
ਸਿੰਜਾਈ ਲਈ ਵੀ ਮਿਥੇ ਟੀਚੇ ਤੋਂ ਵੱਧ ਪਾਣੀ ਜਾਰੀ, ਆਉਂਦੇ ਸਾਲ ਵੀ ਨਹੀਂ ਰਹੇਗੀ ਪਾਣੀ ਦੀ ਤੋਟ
ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਨੇ ਸਾਲ 2017-18 ਦੌਰਾਨ ਦੇ ਬਿਜਲੀ ਪੈਦਾਵਾਰ ਦੇ ਮਿਥੇ ਟੀਚੇ ਨੂੰ ਸਮਾਂ ਰਹਿੰਦਿਆਂ ਹੀ ਸਰ ਕਰਦੇ ਹੋਏ ਵਾਧੂ ਬਿਜਲੀ ਪੈਦਾ ਕਰਨ ਦਾ ਨਾਮਣਾ ਵੀ ਖੱਟ ਲਿਆ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨੂੰ ਅਜਾਈਂ ਜਾ ਰਿਹਾ ਪੰਜਾਬ ਦਾ ਦਰਿਆਈ ਪਾਣੀ ਰੋਕ ਕੇ ਇਥੇ ਹੀ ਸਿੰਜਾਈ ਲਈ ਵਰਤਣ ਦਾ ਤਜਰਬਾ ਵੀ ਕਾਫੀ ਸਫਲ ਰਿਹਾ ਹੈ। ਹਾਲਾਂਕਿ ਇਸ ਦਾ ਵੱਧ ਲਾਭ ਰਾਜਸਥਾਨ ਨੂੰ ਮਿਲਿਆ ਹੈ।ਦਸਣਯੋਗ ਹੈ ਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ਚ ਦਰਿਆਣਾ ਪਾਣੀਆਂ ਦੀ ਵੰਡ ਦਾ ਮੁੱਦਾ ਪਹਿਲਾਂ ਹੀ ਅਦਾਲਤੀ ਅਤੇ ਸਿਆਸੀ ਲੜਾਈ ਦਾ ਵਿਸ਼ਾ ਬਣਿਆ ਹੋਇਆ ਹੈ। ਪਰ ਬੋਰਡ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਜਾਂਦਾ ਪਾਣੀ ਰੋਕ ਕੇ ਰਾਜਸਥਾਨ ਨੂੰ ਹੀ ਮੁਹਈਆ ਕਰਵਾਇਆ ਜਾ ਸਕਦਾ ਹੈ ਨਹੀਂ ਤਾਂ ਇਸ ਪਾਕਿਸਤਾਨ ਜਾਣਾ ਸੁਭਾਵਿਕ ਹੈ।
ਬੋਰਡ ਦੇ ਚੇਅਰਮੈਨ ਡੀਕੇ ਸ਼ਰਮਾ ਨੇ ਅੱਜ ਇਥੇ ਉਚੇਚੇ ਤੌਰ ਉਤੇ ਸਦੀ ਇਕ ਪ੍ਰੈਸ ਕਾਨਫਰੰਸ ਦੌਰਾਨ ਬੋਰਡ ਦੀ ਸਥਿਤੀ, ਲੰਘੇ ਮਾਲੀ ਸਾਲ ਦੀਆਂ ਪ੍ਰਾਪਤੀਆਂ ਆਦਿ ਬਾਰੇ ਵਿਸਥਾਰਤ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦਸਿਆ ਕਿ ਕੇਂਦਰੀ ਬਿਜਲੀ ਅਥਾਰਟੀ (ਸੀਈਏ) ਵਲੋਂ ਸਾਲ 2017-18 ਲਈ ਬੀਬੀਐਮਬੀ ਨੂੰ 9360 ਮਿਲੀਅਨ ਯੂਨਿਟ ਬਿਜਲੀ ਪੈਦਾਵਾਰ ਦਾ ਟੀਚਾ ਦਿੱਤਾ ਗਿਆ ਸੀ। ਜਿਸ ਨੂੰ ਕਿ 27 ਜਨਵਰੀ 2018 ਨੂੰ ਹੀ ਸਰ ਕਰ ਲਿਆ ਗਿਆ। ਇਸ ਤਰਾਂ 31 ਮਾਰਚ 2018 ਨੂੰ ਵਿਤੀ ਵਰਾ ਮੁਕੰਮਲ ਹੋਣ ਤੱਕ 1521 ਮਿਲੀਅਨ ਯੂਨਿਟ ਵਾਧੂ ਬਿਜਲੀ ਪੈਦਾ ਕਰਦੇ ਹੋਏ ਕੁਲ ਪੈਦਾਵਾਰ 10881 ਮਿਲੀਅਨ ਯੂਨਿਟ ਤੱਕ ਕਰ ਲਈ ਗਈ। ਜਿਸ ਨੂੰ ਬੋਰਡ ਦੇ ਮੈਂਬਰ ਰਾਜਾਂ ਨੂੰ ਕਿਤੇ ਸਸਤੀ ਡਰ ਉਤੇ ਮੁਹਈਆ ਵੀ ਕਰਵਾ ਦਿੱਤਾ ਗਿਆ ਹੈ। ਬੀਤੇ ਮਾਲੀ ਸਾਲ ਦੌਰਾਨ 11 ਸਤੰਬਰ ਨੂੰ ਬੋਰਡ ਦੇ ਬਿਜਲੀ ਘਰਾਂ ਚ ਸਭ ਤੋਂ ਵੱਧ 2566 ਮੈਗਾਵਾਟ ਬਿਜਲੀ ਪੈਦਾਵਾਰ ਦੀ ਸਫਲਤਾ ਮਿਲੀ।
Bhakra dam
ਬੀਬੀਐਮਬੀ ਬਿਜਲੀ ਘਰਾਂ ਚ 12 ਸਤੰਬਰ 2017 ਨੂੰ ਹੀ ਰਿਕਾਰਡ ਬਿਜਲੀ ਪੈਦਾਵਾਰ 473.03 ਲੱਖ ਯੂਨਿਟ ਦਰਜ ਕੀਤੀ ਗਈ, ਜੋ ਕਿ ਇਸ ਤੋਂ ਪਹਿਲਾਂ ਸਭ ਤੋਂ ਉੱਚਤਮ ਪੈਦਾਵਾਰ 2 ਅਗੱਸਤ 2013 ਨੂੰ ਹੋਈ ਸੀ। ਇਸ ਤੋਂ ਇਲਾਵਾ ਮੈਂਬਰ ਪ੍ਰਾਂਤਾਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ ਸਿੰਜਾਈ ਲਈ ਪਾਣੀ ਮੁਹਈਆ ਕਰਵਾਉਣ ਦੇ ਮਿਥੇ ਹਿੱਸੇ ਚ ਵੀ ਇਜਾਫਾ ਹੋਇਆ ਹੈ। ਅੱਜ ਸ਼ੁਕਰਵਾਰ 6 ਅਪ੍ਰੈਲ ਨੂੰ ਭਾਖੜਾ ਡੈਮ ਵਿਚ 1546.53 ਫੁੱਟ ਪਾਣੀ ਦਾ ਪੱਧਰ ਦਰਜ ਕੀਤਾ ਗਿਆ, ਜੋ ਕਿ ਅੱਜ ਦੇ ਦਿਨ ਪਿਛਲੇ ਸਾਲ 1524.30 ਫੁੱਟ ਸੀ। ਇਸੇ ਤਰ੍ਹਾਂ ਪੌਂਗ ਡੈਮ ਵਿਚ ਵੀ ਅੱਜ ਪਾਣੀ ਦਾ ਪੱਧਰ 1292.93 ਫੁੱਟ ਦਰਜ ਕੀਤਾ ਗਿਆ ਹੈ, ਜੋ ਕਿ ਅੱਜ ਦੇ ਦਿਨ ਪਿਛਲੇ ਸਾਲ 1301 ਫੁੱਟ ਸੀ। ਇਸ ਪ੍ਰਕਾਰ ਭਾਖੜਾ ਡੈਮ ਚ ਅੱਜ ਪਾਣੀ ਪਿਛਲੇ ਸਾਲ ਨਾਲੋਂ 22.23 ਫੁੱਟ ਵੱਧ ਜਦਕਿ ਪੌਂਗ ਡੈਮ ਵਿਚ ਪਿਛਲੇ ਸਾਲ ਨਾਲੋਂ ਅੱਜ 8.71 ਫੁੱਟ ਘੱਟ ਦਰਜ ਕੀਤਾ ਗਿਆ ਹੈ। ਪਾਣੀ ਦਾ ਪੱਧਰ ਸੰਤੁਸ਼ਟੀਜਨਕ ਰਿਹਾ ਹੋਣ ਸਦਕਾ ਮੈਂਬਰ ਪ੍ਰਾਂਤਾਂ ਨੂੰ ਪਿਛਲੀ ਵਾਰ ਵੀ ਸਿੰਜਾਈ ਜੋਗਾ ਪਾਣੀ ਮਿਥੇ ਹਿਸੇ ਤੋਂ ਵੱਧ ਮੁਹਈਆ ਕਰਵਾਏ ਜਾਣ ਸਫ਼ਲਤਾ ਮਿਲੀ ਅਤੇ ਬੋਰਡ ਪ੍ਰਬੰਧਕਾਂ ਦੇ ਦਾਅਵੇ ਮੁਤਾਬਕ ਆਉਂਦੇ ਸਾਲ ਹੀ ਲੋੜ ਮੁਤਾਬਕ ਸਿੰਜਾਈ ਯੋਗ ਪਾਣੀ ਆਸਾਨੀ ਨਾਲ ਮੁਹਈਆ ਕਰਵਾਇਆ ਜਾ ਸਕੇਗਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਨੂੰ ਅਜਾਈਂ ਜਾ ਰਹੇ ਪੰਜਾਬ ਦੇ ਦਰਿਆਈ ਪਾਣੀ ਨੂੰ ਹਰੀਕੇ ਪੱਤਣ 'ਤੇ ਰੋਕ ਕੇ ਭਾਰਤ ਵਿਚ ਹੀ ਵਰਤਣ ਵਿਚ ਵੀ ਸਫ਼ਲਤਾ ਮਿਲੀ ਹੈ। ਜਿਸ ਸਦਕਾ ਇਕੱਲੇ ਰਾਜਸਥਾਨ ਨੂੰ ਹੀ ਮਿਥੇ ਹਿਸੇ ਤੋਂ ਪਿਛਲੇ ਸਾਲ ਦੌਰਾਨ 1 ਐੱਮਐਫ ਪਾਣੀ ਮੁਹਈਆ ਕੀਤਾ ਜਾ ਸਕਿਆ ਹੈ। ਜਦਕਿ ਹਰਿਆਣਾ ਨੂੰ ਵੀ ਪਿਛਲੇ ਸਾਲ ਦੌਰਾਨ ਮਿਥੇ ਹਿੱਸੇ ਤੋਂ ਵੱਧ ਪਾਣੀ ਪੁੱਜਦਾ ਕੀਤਾ ਗਿਆ। ਸਾਲ 2017 ਚ ਹੀ ਭਾਖੜਾ ਡੈਮ ਨੂੰ ਪਿਛਲੇ ਪੰਜਾਹ ਵਰ੍ਹਿਆਂ ਤੋਂ ਕਾਰਜਸ਼ੀਲ ਬੈਸਟ ਮੈਂਟੇਨਡ ਪ੍ਰਾਜੈਕਟ ਦੇ ਐਵਾਰਡ ਨਾਲ ਵੀ ਨਿਵਾਜਿਆ ਗਿਆ ਹੈ।