
ਭਾਰਤ ਵਿਚ ਜੋਰਾਂ ਤੇ ਚੱਲ ਰਹੀ ਹੈ ਕਰਤਾਰਪੁਰ ਲਾਂਘੇ ਦੇ ਕੰਮ ਦੀ ਤਿਆਰੀ
ਦੋ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣਨ ਜਾ ਰਹੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ ਵਾਲੇ ਪਾਸੇ ਕੰਮ ਵਿਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਪਰ ਇਸ ਦੇ ਚਲਦੇ ਸੰਗਤ ਲਈ ਇਕ ਅਜਿਹੀ ਖ਼ਬਰ ਵੀ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਉਹਨਾਂ ਨੂੰ ਕੁੱਝ ਨਿਰਾਸ਼ਾ ਹੋਵੇਗੀ। ਕਰਤਾਰਪੁਰ ਲਾਂਘੇ ਨੂੰ ਮੁਕੰਮਲ ਕਰਨ ਲਈ ਭਾਰਤ ਵਾਲੇ ਪਾਸੇ ਬਣੇ ਕਰਤਾਰਪੁਰ ਦਰਸ਼ਨ ਸਥਲ ਜਿਥੇ ਸੰਗਤ ਦੂਰਬੀਨ ਰਾਹੀਂ ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰਦੇ ਹਨ...
Photo
...ਉਸ ਸਥਲ ਨੂੰ ਤੋੜ ਦਿਤਾ ਜਾਵੇਗਾ ਅਤੇ ਆਉਣ ਵਾਲੇ ਕੁੱਝ ਹੀ ਦਿਨਾਂ ਵਿਚ ਸੰਗਤ ਜੋ ਦੂਰਬੀਨ ਰਾਹੀਂ ਦਰਸ਼ਨ ਕਰ ਸਕਦੀ ਸੀ ਉਸ ’ਤੇ ਰੋਕ ਲਗਾ ਦਿਤੀ ਜਾਵੇਗੀ। ਇਸ ਮਾਮਲੇ ਦੀ ਚਾਹੇ ਕੋਈ ਸਰਕਾਰੀ ਤੌਰ ’ਤੇ ਪੁਸ਼ਟੀ ਤਾਂ ਨਹੀਂ ਹੋਈ ਪਰ ਜੋ ਸੰਸਥਾ ਕਰਤਾਰਪੁਰ ਦਰਸ਼ਨ ਸਥਲ ਦੇ ਰੱਖ ਰਖਾਵ ਦੀ ਜ਼ਿੰਮੇਵਾਰੀ ਦੇਖ ਰਹੀ ਹੈ ਉਸ ਵਲੋਂ ਇਸ ਮਾਮਲੇ ਦਾ ਖੁਲਾਸਾ ਕੀਤਾ ਗਿਆ ਹੈ। ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਖੁਲ੍ਹੇ ਲਾਂਘੇ ਦੀ ਮੰਗ ਸਿੱਖ ਸੰਗਤ ਅਤੇ ਨਾਨਕ ਨਾਮ ਲੇਵਾ ਸੰਗਤ ਕਈ ਸਾਲਾਂ ਤੋਂ ਕਰਦੀ ਆ ਰਹੀ ਹੈ।
kartarpur corridor
ਸੰਗਤ ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਸਰਹੰਦ ’ਤੇ ਪਹੁੰਚ ਕੇ ਭਾਰਤ ਵਾਲੇ ਪਾਸੇ ਤੋਂ ਕਰਦੀ ਰਹੀ ਹੈ। ਸੰਗਤ ਦੀ ਸ਼ਰਧਾ ਨੂੰ ਦੇਖਦੇ ਹੋਏ ਬੀ ਐਸ ਐਫ ਦੇ ਅਧਿਕਾਰੀਆਂ ਵਲੋਂ ਇਕ ਧਾਰਮਿਕ ਸੰਸਥਾ ਦੇ ਸਹਿਯੋਗ ਨਾਲ ਕੰਡਿਆਲੀ ਤਾਰ ਦੇ ਨਜ਼ਦੀਕ ਹੀ ਪੱਕੇ ਤੌਰ ’ਤੇ ਕਰਤਾਰਪੁਰ ਦਰਸ਼ਨ ਸਥਲ ਬਣਵਾਇਆ ਗਿਆ ਸੀ। ਇਸ ਸਥਲ ’ਤੇ ਦੂਰਬੀਨ ਸਥਾਪਿਤ ਕੀਤੀਆਂ ਗਈਆਂ ਅਤੇ ਨਜ਼ਦੀਕ ਹੀ ਸੰਗਤ ਦੀ ਸਹੂਲਤ ਲਈ ਇਕ ਕੰਟੀਨ ਵੀ ਬਣਾਈ ਗਈ।
kartarpur corridor
ਇਸ ਸਥਲ ਦਾ ਨਿਰਮਾਣ 6 ਮਈ 2008 ਨੂੰ ਹੋਇਆ ਸੀ ਪਰ ਹੁਣ ਜਦ ਦੋਵੇਂ ਸਰਕਾਰਾਂ ਭਾਰਤ ਅਤੇ ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਐਲਾਨ ਕੀਤਾ ਤਾਂ ਦੋਵੇ ਪਾਸੇ ਜੋ ਲਾਂਘਾ ਜੋੜਨ ਲਈ ਨਿਰਮਾਣ ਕਾਰਜ ਸ਼ੁਰੂ ਕੀਤੇ ਗਏ ਹਨ ਅਤੇ ਇਸ ਨਿਰਮਾਣ ਦੇ ਚਲਦੇ ਇਹ ਸਾਹਮਣੇ ਆ ਰਿਹਾ ਹੈ ਕਿ ਜੋ ਦਰਸ਼ਨ ਸਥਲ ਜਿਥੇ ਸੰਗਤ ਦੂਰਬੀਨ ਰਾਹੀਂ ਦਰਸ਼ਨ ਕਰ ਰਹੀ ਹੈ ਉਸ ਦਰਸ਼ਨ ਸਥਲ ਨੂੰ ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਖ਼ਤਮ ਕੀਤਾ ਜਾ ਰਿਹਾ ਹੈ।
Photo
ਹੁਣ ਕੁਝ ਦਿਨਾਂ ਬਾਅਦ ਸੰਗਤ ਲਈ ਵੀ ਰਸਤਾ ਬੰਦ ਕਰ ਦਿਤਾ ਜਾਵੇਗਾ ਤਾਂ ਜੋ ਕਰਤਾਰਪੁਰ ਲਾਂਘੇ ਦਾ ਕੰਮ ਜਲਦ ਮੁਕੰਮਲ ਕੀਤਾ ਜਾ ਸਕੇ। ਇਸ ਮਾਮਲੇ ਵਿਚ ਦਰਸ਼ਨ ਸਥਲ ਦਾ ਨਿਰਮਾਣ ਕਰਨ ਵਾਲੀ ਸੰਸਥਾ ਅਤੇ ਦੇਖ ਸੰਭਾਲ ਕਰ ਰਹੇ ਬਾਬਾ ਸੁਖਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਹਨਾਂ ਨੂੰ ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਇਹ ਜਾਣਕਾਰੀ ਦਿਤੀ ਗਈ ਹੈ ਕਿ ਇਸ ਦਰਸ਼ਨ ਸਥਲ ਨੂੰ ਖ਼ਤਮ ਕਰ ਕੇ ਇਸ ਰਸਤੇ ਨੂੰ 6 ਮਈ ਤੋਂ ਸੰਗਤ ਲਈ ਬੰਦ ਕੀਤਾ ਜਾ ਰਿਹਾ ਹੈ।
Photo
ਇਸ ਦਾ ਮੁੱਖ ਕਾਰਨ ਇਹ ਹੈ ਕਿ ਕਰਤਾਰਪੁਰ ਦਰਸ਼ਨ ਸਥਲ ’ਤੇ ਪੁਲ ਬਣਨ ਜਾ ਰਿਹਾ ਹੈ ਜੋ ਪਾਕਿਸਤਾਨ ਦੀ ਸਰਹੰਦ ਨੇੜੇ ਜੁੜੇਗਾ। ਉਹਨਾਂ ਅਪੀਲ ਕੀਤੀ ਹੈ ਕਿ ਸੰਗਤ ਲਈ ਕੋਈ ਹੋਰ ਜਗ੍ਹਾ ਦੇਖ ਕੇ ਦਰਸ਼ਨ ਸਥਲ ਬਣਾਉਣ ਦੀ ਆਗਿਆ ਦਿਤੀ ਜਾਵੇ ਤਾਂ ਜੋ ਸੰਗਤ ਦੂਰਬੀਨ ਰਹੀ ਦਰਸ਼ਨ ਕਰ ਸਕੇ। ਉਥੇ ਹੀ ਨਾਨਕ ਨਾਮ ਲੇਵਾ ਅਤੇ ਸਿੱਖ ਸੰਗਤ ਵੀ ਸਰਕਾਰ ਨੂੰ ਅਪੀਲ ਕਰ ਰਹੀ ਹੈ ਕਿ ਜਿਥੇ ਕਰਤਾਰਪੁਰ ਲਾਂਘੇ ਦਾ ਨਿਰਮਾਣ ਹੋ ਰਿਹਾ ਹੈ ਉਥੇ ਹੀ ਇਕ ਦਰਸ਼ਨ ਸਥਲ ਵੀ ਜ਼ਰੂਰੀ ਹੋਣਾ ਚਾਹੀਦਾ ਹੈ ਤਾਂ ਜੋ ਸੰਗਤ ਜਿਵੇਂ ਸਾਲਾਂ ਤੋਂ ਦੂਰਬੀਨ ਰਾਹੀਂ ਦਰਸ਼ਨ ਕਰ ਰਹੀ ਸੀ ਉਸੇ ਤਰ੍ਹਾਂ ਹੀ ਕਰ ਸਕੇ।
ਕਿਉਂਕਿ ਬਹੁਤੇ ਅਜਿਹੇ ਵੀ ਲੋਕ ਹੋਣਗੇ ਜੋ ਕਿਸੇ ਵਜ੍ਹ ਨਾਲ ਪਾਕਿਸਤਾਨ ਵਿਚ ਗੁਰਦੁਆਰਾ ਸਾਹਿਬ ਜਾ ਕੇ ਨਤਮਸਤਕ ਨਹੀਂ ਹੋ ਪਾਉਣਗੇ ਇਸ ਲਈ ਉਹਨਾਂ ਨੂੰ ਉਹ ਸਹੂਲਤ ਮਿਲ ਸਕੇ ਜੋ ਪਹਿਲਾਂ ਮਿਲ ਰਹੀ ਹੈ।