ਼ਾਮਲ ਹੋਣਗੇ। ਇਸ ਬੈਠਕ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ।
ਰਵਾਨਾ ਹੋਣ ਤੋਂ ਪਹਿਲਾਂ ਮਾਨ ਨੇ ਕਿਹਾ ਕਿ ਨੀਤੀ ਆਯੋਗ ਨੇ ਵਾਰ-ਵਾਰ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਚੰਨੀ ਨੂੰ ਪੰਜਾਬ ਦੀਆਂ ਲੋੜਾਂ ਬਾਰੇ ਦੱਸਣ ਲਈ ਕਿਹਾ ਪਰ ਉਹ ਕਦੇ ਨਹੀਂ ਗਏ। ਸੀਐਮ ਮਾਨ ਨੇ ਕਿਹਾ ਕਿ ਮੈਂ ਆਪਣਾ ਸਾਰਾ ਹੋਮਵਰਕ ਕਰ ਕੇ ਜਾ ਰਿਹਾ ਹਾਂ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਨੀਤੀ ਆਯੋਗ ਦੀ ਬੈਠਕ 2 ਦਿਨ ਲਈ ਹੋਣੀ ਹੈ। ਮੈਂ ਪੰਜਾਬ ਨਾਲ ਜੁੜੀ ਹਰ ਸਮੱਸਿਆ ਕਮਿਸ਼ਨ ਦੇ ਸਾਹਮਣੇ ਰੱਖਾਂਗਾ। ਇਹ ਪੰਜਾਬ ਦੀ ਬਦਕਿਸਮਤੀ ਸੀ ਕਿ ਕੈਪਟਨ ਤੇ ਚੰਨੀ ਵਾਰ-ਵਾਰ ਬੁਲਾਉਣ 'ਤੇ ਵੀ ਨਹੀਂ ਗਏ। 3 ਸਾਲਾਂ ਬਾਅਦ ਪੰਜਾਬ ਦਾ ਕੋਈ ਨੁਮਾਇੰਦਾ ਇਸ ਮੀਟਿੰਗ ਵਿਚ ਜਾ ਰਿਹਾ ਹੈ।
ਸੀਐਮ ਮਾਨ ਨੇ ਕਿਹਾ ਕਿ ਮੀਟਿੰਗ ਵਿਚ ਮੈਂ ਪੰਜਾਬ ਦੇ ਪਾਣੀ, ਕਿਸਾਨਾਂ ਦੀ ਕਰਜ਼ਾ ਮੁਆਫ਼ੀ, ਐਮਐਸਪੀ ਦੀ ਕਾਨੂੰਨੀ ਗਾਰੰਟੀ, ਨਹਿਰੀ ਸਿਸਟਮ ਦੀ ਬਹਾਲੀ, ਬੁੱਢੇ ਨਾਲੇ ਦੀ ਸਫ਼ਾਈ, ਉਦਯੋਗਾਂ ਨੂੰ ਚੰਗਾ ਮਾਹੌਲ ਦੇਣ, ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਪੰਜਾਬ ਦੇ ਮੁੱਦੇ ਉਠਾਵਾਂਗਾ। ਮਾਨ ਨੇ ਕਿਹਾ ਕਿ ਮੈਂ ਨੀਤੀ ਆਯੋਗ ਦੀ 7ਵੀਂ ਮੀਟਿੰਗ ਲਈ ਪੂਰਾ ਭਾਸ਼ਣ ਭੇਜ ਦਿੱਤਾ ਹੈ। ਪੰਜਾਬ ਦੇ ਭਲੇ ਲਈ ਮੈਨੂੰ ਜੋ ਵੀ ਮੌਕਾ ਮਿਲੇਗਾ, ਮੈਂ ਉਸ ਨੂੰ ਨਹੀਂ ਛੱਡਾਂਗਾ।