
ਸ਼ਰਧਾਲੂਆਂ ਵਿਚ ਪਾਇਆ ਜਾ ਰਿਹੈ ਰੋਸ
ਚੰਡੀਗੜ੍ਹ : ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਲਈ ਡੇਰਾ ਬਾਬਾ ਨਾਨਕ ਕੌਮਾਂਤਰੀ ਸਰਹੱਦ 'ਤੇ ਲਗਾਈ ਗਈ ਦੂਰਬੀਨ ਹਟਾ ਦਿੱਤੀ ਗਈ ਹੈ। ਅਜਿਹਾ ਹੋਣ ਨਾਲ ਦੂਰਬੀਨ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਆਉਣ ਵਾਲੇ ਸ਼ਰਧਾਲੂਆਂ 'ਚ ਭਾਰੀ ਗੁੱਸਾ ਅਤੇ ਨਾਰਾਜ਼ਗੀ ਹੈ। ਸਖਤ ਸ਼ਰਤਾਂ ਕਾਰਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਪਾਕਿਸਤਾਨ ਜਾਣ 'ਚ ਅਸਮਰੱਥ ਸ਼ਰਧਾਲੂ ਹੁਣ ਦੂਰਬੀਨ ਨਾਲ ਵੀ ਦਰਸ਼ਨ ਕਰਨ ਦੀ ਸਹੂਲਤ ਤੋਂ ਵਾਂਝੇ ਰਹਿ ਜਾਣਗੇ।
file photo
ਪਿਛਲੇ ਕਈ ਦਿਨਾਂ ਤੋਂ ਸ਼ਰਧਾਲੂ ਦੂਰਬੀਨ ਤੋਂ ਦਰਸ਼ਨ ਨਾ ਕਰ ਪਾਉਣ ਕਾਰਨ ਨਿਰਾਸ਼ ਹੋ ਕੇ ਵਾਪਸ ਪਰਤ ਰਹੇ ਹਨ। ਸ਼ਰਧਾਲੂਆਂ ਮੁਤਾਬਕ ਉਹ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਦੂਰਬੀਨ ਦੇ ਦਰਸ਼ਨ ਕਰ ਕੇ ਆਪਣੀ ਧਾਰਮਿਕ ਇੱਛਾ ਨੂੰ ਪੂਰਾ ਕਰਦੇ ਸਨ ਪਰ ਹੁਣ ਅਧਿਕਾਰੀਆਂ ਨੇ ਦੂਰਬੀਨ ਹਟਾ ਦਿੱਤੀ ਹੈ।
file photo
ਦੱਸ ਦਈਏ ਕਿ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੋਂ ਲਗਭਗ ਸਾਢੇ 4 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰਵਾਉਣ ਦੀ ਪਰੰਪਰਾ ਸ਼ੁਰੂ ਕੀਤੀ ਗਈ ਸੀ। ਇਸ ਦੇ ਲਈ ਦੂਰਬੀਨ ਸਥਾਪਤ ਕੀਤੀ ਗਈ ਸੀ, ਜਿਸ ਦਾ ਉਦਘਾਟਨ ਬਾਬਾ ਸੁਖਦੀਪ ਸਿੰਘ ਨੇ 6 ਮਈ 2008 ਨੂੰ ਕੀਤਾ ਸੀ।
file photo
ਕੌਮਾਂਤਰੀ ਸਰਹੱਦ 'ਤੇ ਸਥਾਪਤ ਦੂਰਬੀਨ ਤੋਂ ਦਰਸ਼ਨ ਕਰਵਾਉਣ ਦਾ ਪ੍ਰਬੰਧ ਸੀਮਾ ਸੁਰੱਖਿਆ ਫੌਜ ਵਲੋਂ ਕੀਤਾ ਜਾਂਦਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਲੋਕਾਂ ਲਈ ਕਰਤਾਰਪੁਰ ਲਾਂਘਾ ਖੋਲ੍ਹਿਆ ਹੈ, ਜੋ 20 ਡਾਲਰ ਦੀ ਫੀਸ ਦੇਣ 'ਚ ਸਮਰੱਥ ਹਨ। ਪਰ ਜਿਹੜੇ ਲੋਕ ਫੀਸ ਨਹੀਂ ਦੇ ਸਕਦੇ, ਉਹ ਕੀ ਕਰਨ। ਦੂਰਬੀਨ ਹਟਾ ਕੇ ਉਨ੍ਹਾਂ ਨੂੰ ਦਰਸ਼ਨ ਕਰਨ ਤੋਂ ਵਾਂਝੇ ਕਰ ਦਿੱਤਾ ਗਿਆ ਹੈ।