
ਹਾਥਰਸ ਪੀੜਤ ਪਰਵਾਰ ਨੂੰ ਮਿਲਣ ਪਹੁੰਚੇ ਸੰਜੇ ਸਿੰਘ 'ਤੇ ਸੁੱਟੀ ਸਿਆਹੀ
ਲਖਨਉ, 5 ਅਕਤੂਬਰ : 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਅੱਜ ਪੀੜਤਾ ਦੇ ਪਰਵਾਰ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਸੰਜੇ ਸਿੰਘ ਨੇ ਕਿਹਾ ਕਿ ਪਰਵਾਰ ਡਰਿਆ ਹੋਇਆ ਹੈ, ਪੂਰਾ ਪਿੰਡ ਹੀ ਛਾਉਣੀ 'ਚ ਤਬਦੀਲ ਕਰ ਦਿਤਾ ਗਿਆ ਹੈ। ਸੰਜੇ ਸਿੰਘ ਨੇ ਸੀ.ਬੀ.ਆਈ. ਜਾਂਚ ਨੂੰ ਲੈ ਕੇ ਵੀ ਸਵਾਲ ਚੁਕੇ। ਇਸ ਦੌਰਾਨ ਜਦੋਂ ਸੰਜੇ ਸਿੰਘ ਪਰਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਾਹਰ ਨਿਕਲੇ ਤਾਂ ਉਨ੍ਹਾਂ 'ਤੇ ਕਿਸੇ ਸ਼ਰਾਰਤੀ ਅਨਸਰ ਵਲੋਂ ਸਿਆਹੀ ਸੁੱਟੀ ਗਈ। ਜਿਸ ਨਾਲ 'ਆਪ' ਪਾਰਟੀ ਦੇ ਵਰਕਰਾਂ ਨੇ ਜਮ ਹੰਗਾਮਾ ਕੀਤਾ ਅਤੇ ਨਾਹਰੇਬਾਜ਼ੀ ਕੀਤੀ ਗਈ।
ਸੰਜੇ ਸਿੰਘ ਨੇ ਕਿਹਾ ਕਿ ਇਥੇ ਆਮ ਆਦਮੀ ਨੂੰ ਆਉਣ ਤੋਂ ਰੋਕਿਆ ਜਾ ਰਿਹਾ ਹੈ । ਸਭ ਨੂੰ ਡੰਡੇ ਮਾਰੇ ਜਾ ਰਹੇ ਹਨ। ਹੁਣ ਯੋਗੀ ਜੀ ਇਸ ਬਾਰੇ ਕੀ ਕਹਿਣਾ ਚਾਹੁੰਦੇ ਹਨ, ਉਹ ਖ਼ੁਦ ਨੂੰ ਚੌਕੀਦਾਰ ਕਹਿੰਦੇ ਸਨ। 'ਆਪ' ਆਗੂ ਨੇ ਦੋਸ਼ ਲਗਾਇਆ ਕਿ ਉੱਤਰ ਪ੍ਰਦੇਸ਼ ਦੀ ਸਰਕਾਰ ਦਰਿੰਦਿਆਂ ਨੂੰ ਬਚਾਉਣ 'ਚ ਜੁਟੀ ਹੋਈ ਹੈ, 22 ਸਤੰਬਰ ਦੀ ਰਿਪੋਰਟ 'ਚ ਸਾਫ਼ ਕਿਹਾ ਗਿਆ ਹੈ ਕਿ ਬੇਟੀ ਦਾ ਰੇਪ ਹੋਇਆ ਹੈ। ਅਪਣੀ ਜਾਨ ਗਵਾਉਣ ਤੋਂ ਪਹਿਲਾਂ ਪੀੜਤਾ ਨੇ ਦਰਿੰਦਿਆਂ ਦਾ ਨਾਂ ਦਸਿਆ, ਉਨ੍ਹਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। (ਏਜੰਸੀ)