
ਕੇਂਦਰ ਸਰਕਾਰ ਨੇ ਖਾਦਾਂ 'ਤੇ ਮਿਲਦੀ ਸਬਸਿਡੀ 'ਚ ਕੀਤੀ ਕਟੌਤੀ
ਚੰਡੀਗੜ੍ਹ : ਆਰਥਿਕ ਮੰਦਹਾਲੀ ਨਾਲ ਜੂਝ ਰਹੀ ਪੰਜਾਬ ਦੀ ਕਿਸਾਨੀ ਨੂੰ ਹਾਲ ਹੀ ਵਿਚ ਪੇਸ਼ ਹੋਏ ਕੇਂਦਰੀ ਬਜਟ ਤੋਂ ਰਾਹਤ ਦੀ ਉਮੀਦ ਸੀ, ਜੋ ਪੂਰੀ ਨਹੀਂ ਹੋ ਸਕੀ। ਉਲਟਾ ਇਸ ਬਜਟ ਵਿਚ ਕਿਸਾਨਾਂ ਨੂੰ ਖਾਦਾਂ 'ਤੇ ਮਿਲਦੀ ਸਬਸਿਡੀ 'ਚ ਕਟੌਤੀ ਕਰ ਦਿਤੀ ਗਈ ਸੀ। ਕਰੀਬ 9 ਹਜ਼ਾਰ ਕਰੋੜ ਰੁਪਏ ਦੀ ਕੀਤੀ ਗਈ ਇਸ ਕਟੌਤੀ ਦਾ ਸਭ ਤੋਂ ਜ਼ਿਆਦਾ ਅਸਰ ਪੰਜਾਬ ਦੀ ਕਿਸਾਨੀ 'ਤੇ ਪੈਣ ਦੇ ਅਸਾਰ ਹਨ।
Photo
ਦੇਸ਼ ਭਰ ਵਿਚੋਂ ਖਾਦਾਂ ਦੀ ਵਰਤੋਂ ਕਰਨ ਦੇ ਮਾਮਲੇ 'ਚ ਪੰਜਾਬ ਦੇ ਕਿਸਾਨ ਮੋਹਰੀ ਹਨ। ਇੱਥੇ ਯੂਰੀਆਂ ਅਤੇ ਡੀਏਪੀ ਦੀ ਵੱਡੀ ਪੱਧਰ 'ਤੇ ਵਰਤੋਂ ਹੁੰਦੀ ਹੈ। ਹੁਣ ਜਦੋਂ ਕੇਂਦਰੀ ਬਜਟ ਵਿਚ ਇਨ੍ਹਾਂ ਖਾਦਾਂ 'ਤੇ ਮਿਲਦੀ ਸਬਸਿਡੀ ਵਿਚ ਇੰਨੀ ਵੱਡੀ ਕਟੌਤੀ ਕਰ ਦਿਤੀ ਗਈ ਹੈ, ਤਾਂ ਇਸ ਦਾ ਅਸਰ ਬਾਜ਼ਾਰ ਵਿਚ ਮਿਲ ਰਹੀ ਯੂਰੀਆ ਤੇ ਡੀਏਪੀ ਖਾਦ ਦੇ ਕੀਮਤਾਂ 'ਤੇ ਪੈਣਾ ਵੀ ਤਹਿ ਮੰਨਿਆ ਜਾ ਰਿਹਾ ਹੈ।
Photo
ਅੰਕੜਿਆਂ ਮੁਤਾਬਕ ਪੰਜਾਬ ਵਿਚ ਇਸ ਸਮੇਂ ਸੱਤ ਲੱਖ ਟਨ ਡੀਏਪੀ ਖਾਦ ਦੀ ਵਰਤੋਂ ਹੁੰਦੀ ਹੈ। ਇਸੇ ਤਰ੍ਹਾਂ ਹੀ 28 ਲੱਖ ਟਨ ਦੇ ਕਰੀਬ ਯੂਰੀਆ ਵਰਤਿਆ ਜਾਂਦਾ ਹੈ। ਬਾਜ਼ਾਰ ਵਿਚ ਮਿਲ ਰਹੇ ਡੀਏਪੀ 'ਤੇ ਕੇਂਦਰ ਸਰਕਾਰ ਪ੍ਰਤੀ ਬੋਰੀ 502 ਰੁਪਏ ਸਬਸਿਡੀ ਦਿੰਦੀ ਹੈ। ਇਸੇ ਤਰ੍ਹਾਂ ਯੂਰੀਆਂ 'ਤੇ ਵੀ ਕੇਂਦਰ ਸਰਕਾਰ ਵਲੋਂ 10,000 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਸਬਸਿਡੀ ਦਿਤੀ ਜਾਂਦੀ ਹੈ।
Photo
ਕਿਸਾਨ ਯੂਨੀਅਨਾਂ ਪਹਿਲਾਂ ਹੀ ਕੇਂਦਰ ਸਰਕਾਰ ਵਲੋਂ ਖਾਦਾਂ 'ਤੇ ਦਿਤੀ ਜਾਂਦੀ ਸਬਸਿਡੀ ਤੋਂ ਹੋਲੀ-ਹੋਲੀ ਹੱਥ ਪਿਛੇ ਖਿੱਚਣ ਦੀਆਂ ਸ਼ੰਕਾਵਾਂ ਜ਼ਾਹਰ ਕਰ ਰਹੀਆਂ ਸਨ। ਕੇਂਦਰੀ ਬਜਟ ਦੌਰਾਨ ਖਾਦਾਂ 'ਤੇ ਸਬਸਿਡੀ 'ਤੇ ਕੀਤੀ ਕਟੌਤੀ ਨੂੰ ਇਸੇ ਦਿਸ਼ਾ ਵਿਚ ਚੁਕਿਆ ਗਿਆ ਕਦਮ ਮੰਨਿਆ ਜਾ ਰਿਹਾ ਹੈ।
Photo
ੋਸਬਸਿਡੀ ਵਿਚ 9 ਹਜ਼ਾਰ ਕਰੋੜ ਦੀ ਕਟੌਤੀ ਦਾ ਅਸਰ ਪੰਜਾਬ 'ਚ ਕਿਸਾਨਾਂ ਨੂੰ ਮਿਲਦੀ ਖਾਦ ਦੀਆਂ ਕੀਮਤਾਂ 'ਤੇ ਪੈਣਾ ਤਹਿ ਮੰਨਿਆ ਜਾ ਰਿਹਾ ਹੈ। ਰਸਾਇਣਕ ਖਾਦਾਂ ਨਾਲ ਖੇਤੀ ਕਰਦੇ ਕਿਸਾਨਾਂ ਦੀ ਆਰਥਿਕਤਾ 'ਤੇ ਇਸ ਦਾ ਵੱਡਾ ਅਸਰ ਪੈਣ ਦੇ ਅਸਾਰ ਹਨ। ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਵਲੋਂ ਰਸਾਇਣਕ ਖਾਦਾਂ ਦੀ ਵੱਡੇ ਪੱਧਰ 'ਤੇ ਹੁੰਦੀ ਵਰਤੋਂ ਦੇ ਦੁਰਪ੍ਰਭਾਵਾਂ ਬਾਰੇ ਵੀ ਸਵਾਲ ਉਠਦੇ ਰਹੇ ਹਨ। ਪੰਜਾਬ ਵਿਚ ਜੈਵਿਕ ਖੇਤੀ ਨੂੰ ਉਤਸ਼ਾਹਤ ਕਰਨ ਲਈ ਵੀ ਉਪਰਾਲੇ ਹੋ ਰਹੇ ਹਨ।
Photo
ਕਿਸਾਨਾਂ ਨੂੰ ਜੈਵਿਕ ਖੇਤੀ ਵੱਲ ਮੋੜਨ ਲਈ ਕਈ ਸਮਾਜ ਸੇਵੀ ਸੰਸਥਾਵਾਂ ਤੇ ਵਾਤਾਵਰਣ ਪ੍ਰੇਮੀ ਸਰਗਰਮ ਹਨ। ਕਿਸਾਨਾਂ ਵਿਚ ਜੈਵਿਕ ਖੇਤੀ ਵੱਲ ਮੁੜਨ ਬਾਰੇ ਜਾਗਰੂਕਤਾ ਵੀ ਆ ਰਹੀ ਹੈ ਤੇ ਕਈ ਕਿਸਾਨ ਜੈਵਿਕ ਖੇਤੀ ਨੂੰ ਅਪਨਾ ਵੀ ਚੁੱਕੇ ਹਨ। ਜੈਵਿਕ ਖੇਤੀ ਦੇ ਹਾਮੀ ਕਿਸਾਨਾਂ ਮੁਤਾਬਕ ਰਸਾਇਣਕ ਖਾਦਾਂ ਤੋਂ ਨਿਰਭਰਤਾ ਘਟਾਉਣ ਲਈ ਅਜਿਹੇ ਕਦਮ ਕਾਰਗਰ ਸਾਬਤ ਹੋ ਸਕਦੇ ਹਨ।