
ਭਾਰਤ 'ਚ ਹਰ ਸਾਲ 320 ਲੱਖ ਟਨ ਯੂਰੀਏ ਦੀ ਖਪਤ ਹੁੰਦੀ ਹੈ
ਨਵੀਂ ਦਿੱਲੀ : ਗਲੋਬਲ ਬਾਜ਼ਾਰ 'ਚ ਪੋਟਾਸ਼ ਮਹਿੰਗਾ ਹੋਣ ਤੇ ਰੁਪਏ 'ਚ ਕਮਜ਼ੋਰੀ ਕਾਰਨ ਕਿਸਾਨਾਂ ਨੂੰ ਇਸ ਸੀਜ਼ਨ 'ਚ ਖਾਦਾਂ ਖਰੀਦਣ ਲਈ ਪਿਛਲੀ ਸਰਦੀ 'ਚ ਕੀਮਤਾਂ ਨਾਲੋਂ ਵਧ ਭੁਗਤਾਨ ਕਰਨਾ ਪਵੇਗਾ। ਹੁਣ ਸਰਦੀ ਦੇ ਸੀਜ਼ਨ ਨਾਲੋਂ 10 ਫ਼ੀ ਸਦੀ ਤਕ ਵੱਧ ਮੁੱਲ ਚੁਕਾਉਣਾ ਪਵੇਗਾ। ਹਾਲਾਂਕਿ ਸਰਕਾਰ ਵਲੋਂ ਕੰਟਰੋਲ ਯੂਰੀਏ ਦੀ ਕੀਮਤ ਸਥਿਰ ਰਹੇਗੀ, ਇਸ ਦਾ ਬੋਝ ਨਹੀਂ ਵਧਣ ਵਾਲਾ। ਭਾਰਤ 'ਚ ਹਰ ਸਾਲ 320 ਲੱਖ ਟਨ ਯੂਰੀਏ ਦੀ ਖਪਤ ਹੁੰਦੀ ਹੈ, ਜਿਸ ਦਾ ਲਗਭਗ ਇਕ ਚੌਥਾਈ ਹਿੱਸਾ ਦਰਾਮਦ ਕੀਤਾ ਜਾਂਦਾ ਹੈ, ਜਦੋਂ ਕਿ ਪੋਟਾਸ਼ ਦੀ ਮੰਗ ਦਰਾਮਦ ਨਾਲ ਹੀ ਪੂਰੀ ਕੀਤੀ ਜਾਂਦੀ ਹੈ।
Fertilizers to turn 10% costlier as potash rates rise
ਡੀਏਪੀ, ਨਾਈਟਰੋਜਨ, ਫ਼ਾਸਫੋਰਸ ਅਤੇ ਪੋਟਾਸ਼ ਖਾਦਾਂ ਦੀ ਕੀਮਤ ਵਧਣ ਨਾਲ ਸਭ ਤੋਂ ਵੱਧ ਝਟਕਾ ਝੋਨਾ, ਸੋਇਆਬੀਨ, ਗੰਨੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਲੱਗੇਗਾ। ਫਿਲਹਾਲ ਡੀ. ਏ. ਪੀ. ਇਸ ਵਾਰ ਹਾੜੀ ਸੀਜ਼ਨ ਨਾਲੋਂ 8-10 ਫ਼ੀ ਸਦੀ ਵੱਧ ਮਹਿੰਗਾ ਹੈ। 50 ਕਿਲੋ ਡੀ. ਏ. ਪੀ. ਦਾ ਬੋਰਾ 1,425 ਤੇ 1,450 ਰੁਪਏ 'ਚ ਮਿਲ ਰਿਹਾ ਹੈ। ਉੱਥੇ ਹੀ, ਨਾਈਟਰੋਜਨ, ਫ਼ਾਸਫੋਰਸ ਤੇ ਪੋਟਾਸ਼ ਦੀਆਂ ਕੀਮਤਾਂ ਪਿਛਲੇ ਸੀਜ਼ਨ ਨਾਲੋਂ 7-8 ਫ਼ੀ ਸਦੀ ਵੱਧ 850-1,250 ਰੁਪਏ ਪ੍ਰਤੀ 50 ਕਿਲੋ ਬੋਰੇ ਦੇ ਹਿਸਾਬ ਨਾਲ ਹਨ।
Fertilizers to turn 10% costlier as potash rates rise
ਜ਼ਿਕਰਯੋਗ ਹੈ ਕਿ ਰੂਸ, ਬੇਲਾਰੂਸ, ਕੈਨੇਡਾ, ਜਰਮਨੀ, ਇਜ਼ਰਾਇਲ ਤੇ ਜੋਰਡਨ ਤੋਂ ਭਾਰਤ ਪੋਟਾਸ਼ ਦਰਾਮਦ ਕਰਦਾ ਹੈ। ਗਲੋਬਲ ਮੰਗ ਕਾਰਨ ਪਿਛਲੇ ਇਕ ਸਾਲ 'ਚ ਪੋਟਾਸ਼ ਦੀਆਂ ਕੀਮਤਾਂ 12,000 ਰੁਪਏ ਤੋਂ ਵੱਧ ਕੇ 19,000 ਰੁਪਏ ਪ੍ਰਤੀ ਟਨ ਹੋ ਗਈਆਂ ਹਨ, ਜਿਸ ਕਾਰਨ ਨਾਈਟਰੋਜਨ, ਫ਼ਾਸਫੋਰਸ ਤੇ ਪੋਟਾਸ਼ ਖਾਦਾਂ ਦੇ ਉਤਪਾਦਨ ਦੀ ਲਾਗਤ ਵਧੀ ਹੈ। ਗਲੋਬਲ ਬਾਜ਼ਾਰ 'ਚ ਕੀਮਤਾਂ ਹੋਰ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਕਾਰਨ ਖਾਦਾਂ ਦੀ ਕੀਮਤ ਜਲਦ ਹੀ ਵਧ ਸਕਦੀ ਹੈ।