
ਲਗਾਤਾਰ ਬਣ ਰਹੀਆਂ ਟਿਕ-ਟਾਕ ਵੀਡੀਓ ਨੂੰ ਲੈ ਕੇ ਬੋਲੇ ਜਥੇਦਾਰ
ਅੰਮ੍ਰਿਤਸਰ : ਆਏ ਦਿਨ ਰੂਹਾਨੀਅਤ ਦੇ ਕੇਂਦਰ ਸਚਖੰਡ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਟਿਕ-ਟਾਕ ਵੀਡੀਓ ਬਣਾਉਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਲਗਾਤਾਰ ਬਣ ਰਹੀਆਂ ਟਿਕ-ਟਾਕ ਵੀਡੀਓਜ਼ ਨੂੰ ਲੈ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਆਇਆ ਹੈ।
Photo
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਜੇਕਰ ਇਹ ਘਟਨਾਵਾਂ ਇੰਝ ਹੀ ਵਾਪਰਦੀਆਂ ਰਹੀਆਂ ਤਾਂ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਵੱਲੋਂ ਖਾਸ ਕਰ ਨੋਜਵਾਨ ਪੀੜ੍ਹੀ ਦੇ ਮੋਬਾਇਲ ਫੋਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਜਾਣ ਦੀ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਵੇਗੀ। ਉਹਨਾਂ ਕਿਹਾ ਕਿ ਦਰਬਾਰ ਸਾਹਿਬ ਵਿਚ ਹਰ ਧਰਮ ਦੇ ਲੋਕ ਆਉਂਦੇ ਹਨ ਇਸ ਲਈ ਉਹ ਇੱਥੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਦੇ ਹੱਕ ਵਿਚ ਨਹੀਂ ਹਨ।
Photo
ਪਰ ਇਸ ਸਬੰਧੀ ਭਵਿੱਖ ਵਿਚ ਫੈਸਲਾ ਲਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜੇਕਰ ਇਹਨਾਂ ਗੱਲਾਂ ਤੋਂ ਸੰਗਤਾਂ ਨੂੰ ਰੋਕਿਆ ਜਾਂਦਾ ਹੈ ਜਾਂ ਸਮਝਾਇਆ ਜਾਂਦਾ ਹੈ ਤਾਂ ਉਹ ਸੇਵਾਦਾਰਾਂ ਨਾਲ ਉਲਝਦੇ ਹਨ। ਉਹਨਾਂ ਕਿਹਾ ਕਿ ਇਹ ਬਹੁਤ ਵੱਡੀ ਸਮੱਸਿਆ ਹੈ ਜੇਕਰ ਇਹ ਸਮੱਸਿਆ ਭਵਿੱਖ ਵਿਚ ਵੀ ਇਸ ਤਰ੍ਹਾਂ ਹੀ ਰਹੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਬਾਰ ਸਾਹਿਬ ਅੰਦਰ ਫੋਨ ਲੈ ਕੇ ਜਾਣ ‘ਤੇ ਪਾਬੰਦੀ ਲਗਾ ਸਕਦੀ ਹੈ।
Photo
ਜ਼ਿਕਰਯੋਗ ਹੈ ਕਿ ਅੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਇਸ ਮੌਕੇ ਉਹਨਾਂ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।
Photo
ਦੱਸ ਦਈਏ ਕਿ ਟਿਕ-ਟਾਕ ਅਤੇ ਹੋਰ ਸੋਸ਼ਲ ਮੀਡੀਆਂ ਐਪਲੀਕੇਸ਼ਨਾਂ ਨੇ ਲੋਕਾਂ ਦੇ ਦਿਮਾਗਾਂ ਨੂੰ ਇਸ ਹੱਦ ਤਕ ਖ਼ਰਾਬ ਕਰ ਦਿਤਾ ਹੈ ਕਿ ਉਹ ਊਲ-ਜ਼ਲੂਲ ਹਰਕਤਾਂ ਕਰਨ ਲੱਗਿਆ ਕਿਸੇ ਥਾਂ ਦੀ ਪਵਿੱਤਰਤਾ ਅਤੇ ਮਰਿਆਦਾ ਦਾ ਵੀ ਧਿਆਨ ਨਹੀਂ ਕਰਦੇ। ਬੀਤੇ ਕਈ ਦਿਨਾਂ ਤੋਂ ਲਗਾਤਾਰ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਪੰਜਾਬੀ ਗਾਣਿਆਂ ‘ਤੇ ਵੀਡੀਓਜ਼ ਬਣਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ।