
ਪਿਤਾ ਨੇ ਖੁਦ ਕੀਤੀ ਜਾਂਚ
CU Student suicide Case: ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਕੈਂਪਸ ਵਿਚ ਇਕ ਵਿਦਿਆਰਥੀ ਵਲੋਂ 19 ਫਰਵਰੀ 2019 ਨੂੰ ਕਾਲਜ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ 4 ਸਾਲ ਬਾਅਦ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ 4 ਸਾਲਾਂ ਬਾਅਦ ਮ੍ਰਿਤਕ ਦੇ ਦੋ ਸਾਥੀਆਂ ਵਿਰੁਧ ਕੇਸ ਦਰਜ ਕੀਤਾ ਹੈ।
ਥਾਣਾ ਸਿਟੀ ਪੁਲਿਸ ਨੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਦੀ ਅਗਵਾਈ ਹੇਠ ਮ੍ਰਿਤਕ ਦੇ 2 ਕਲਾਸਮੇਟਸ ਵਿਰੁਧ ਆਤਮ-ਹਤਿਆ ਲਈ ਮਜਬੂਰ ਕਰਨ ਸਬੰਧੀ ਧਾਰਾ- 306 ਤਹਿਤ ਕੇਸ ਦਰਜ ਕੀਤਾ।
ਮ੍ਰਿਤਕ ਵਿਦਿਆਰਥੀ ਸ਼ਾਂਤਨੂ (19) ਦੇ ਪਿਤਾ ਦੇਵਾਸ਼ੀਸ਼ ਗਾਂਗੁਲੀ ਨੇ ਸ਼ਿਕਾਇਤ ਵਿਚ ਦਸਿਆ ਕਿ ਉਨ੍ਹਾਂ ਦਾ ਬੇਟਾ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰਦਾ ਸੀ ਤੇ ਯੂਨੀਵਰਸਿਟੀ ਕੈਂਪਸ ਦੇ ਹੋਸਟਲ ਵਿਚ ਰਹਿੰਦਾ ਸੀ। ਕਮਰੇ ਵਿਚ ਦੋ ਹੋਰ ਵਿਦਿਆਰਥੀ ਵੀ ਰਹਿੰਦੇ ਸਨ। ਘਟਨਾ ਵਾਲੇ ਦਿਨ ਬੇਟੇ ਨੇ ਮਾਨਸਿਕ ਤਣਾਅ ਵਿਚ ਆ ਕੇ ਕੈਂਪਸ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਸ ਸਬੰਧੀ ਸਦਰ ਥਾਣੇ ਵਿਚ ਧਾਰਾ- 174 ਤਹਿਤ ਕਾਰਵਾਈ ਕੀਤੀ ਗਈ ਸੀ।
ਇਸ ਮਗਰੋਂ ਮ੍ਰਿਤਕ ਨਾਲ ਪੜ੍ਹਨ ਵਾਲੇ ਹੋਰ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਪਤਾ ਲੱਗਿਆ ਕਿ ਉਸ ਦੇ ਦੋ ਕਲਾਸਮੇਟਸ ਕਿਸੇ ਨਾ ਕਿਸੇ ਕਾਰਨ ਉਸ ਨੂੰ ਤੰਗ ਕਰਦੇ ਰਹਿੰਦੇ ਸਨ। ਉਨ੍ਹਾਂ ਤੋਂ ਤੰਗ ਆ ਕੇ ਹੀ ਉਨ੍ਹਾਂ ਦੇ ਬੇਟੇ ਨੇ ਇਹ ਕਦਮ ਚੁੱਕਿਆ ਸੀ। ਇਸ ਮਾਮਲੇ ਵਿਚ ਵਿਭਾਗ ਨੇ ਇਕ ਵਾਰ ਫਿਰ ਜਾਂਚ ਸ਼ੁਰੂ ਕੀਤੀ, ਦੌਰਾਨ ਪਤਾ ਲੱਗਿਆ ਕਿ ਸ਼ਾਂਤਨੂ ਦੇ ਦੋ ਰੂਮਮੇਟ ਹੀ ਉਸ ਦੀ ਖੁਦਕੁਸ਼ੀ ਲਈ ਜ਼ਿੰਮੇਵਾਰ ਹਨ। ਪੁਲਿਸ ਨੇ ਕਬੀਰ ਮਹਿਤਾ (ਨਵੀਂ ਦਿੱਲੀ) ਏਤੇ ਸ਼ਕਸ਼ਮ ਤਿਆਗੀ (ਹਿਸਾਰ) ਦੀ ਭਾਲ ਸ਼ੁਰੂ ਕਰ ਦਿਤੀ ਹੈ।