
ਆਖ਼ਰ ਕੌਣ ਜ਼ਿੰਮੇਵਾਰ ਹੈ ਇਸ ਹਾਦਸੇ ਲਈ?
ਬਟਾਲਾ (ਭੱਲਾ): ਬੀਤੇ ਕਲ ਬਟਾਲਾ ਦੇ ਜਲੰਧਰ ਰੋਡ 'ਤੇ ਹੰਸਲੀ ਨਾਲੇ ਦੇ ਨਜ਼ਦੀਕ ਸਥਿਤ ਇਕ ਪਟਾਕਾ ਬਣਾਉਣ ਵਾਲੀ ਫ਼ੈਕਟਰੀ ਵਿਚ ਜ਼ਬਰਦਸਤ ਧਮਾਕਾ ਹੋ ਗਿਆ। ਧਮਾਕੇ ਵਿਚ 23 ਲੋਕਾਂ ਦੀ ਮੌਤ ਹੋ ਗਈ ਹੈ। ਇਸ ਧਮਾਕੇ ਨੇ ਅਨੇਕਾਂ ਹੀ ਘਰ ਉਜਾੜ ਕੇ ਰੱਖ ਦਿਤੇ ਪਰ ਇਸ ਬਾਰੇ ਹਾਲੇ ਤਕ ਇਹ ਖ਼ੁਲਾਸਾ ਨਹੀਂ ਹੋ ਸਕਿਆ ਕਿ ਇਹ ਸਾਰਾ ਕੁੱਝ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਵਾਪਰਿਆ ਜਾਂ ਫਿਰ ਫ਼ੈਕਟਰੀ ਮਾਲਕ ਹੀ ਪ੍ਰਸ਼ਾਸਨ ਦੀਆਂ ਅੱਖਾਂ 'ਚ ਧੂੜ ਪਾਉਂਦਾ ਰਿਹਾ। ਭਾਵੇਂ ਇਹ ਧਮਾਕਾ ਪਿਛਲੇ ਦਿਨ ਵਾਪਰਿਆ ਪਰ ਹੁਣ ਇਸ ਧਮਾਕੇ ਦੀ ਸੀਸੀਟੀਵੀ ਫ਼ੁਟੇਜ਼ ਸਾਹਮਣੇ ਆਈ ਹੈ।
ਧਮਾਕਾ ਹੋਣ 'ਤੇ ਹਰ ਪਾਸੇ ਭਗਦੜ ਮੱਚ ਗਈ। ਮਲਬੇ ਹੇਠ ਵੱਡੀ ਗਿਣਤੀ ਮਜ਼ਦੂਰ ਦੱਬੇ ਹੋਣ ਕਾਰਨ ਮੌਤ ਹੋਈ ਹੈ। ਫ਼ੁਟੇਜ਼ 'ਚ ਦਿਖਾਈ ਦੇ ਰਿਹਾ ਹੈ ਕਿ ਫ਼ੈਕਟਰੀ ਸਾਹਮਣੇ ਅਦਾਰਾ ਹੈ ਤੇ ਉਸ ਦੇ ਸਾਹਮਣੇ ਇਕ ਸਫ਼ਾਈ ਕਰਮਚਾਰੀ ਸਫ਼ਾਈ ਕਰ ਰਿਹਾ ਹੈ। ਇਸ ਦੇ ਨਾਲ ਹੀ ਇਕ ਨੌਜਵਾਨ ਮੋਟਰਸਾਈਕਲ 'ਤੇ ਲੰਘ ਰਿਹਾ ਹੈ ਤੇ ਅਚਾਨਕ ਧਮਾਕਾ ਹੋਣ ਨਾਲ ਚਾਰੇ ਪਾਸੇ ਧੂੜ ਫੈਲ ਜਾਂਦੀ ਹੈ। ਧਮਾਕੇ ਵਿਚ 23 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ 'ਚੋਂ 20 ਮ੍ਰਿਤਕਾਂ ਦੀ ਪਛਾਣ ਹੋ ਗਈ ਹੈ, ਜਿਸ 'ਚ 5 ਮਾਲਕ, 11 ਨੌਕਰ ਅਤੇ 3 ਰਾਹਗੀਰਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਸਾਰਾ ਸ਼ਹਿਰ ਉਸ ਦੀ ਆਵਾਜ਼ ਨਾਲ ਕੰਬ ਉਠਿਆ।
ਪਟਾਕਾ ਫ਼ੈਕਟਰੀ ਅਤੇ ਉਸ ਦੇ ਨਾਲ ਲਗਦਿਆਂ ਤਿੰਨ ਇਮਾਰਤਾਂ ਪੂਰੀ ਤਰ੍ਹਾਂ ਜ਼ਮੀਨਦੋਸ਼ ਹੋ ਗਈਆਂ, ਜਿਸ ਦੇ ਮਲਬੇ ਹੇਠਾਂ ਦੱਬ ਕੇ ਕਈਆਂ ਨੇ ਦਮ ਤੋੜ ਦਿਤਾ।
ਬੀਤੇ ਕਲ ਬਟਾਲਾ ਦੀ ਪਟਾਕਾ ਫ਼ੈਕਟਰੀ 'ਚ ਹੋਈ ਧਮਾਕੇ ਨਾਲ 23 ਵਿਅਕਤੀ ਮਾਰੇ ਗਏ ਸਨ ਜਦਕਿ 20 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ 5 ਹੀ ਹਾਲਤ ਨੂੰ ਗੰਭੀਰ ਵੇਖਦਿਆਂ ਹੋਇਆ ਅੰਮ੍ਰਿਤਸਰ ਰੈਫ਼ਰ ਕਰ ਦਿਤਾ ਗਿਆ ਸੀ। ਮ੍ਰਿਤਕਾਂ ਵਿਚੋਂ 20 ਜਣਿਆਂ ਦਾ ਸਸਕਾਰ ਕਰ ਦਿਤਾ ਗਿਆ ਅਤੇ 3 ਵਿਅਕਤੀਆਂ ਦੀ ਸ਼ਨਾਖ਼ਤ ਨਾ ਹੋਣ ਕਾਰਨ ਉਨ੍ਹਾਂ ਦੀਆਂ ਲਾਸ਼ਾਂ ਹਸਪਤਾਲ 'ਚ ਰੱਖੀਆਂ ਗਈਆਂ ਹਨ।
ਸੜਕ ਤੋਂ ਲੰਘਦੇ ਮਾਂ-ਪੁੱਤਰ ਵੀ ਮਾਰੇ ਗਏ: ਫ਼ੈਕਟਰੀ 'ਚ ਹੋਏ ਧਮਾਕੇ ਦੌਰਾਨ ਫ਼ੈਕਟਰੀ ਦੇ ਬਾਹਰ ਦੀ ਸੜਕ ਤੋਂ ਸਕੂਟਰੀ 'ਤੇ ਜਾ ਰਹੇ ਮਾਂ-ਪੁੱਤ ਦੀ ਵੀ ਮੌਤ ਜਾਣ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਰਮਨਦੀਪ ਕੌਰ ਪਤਨੀ ਅਸ਼ੀਸ਼ਪਾਲ ਸਿੰਘ ਸੰਧੂ ਵਾਸੀ ਗੁਰੂ ਰਾਮਦਾਸ ਕਲੋਨੀ, ਜੋ ਬਟਾਲਾ ਅਪਣੇ ਛੋਟੇ ਬੱਚੇ ਪਾਹੁਲਦੀਪ ਸਿੰਘ ਨਾਲ ਸਕੂਟਰੀ 'ਤੇ ਸਵਾਰ ਹੋ ਕੇ ਉਥੋਂ ਗੁਜ਼ਰ ਰਹੀ ਸੀ। ਜਦੋਂ ਫ਼ੈਕਟਰੀ 'ਚ ਧਮਾਕਾ ਹੋਇਆ ਤਾਂ ਇਸ ਧਮਾਕੇ ਨੇ ਸੜਕ ਤੋਂ ਲੰਘ ਰਹੇ ਮਾਂ-ਪੁੱਤ ਨੂੰ ਵੀ ਅਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਦੋਹਾਂ ਦੀ ਮੌਤ ਹੋ ਗਈ।
ਫ਼ੈਕਟਰੀ ਮਾਲਕ ਵਿਰੁਧ ਗ਼ੈਰ ਇਰਾਦਾ ਕਤਲ ਦਾ ਮਾਮਲਾ ਦਰਜ
ਧਮਾਕੇ 'ਚ 23 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਮ੍ਰਿਤਕਾਂ 'ਚ ਜ਼ਿਆਦਾ ਗਿਣਤੀ ਮਜ਼ਦੂਰਾਂ ਦੀ ਹੈ। ਇਸ ਧਮਾਕੇ ਤੋਂ ਬਾਅਦ ਸ਼ੁਰੂ ਹੋਇਆ ਬਚਾਅ ਕਾਰਜ ਵੀਰਵਾਰ ਸਵੇਰੇ ਪੂਰਾ ਹੋ ਗਿਆ। ਘਟਨਾ ਵਾਲੀ ਥਾਂ 'ਤੇ ਫ਼ੋਰੈਂਸਿਕ ਟੀਮ ਵੀ ਜਾਂਚ ਲਈ ਪੁੱਜੀ। ਪੁਲਿਸ ਨੇ ਫ਼ੈਕਟਰੀ ਮਾਲਕ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਫ਼ੈਕਟਰੀ ਮਾਲਕ ਜਸਪਾਲ ਸਿੰਘ ਵਿਰੁਧ ਗ਼ੈਰ-ਇਰਾਦਾ ਕਤਲ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਫ਼ੈਕਟਰੀ ਮਾਲਕ ਦੇ ਪਰਵਾਰ ਦੇ 7 ਜੀਅ ਮਾਰੇ ਗਏ
ਬਟਾਲਾ ਪਟਾਕਾ ਫ਼ੈਕਟਰੀ ਧਮਾਕੇ ਵਿਚ ਫ਼ੈਕਟਰੀ ਮਾਲਕ ਦਾ ਸਾਰਾ ਪਰਵਾਰ ਵੀ ਮਾਰਿਆ ਗਿਆ ਹੈ। ਪਤਾ ਲੱਗਾ ਹੈ ਕਿ ਪਰਿਵਾਰ ਦੇ 7 ਜੀਆਂ ਦੀ ਧਮਾਕੇ ਵਿਚ ਮੌਤ ਹੋ ਗਈ ਹੈ। ਫ਼ੈਕਟਰੀ ਨੂੰ ਤਿੰਨ ਭਰਾ ਚਲਾ ਰਹੇ ਸਨ ਜਿਨ੍ਹਾਂ ਵਿਚੋਂ ਇਕ ਹੀ ਜਿਉਂਦਾ ਬਚਿਆ ਹੋਇਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮਾਲਕਾਂ ਨੇ ਫ਼ੈਕਟਰੀ ਦੀ ਮਨਜ਼ੂਰੀ ਲਈ ਅਜੇ ਅਰਜ਼ੀ ਲਾਈ ਹੋਈ ਸੀ ਪਰ ਇਸ ਦੇ ਬਾਵਜੂਦ ਇਹ ਫ਼ੈਕਟਰੀ ਚੱਲ ਰਹੀ ਸੀ।
ਘਟਨਾ ਸਥਾਨ ਤੋਂ ਮਿਲੀ ਬੰਬਨੁਮਾ ਚੀਜ਼
ਧਮਾਕੇ ਤੋਂ ਬਾਅਦ ਹਾਦਸੇ ਵਾਲੀ ਜਗ੍ਹਾ ਤੋਂ ਇਕ ਵਿਅਕਤੀ ਨੂੰ ਬੰਬਨੁਮਾ ਲੋਹੇ ਦੀ ਚੀਜ਼ ਮਿਲੀ, ਜੋ ਕਾਫੀ ਭਾਰੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਕਤ ਵਿਅਕਤੀ ਨੇ ਦਸਿਆ ਕਿ ਜਦੋਂ ਉਹ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚਿਆ ਤਾਂ ਉਸ ਨੂੰ ਉਥੋਂ ਇਹ ਬੰਬਨੁਮਾ ਮਿਲੀ, ਜਿਸ ਨੂੰ ਉਸ ਨੇ ਐਸ.ਐਸ.ਪੀ. ਬਟਾਲਾ ਨੂੰ ਸੌਂਪ ਦਿਤਾ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੇ ਬਟਾਲਾ ਬੰਬ ਧਮਾਕਾ ਦੁਖਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਇਸ ਨੂੰ ਪ੍ਰਸ਼ਾਸਨ ਦੀ ਅਣਗਹਿਲੀ ਦਸਦਿਆਂ ਕਿਹਾ ਕਿ ਜੇ ਨਿਯਮਾਂ ਦੀ ਪਾਲਣਾ ਕੀਤੀ ਹੁੰਦੀ ਤਾਂ ਵੱਡੇ ਦੁਖਾਂਤ ਤੋਂ ਬਚਿਆ ਜਾ ਸਕਦਾ ਸੀ। ਸੁਨੀਲ ਜਾਖੜ ਚਾਹੇ ਸੂਬੇ ਦੀ ਸਿਆਸਤ ਤੋਂ ਹਾਲੇ ਤਕ ਲਾਂਭੇ ਚਲੇ ਆ ਰਹੇ ਹਨ ਪਰ ਉਨ੍ਹਾਂ ਨੇ ਇਸ ਦੁੱਖ ਦੀ ਘੜੀ ਇਹ ਬਿਆਨ ਦੇ ਕੇ ਪੀੜਤ ਪ੍ਰਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।