
ਪੁੱਤ ਦੀ ਸ਼ਿਕਾਇਤ 'ਤੇ ਅਣਪਛਾਤੇ ਵਾਹਨ ਖਿਲਾਫ਼ ਮਾਮਲਾ ਦਰਜ
ਫਰੀਦਕੋਟ :ਫਰੀਦਕੋਟ ਜ਼ਿਲ੍ਹੇ ਵਿਚ ਇਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ। ਉਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਮ੍ਰਿਤਕ ਦੀ ਪਛਾਣ ਮੰਗਲ ਸਿੰਘ ਵਾਸੀ ਸ਼ੇਰ ਸਿੰਘ ਵਾਲਾ ਵਜੋਂ ਹੋਈ ਹੈ। ਮ੍ਰਿਤਕ ਦੇ ਲੜਕੇ ਦੀ ਸ਼ਿਕਾਇਤ ’ਤੇ ਥਾਣਾ ਸਦਰ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿਤੀ ਹੈ।
ਇਹ ਵੀ ਪੜ੍ਹੋ: ਇਸਲਾਮਿਕ ਸਟੇਟ ਨਾਲ ਜੁੜੇ ਦੋ ਅਤਿਵਾਦੀਆਂ ਨੂੰ 'ਆਖਰੀ ਸਾਹ' ਤੱਕ ਕੈਦ ਦੀ ਸਜ਼ਾ
ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਮ੍ਰਿਤਕ ਦੇ ਪੁੱਤਰ ਅਜੈਪਾਲ ਸਿੰਘ ਨੇ ਦਸਿਆ ਕਿ ਉਹ ਅਤੇ ਉਸ ਦਾ ਪਿਤਾ ਵੱਖੋ-ਵੱਖਰੇ ਮੋਟਰਸਾਈਕਲ ’ਤੇ ਮੇਮੂਆਣਾ ਤੋਂ ਆਪਣੇ ਪਿੰਡ ਜਾ ਰਹੇ ਸਨ। ਪਿਤਾ ਅੱਗੇ ਸੀ ਅਤੇ ਉਹ ਕੁਝ ਦੂਰੀ 'ਤੇ ਮਗਰ ਆ ਰਿਹਾ ਸੀ। ਉਹ ਦੋਵੇਂ ਪਿੰਡ ਜੰਡਵਾਲਾ ਨੇੜੇ ਪਹੁੰਚ ਗਏ ਸਨ। ਕਰੀਬ ਸਾਢੇ 8 ਵਜੇ ਦਾ ਸਮਾਂ ਹੋਵੇਗਾ ਕਿ ਕਿਸੇ ਅਣਪਛਾਤੇ ਵਾਹਨ ਦੇ ਚਾਲਕ ਨੇ ਲਾਪਰਵਾਹੀ ਨਾਲ ਪਿਤਾ ਮੰਗਲ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿਤੀ।
ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ NIA ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ
ਅਜੈਪਾਲ ਅਨੁਸਾਰ ਟੱਕਰ ਤੋਂ ਬਾਅਦ ਉਸਦੇ ਪਿਤਾ ਸੜਕ 'ਤੇ ਡਿੱਗ ਗਏ ਪਰ ਜਦੋਂ ਤੱਕ ਉਹ ਮੌਕੇ 'ਤੇ ਪਹੁੰਚਿਆ, ਉਦੋਂ ਤੱਕ ਡਰਾਈਵਰ ਫ਼ਰਾਰ ਹੋ ਚੁੱਕਾ ਸੀ। ਲੋਕਾਂ ਦੀ ਮਦਦ ਨਾਲ ਉਹ ਆਪਣੇ ਪਿਤਾ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲੈ ਗਿਆ, ਜਿਥੇ ਡਾਕਟਰਾਂ ਨੇ ਚੈੱਕਅਪ ਕਰਨ ਉਪਰੰਤ ਪਿਤਾ ਮੰਗਲ ਸਿੰਘ ਨੂੰ ਮ੍ਰਿਤਕ ਐਲਾਨ ਦਿਤਾ। ਥਾਣਾ ਸਦਰ ਫਰੀਦਕੋਟ ਦੇ ਏਐਸਆਈ ਸੁਖਦੱਤਪਾਲ ਨੇ ਦਸਿਆ ਕਿ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।