
ਬਾਇਡਨ ਜਿੱਤ ਦੇ ਨੇੜੇ, ਟਰੰਪ ਕਾਨੂੰਨੀ ਲੜਾਈ ਲਈ ਤਿਆਰ
ਵਾਸ਼ਿੰਗਟਨ, 5 ਨਵੰਬਰ: ਅਮਰੀਕੀ ਚੋਣਾਂ ਵਿਚ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਾਇਡਨ ਜਿੱਤ ਦੇ ਅੰਕੜੇ 270 ਦੇ ਨੇੜੇ ਪੁੱਜ ਗਏ ਹਨ। ਦੂਜੇ ਪਾਸੇ ਰਿਪਬਲਿਕਨ ਪਾਰਟੀ ਦੇ ਉਨ੍ਹਾਂ ਦੇ ਵਿਰੋਧੀ ਡੋਨਲਡ ਟਰੰਪ ਕਾਨੂੰਨੀ ਲੜਾਈ ਲੜਨ ਲਈ ਤਿਆਰ ਹਨ। ਵੱਖ-ਵੱਖ ਮੀਡੀਆ ਗਰੁੱਪਾਂ ਦੇ ਰੁਝਾਨਾਂ ਅਨੁਸਾਰ ਬਾਇਡਨ ਨੂੰ ਹੁਣ ਜਿੱਤ ਲਈ ਸਿਰਫ 6 ਤੋਂ 17 'ਇਲੈਕਟੋਰਲ ਕਾਲਜ ਸੀਟਾਂ' ਦੀ ਹੀ ਲੋੜ ਹੈ ਜਦਕਿ ਟਰੰਪ ਨੇ ਹਾਲੇ 214 ਇਲੈਕਟੋਰਲ ਕਾਲਜ ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ।
ਟਰੰਪ ਨੇ ਬੁਧਵਾਰ ਦੇਰ ਰਾਤ 'ਬੈਟਲਗ੍ਰਾਊਂਡ' ਸੂਬਿਆਂ ਪੈਨਸਿਲਵੇਨੀਆ, ਮਿਸ਼ੀਗਨ, ਨੌਰਥ ਕੈਰੋਲੀਨਾ ਅਤੇ ਜਾਰਜੀਆ ਵਿਚ ਅਪਣੀ ਜਿੱਤ ਦਾ ਐਲਾਨ ਕੀਤਾ ਸੀ। ਬੈਟਲਗ੍ਰਾਊਂਡ ਉਨ੍ਹਾਂ ਸੂਬਿਆਂ ਨੂੰ ਕਿਹਾ ਜਾਂਦਾ ਹੈ ਜਿਥੇ ਰੁਝਾਨ ਸਪੱਸ਼ਟ ਨਹੀਂ ਹੁੰਦਾ। ਅਮਰੀਕੀ ਰਾਸ਼ਟਰਪਤੀ ਨੇ ਲੜੀਵਾਰ ਟਵੀਟ ਕਰ ਕੇ ਕਿਹਾ, ''ਅਸੀਂ ਪੈਨਸਿਲਵੇਨੀਆ, ਜਾਰਜੀਆ ਅਤੇ ਨੌਰਥ ਕੈਰੋਲੀਨਾ ਵਿਚ ਦਾਅਵਾ ਕੀਤਾ ਹੈ। ਇਨ੍ਹਾਂ ਸੂਬਿਆਂ 'ਚ ਟਰੰਪ ਅੱਗੇ ਚੱਲ ਰਹੇ ਸਨ। ਇਸ ਤੋਂ ਇਲਾਵਾ ਅਸੀਂ ਮਿਸ਼ੀਗਨ ਵਿਚ ਵੀ ਦਾਅਵਾ ਕਰ ਰਹੇ ਹਾਂ, ਜਿਥੇ ਵੱਡੀ ਗਿਣਤੀ ਵਿਚ ਲੁਕਵੇਂ ਰੂਪ ਵਿਚ ਵੋਟਾਂ ਹੋਣ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਇਕ ਹੋਰ ਟਵੀਟ ਵਿਚ ਕਿਹਾ ਕਿ ਸਾਡੇ ਵਕੀਲਾਂ ਨੇ 'ਸਾਰਥਕ ਪਹੁੰਚ' ਦੀ ਇਜਾਜ਼ਤ ਮੰਗੀ ਹੈ, ਪਰ ਹੁਣ ਉਸ ਨਾਲ ਕੀ ਲਾਭ ਮਿਲੇਗਾ? ਸਾਡੀ ਪ੍ਰਣਾਲੀ ਦੀ ਅਖੰਡਤਾ ਅਤੇ ਰਾਸ਼ਟਰਪਤੀ ਚੋਣਾਂ ਨੂੰ ਨੁਕਸਾਨ ਪੁੱਜ ਚੁੱਕਾ ਹੈ। ਇਸ ਸਬੰਧੀ ਚਰਚਾ ਕਰਨ ਦੀ ਲੋੜ ਹੈ। ਦੂਜੇ ਪਾਸੇ ਬਾਇਡਨ ਨੇ ਚੋਣਾਂ ਵਿਚ ਅਪਣੀ ਜਿੱਤ ਦਾ ਦਾਅਵਾ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਪ੍ਰਕਿਰਿਆ ਅਤੇ ਇਕ ਦੂਜੇ 'ਤੇ ਵਿਸ਼ਵਾਸ ਰੱਖੋ। ਅਸੀਂ ਇਕੱਠੇ ਇਸ ਵਿਚ ਜੇਤੂ ਰਹਾਂਗੇ। ਟਰੰਪ ਦੀ ਮੁਹਿੰਮ ਚਲਾਉਣ ਵਾਲਿਆਂ ਨੇ ਜਾਰਜੀਆ, ਮਿਸ਼ੀਗਨ ਅਤੇ ਪੈਨਸਿਲਵੇਨੀਆਂ ਵਿਚ ਕੇਸ ਦਰਜ ਕਰਵਾਏ ਹਨ ਅਤੇ ਵਿਸਕਾਨਸਨ ਵਿਚ ਵੋਟਾਂ ਦੀ ਗਿਣਤੀ ਮੁੜ ਕਰਵਾਉਣ ਦੀ ਮੰਗ ਕੀਤੀ ਹੈ। (ਏਜੰਸੀ)