
ਵਿਧਾਇਕ ਗੱਜਣਮਾਜਰਾ ਖ਼ਿਲਾਫ਼ ਪੁਰਾਣੇ 40 ਕਰੋੜ ਦੇ ਲੈਣ-ਦੇਣ ਦੇ ਕੇਸ 'ਚ ਇਹ ਕਾਰਵਾਈ ਕੀਤੀ ਗਈ ਹੈ
Jaswant Singh Gajjanmajra: ਚੰਡੀਗੜ੍ਹ - ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦੋਂ ਈਡੀ ਨੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਹ ਸੰਗਰੂਰ ਵਿਚ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ। ਉਹ ਸੰਗਰੂਰ ਜ਼ਿਲ੍ਹੇ ਦੀ ਅਮਰਗੜ੍ਹ ਸੀਟ ਤੋਂ ਵਿਧਾਇਕ ਹਨ। ਸ਼ਾਮ ਕਰੀਬ 5.30 ਵਜੇ ਈਡੀ ਦੀ ਟੀਮ ਵਿਧਾਇਕ ਦਾ ਮੈਡੀਕਲ ਕਰਵਾਉਣ ਸਿਵਲ ਹਸਪਤਾਲ ਪਹੁੰਚੀ।
ਉਹਨਾਂ ਨੂੰ 40 ਕਰੋੜ ਰੁਪਏ ਦੇ ਪੁਰਾਣੇ ਲੈਣ-ਦੇਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿਚ ਈਡੀ ਨੇ ਪਿਛਲੇ ਸਾਲ ਉਨ੍ਹਾਂ ਦੇ ਘਰ, ਦਫ਼ਤਰ ਅਤੇ ਹੋਰ ਜਾਇਦਾਦਾਂ ਦੀ ਜਾਂਚ ਕੀਤੀ ਸੀ। ਹਾਲਾਂਕਿ ਉਸ ਸਮੇਂ ਵਿਧਾਇਕ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ। ਪਹਿਲਾਂ ਸੂਚਨਾ ਸੀ ਕਿ ਵਿਧਾਇਕ ਨੂੰ ਜਾਂਚ ਵਿਚ ਸ਼ਾਮਲ ਕੀਤਾ ਜਾਵੇਗਾ ਪਰ ਸੋਮਵਾਰ ਨੂੰ ਈਡੀ ਨੇ ਉਹਨਾਂ ਨੂੰ ਗ੍ਰਿਫ਼ਤਾਰ ਹੀ ਕਰ ਲਿਆ।
ਗ੍ਰਿਫ਼ਤਾਰੀ ਤੋਂ ਬਾਅਦ ਉਹਨਾਂ ਨੂੰ ਭਾਰੀ ਸੁਰੱਖਿਆ ਵਿਚਕਾਰ ਈਡੀ ਦੇ ਜਲੰਧਰ ਦਫ਼ਤਰ ਲਿਆਂਦਾ ਗਿਆ। ਇੱਥੇ ਈਡੀ ਦੇ ਅਧਿਕਾਰੀ ਉਹਨਾਂ ਤੋਂ ਪੁੱਛਗਿੱਛ ਕਰ ਰਹੇ ਹਨ। ਦੂਜੇ ਪਾਸੇ ਵਿਧਾਇਕ ਦੀ ਗ੍ਰਿਫ਼ਤਾਰੀ ਦੀ ਖਬਰ ਫ਼ੈਲਦੇ ਹੀ ਜਲੰਧਰ 'ਚ ਈਡੀ ਦਫ਼ਤਰ ਦੇ ਬਾਹਰ 'ਆਪ' ਵਰਕਰਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਸੀ।
ਵਿਧਾਇਕ ਜਸਵੰਤ 'ਤੇ 40 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦਾ ਦੋਸ਼ ਹੈ। ਏਜੰਸੀ ਪਹਿਲਾਂ ਵੀ ਕਈ ਵਾਰ ਜਾਂਚ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਈਡੀ ਨੇ ਸਤੰਬਰ ਮਹੀਨੇ ਗੱਜਣਮਾਜਰਾ ਦੇ ਘਰ ਛਾਪਾ ਮਾਰਿਆ ਸੀ। ਈਡੀ ਦੇ ਅਧਿਕਾਰੀਆਂ ਨੇ ਕਰੀਬ 14 ਘੰਟੇ ਤੱਕ ਉਸ ਦੇ ਘਰ ਦੀ ਤਲਾਸ਼ੀ ਲਈ। ਸੂਤਰਾਂ ਮੁਤਾਬਕ ਮਾਜਰਾ ਨੂੰ ਪਹਿਲਾਂ ਈਡੀ ਨੇ ਪੁੱਛਗਿੱਛ ਲਈ ਹੀ ਬੁਲਾਇਆ ਸੀ। ਪਰ ਸੋਮਵਾਰ ਨੂੰ ਈਡੀ ਨੇ ਉਸਨੂੰ ਅਚਾਨਕ ਹਿਰਾਸਤ ਵਿਚ ਲੈ ਲਿਆ।