
90 ਸਾਲਾ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸਪੱਸ਼ਟ ਕੀਤਾ ਹੈ ਕਿ ਉਹ ਉਪ ਰਾਸ਼ਟਰਪਤੀ ਦੇ ਅਹੁਦਾ ਦਾ ਉਮੀਦਵਾਰ ਬਣਨ 'ਚ ਦਿਲਚਸਪੀ ਨਹੀਂ ਰਖਦੇ ਅਤੇ ਪਿਛਲੇ 60 ਸਾਲਾਂ
ਚੰਡੀਗੜ੍ਹ, 29 ਜੂਨ (ਜੀ. ਸੀ. ਭਾਰਦਵਾਜ) : 90 ਸਾਲਾ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸਪੱਸ਼ਟ ਕੀਤਾ ਹੈ ਕਿ ਉਹ ਉਪ ਰਾਸ਼ਟਰਪਤੀ ਦੇ ਅਹੁਦਾ ਦਾ ਉਮੀਦਵਾਰ ਬਣਨ 'ਚ ਦਿਲਚਸਪੀ ਨਹੀਂ ਰਖਦੇ ਅਤੇ ਪਿਛਲੇ 60 ਸਾਲਾਂ 'ਚ ਸਿਆਸੀ ਜੀਵਨ 'ਚ ਕੀਤੀ ਲੋਕ ਸੇਵਾ ਨੂੰ ਹੀ ਅੱਗੇ ਜਾਰੀ ਰਖਣਗੇ।
ਅਸੈਂਬਲੀ ਚੋਣਾਂ 'ਚ ਪਾਰਟੀ ਦੀ ਹਾਰ ਮਗਰੋਂ ਕਈ ਮਹੀਨਿਆਂ ਬਾਅਦ, ਚੰਡੀਗੜ੍ਹ ਪਹੁੰਚੇ ਸ. ਬਾਦਲ ਨੇ 'ਰੋਜ਼ਾਨਾ ਸਪੋਕਸਮੈਨ' ਨਾਲ ਕੁੱਝ ਮਿੰਟਾਂ ਦੀ ਮੁਲਾਕਾਤ ਦੌਰਾਨ ਦਸਿਆ ਕਿ ਉਹ ਕੇਵਲ ਅਪਣੇ ਹਲਕੇ ਲੰਬੀ 'ਚ ਹੀ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਅਤੇ ਦਿੱਲੀ ਜਾ ਕੇ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਨਾ ਮੰਗ ਕਰਨਗੇ, ਨਾ ਹੀ ਕੋਈ ਰੁਚੀ ਹੈ ਅਤੇ ਨਾ ਹੀ ਪੰਜਾਬ ਦੇ ਲੋਕਾਂ ਤੋਂ ਦੂਰ ਰਹਿਣ ਦਾ ਵਿਚਾਰ ਰਖਦੇ ਹਨ।
ਜ਼ਿਕਰਯੋਗ ਹੈ ਕਿ ਅੱਜ ਹੀ ਚੋਣ ਕਮਿਸ਼ਨ ਨੇ ਉਪ ਰਾਸ਼ਟਰਪਤੀ ਦੇ ਵੱਡੇ ਅਹੁਦੇ ਲਈ 5 ਅਗੱਸਤ ਨੂੰ ਚੋਣ ਕਰਵਾਉਣ ਦਾ ਐਲਾਨ ਕੀਤਾ ਹੈ। ਪਹਿਲਾਂ ਤਾਂ ਵੱਡੇ ਬਾਦਲ ਨੇ ਕਿਹਾ ਕਿ ਮੈਂ ਇਸ ਉਮੀਦਵਾਰੀ ਬਾਰੇ ਕੋਈ ਟਿਪਣੀ ਨਹੀਂ ਕਰਨਾ ਚਾਹੁੰਦਾ ਪਰ ਮਗਰੋਂ ਸਾਫ਼-ਸਾਫ਼ ਕਹਿ ਦਿਤਾ ਕਿ ਮੇਰਾ ਉਮੀਦਵਾਰ ਬਣਨ ਦਾ ਕੋਈ ਇਰਾਦਾ ਨਹੀਂ।
ਪੰਜਾਬ ਦੀ 100 ਦਿਨਾਂ ਪੁਰਾਣੀ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੇ ਪ੍ਰਾਪਤੀਆਂ ਬਾਰੇ 5 ਵਾਰ ਮੁੱਖ ਮੰਤਰੀ ਰਹੇ ਵੱਡੇ ਬਾਦਲ ਨੇ ਕਿਹਾ ਕਿ ਸਿਰਫ਼ ਇਸ਼ਤਿਹਾਰਾਂ ਤੇ ਐਲਾਨਾਂ 'ਚ ਹੀ ਬੱਲੇ ਬੱਲੇ ਹੋ ਰਹੀ ਹੈ ਪਰ ਜ਼ਮੀਨੀ ਹਕੀਕਤ ਤਾਂ ਜ਼ੀਰੋ ਤੋਂ ਵੀ ਥੱਲੇ ਹੈ।
ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਿਸਾਨੀ ਕਰਜ਼ਾ ਮੁਆਫ਼ੀ ਦਾ ਐਲਾਨ ਬਹੁਤ ਵੱਡਾ ਹੈ ਪਰ ਅਮਲੀ ਤੌਰ 'ਤੇ ਮਨਫ਼ੀ ਹੈ ਕਿਉੁਂਕਿ ਸਹਿਕਾਰੀ ਯਾਨੀ ਕੋ-ਆਪਰੇਟਿਵ ਦੇ ਫ਼ਸਲੀ ਕਰਜ਼ਿਆਂ ਤੋਂ ਇਲਾਵਾ ਬੈਂਕਾਂ ਦੇ ਜ਼ਮੀਨੀ ਕਰਜ਼ੇ, ਆੜ੍ਹਤੀਆਂ ਦੇ ਕਿਸਾਨੀ ਕਰਜ਼ੇ ਤੇ ਹੋਰ ਕਿਸਾਨੀ ਸਮੱਸਿਆਵਾਂ ਤੇ ਮੁਸ਼ਕਲਾਂ ਮਿਲਾ ਕੇ 85 ਹਜ਼ਾਰ ਕਰੋੜ ਦਾ ਭਾਰ ਹੈ, ਕਿਵੇਂ ਮੁਆਫ਼ ਹੋਊ। ਸ. ਬਾਦਲ ਨੇ ਕਿਹਾ ਕਾਂਗਰਸ ਨੇ ਚੋਣ ਮੈਨੀਫ਼ੈਸਟੋ 'ਚ ਵਾਅਦੇ ਕਰ ਕੇ ਸਰਕਾਰ ਤਾਂ ਬਣਾ ਲਈ ਹੈ ਪਰ ਇਹ ਇਕਰਾਰ ਤੇ ਐਲਾਨਾਂ ਨੂੰ ਸਿਰੇ ਚਾੜ੍ਹਨਾ ਅਸੰਭਵ ਹੈ। ਨਾਲੇ ਭਵਿੱਖ ਵਿਚ ਕਿਸਾਨ ਕਰਜ਼ੇ ਨਹੀਂ ਲੈਣਗੇ, ਇਸ ਦੀ ਕੀ ਗਾਰੰਟੀ ਹੈ?
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਜੇ 6000 ਕਰੋੜ ਦੀ ਸਾਲਾਨਾ ਟਿਊਬਵੈਲ ਬਿਜਲੀ ਸਬਸਿਡੀ ਦੇਣੀ ਜਾਰੀ ਰੱਖੇ ਤਾਂ ਗਨੀਮਤ ਹੈ। ਵੱਡੇ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਮੁਫ਼ਤ ਟਿਊੁਬਵੈੱਲ ਬਿਜਲੀ ਦੇ ਕੇ ਕਿਸਾਨਾਂ ਦੀ ਜਾਨ ਬਚਾਈ ਰੱਖੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਚੰਡੀਗੜ੍ਹ ਵਿਚ ਆਉਂਦੇ ਰਹਿਣਗੇ।