
ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਵਿਚ ਆਵਾਰਾ ਕੁੱਤਿਆਂ ਕਾਰਨ ਲੋਕਾਂ 'ਚ ਵਧਦੇ ਜਾ ਰਹੇ ਖ਼ੌਫ਼ ਅਤੇ ਕਈ ਥਾਈਂ ਇਨ੍ਹਾਂ ਦੇ ਵੱਢੇ ਜਾਣ ਕਾਰਨ ਮੌਤਾਂ ਵੀ ਹੋ ਚੁੱਕੀਆਂ ਹੋਣ ਦਾ..
ਚੰਡੀਗੜ੍ਹ, 5 ਜੁਲਾਈ (ਨੀਲ ਭਲਿੰਦਰ ਸਿੰਘ): ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਵਿਚ ਆਵਾਰਾ ਕੁੱਤਿਆਂ ਕਾਰਨ ਲੋਕਾਂ 'ਚ ਵਧਦੇ ਜਾ ਰਹੇ ਖ਼ੌਫ਼ ਅਤੇ ਕਈ ਥਾਈਂ ਇਨ੍ਹਾਂ ਦੇ ਵੱਢੇ ਜਾਣ ਕਾਰਨ ਮੌਤਾਂ ਵੀ ਹੋ ਚੁੱਕੀਆਂ ਹੋਣ ਦਾ ਹਾਈ ਕੋਰਟ ਨੇ ਸਖ਼ਤ ਨੋਟਿਸ ਲਿਆ ਹੈ।
ਹਾਈ ਕੋਰਟ ਨੇ ਅੱਜ ਪੰਜਾਬ, ਹਰਿਆਣਾ ਸਰਕਾਰਾਂ ਅਤੇ ਚੰਡੀਗੜ੍ਹ ਨਗਰ ਨਿਗਮ ਨੂੰ ਆਵਾਰਾ ਕੁੱਤਿਆਂ ਦੇ ਵੱਢੇ ਜਾਣ ਕਾਰਨ ਹੋਈਆਂ ਮੌਤਾਂ, ਜ਼ਖ਼ਮੀਆਂ ਆਦਿ ਲਈ ਮੁਆਵਜ਼ਿਆਂ ਅਤੇ ਇਨ੍ਹਾਂ ਨੂੰ ਰੋਕਣ ਲਈ ਅਪਣੀਆਂ ਤਿਆਰੀਆਂ ਅਤੇ ਯੋਜਨਾਵਾਂ ਪੇਸ਼ ਕਰਨ ਲਈ ਕਿਹਾ ਹੈ। ਇਹ ਕਾਰਵਾਈ ਸਮਾਣਾ ਵਾਸੀ ਸ਼ੈਲਰ ਉਤੇ ਕੰਮ ਕਰਦੇ ਰਾਮ ਕੁਮਾਰ ਨਾਮੀ ਇਕ ਗ਼ਰੀਬ ਪਿਤਾ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕੀਤੀ।
ਰਾਮ ਕੁਮਾਰ ਨੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਸਮਾਣਾ ਵਿਰੁਧ ਇਹ ਪਟੀਸ਼ਨ ਦਾਇਰ ਕਰ ਦਸਿਆ ਹੈ ਕਿ ਪੰਜਵੀਂ ਜਮਾਤ 'ਚ ਪੜ੍ਹਦਾ ਉਸ ਦਾ 12 ਸਾਲਾਂ ਪੁੱਤਰ ਅੰਕਿਤ 5 ਮਾਰਚ 2014 ਨੂੰ ਇਕ ਆਵਾਰਾ ਕੁੱਤੇ ਦੁਆਰਾ ਵੱਢੇ ਜਾਣ ਕਾਰਨ ਮਰ ਗਿਆ। ਇਸ ਪਟੀਸ਼ਨ ਦੀ ਸੁਣਵਾਈ ਕਰ ਰਹੇ ਜਸਟਿਸ ਰਾਕੇਸ਼ ਕੁਮਾਰ ਵਾਲੇ ਬੈਂਚ ਨੇ ਇਸ ਘਟਨਾ ਦਾ ਸਖ਼ਤ ਨੋਟਿਸ ਲਿਆ ਹੈ। ਬੈਂਚ ਨੇ ਇਸ ਮੁੱਦੇ ਉਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਨੋਟਿਸ ਜਾਰੀ ਕਰਨ ਸਣੇ ਪੰਜਾਬ ਦੇ ਡਾਇਰੈਕਟਰ ਸਥਾਨਕ ਸਰਕਾਰਾਂ, ਨਗਰ ਕੌਂਸਲ ਸਮਾਣਾ, ਹਰਿਆਣਾ ਦੇ ਵੀ ਡਾਇਰੈਕਟਰ ਸਥਾਨਕ ਸਰਕਾਰਾਂ ਅਤੇ ਨਗਰ ਨਿਗਮ ਚੰਡੀਗੜ੍ਹ ਨੂੰ ਆਉਂਦੀ 12 ਜੁਲਾਈ ਲਈ ਨੋਟਿਸ ਜਾਰੀ ਕਰ ਦਿਤੇ। ਅਗਲੀ ਸੁਣਵਾਈ ਮਹਿਜ ਅਗਲੇ ਹਫ਼ਤੇ ਹੀ ਹੋਣ ਵਜੋਂ ਬੈਂਚ ਨੇ ਅੱਜ ਹਾਈ ਕੋਰਟ ਰਜਿਸਟਰੀ ਨੂੰ ਵੀ ਉਚੇਚੀ ਤਾਕੀਦ ਕੀਤੀ ਕਿ ਸਬੰਧਤ
ਧਿਰਾਂ ਨੂੰ ਇਹ ਨੋਟਿਸ ਦਸਤੀ ਅਤੇ ਈ-ਮੇਲ ਰਾਹੀਂ ਸਮੇਂ ਸਿਰੇ ਪੁੱਜਦੇ ਕੀਤੇ ਜਾਣ, ਯਕੀਨੀ ਬਣਾਏ ਜਾਣ।
ਬੈਂਚ ਨੇ ਮਾਮਲੇ ਦੀ ਗੰਭੀਰਤਾ ਅਤੇ ਛੇਤੀ ਹੱਲ ਲਈ ਪੰਜਾਬ ਅਤੇ ਹਰਿਆਣਾ ਦੇ ਐਡਵੋਕੇਟ ਜਨਰਲਾਂ ਅਤੇ ਚੰਡੀਗੜ੍ਹ ਦੇ ਸੀਨੀਅਰ ਸਟੈਂਡਿੰਗ ਕੌਂਸਲ ਨੂੰ ਵੀ ਅਦਾਲਤ ਦੀ ਸਹਾਇਤਾ ਹਿਤ ਅਗਲੀ ਸੁਣਵਾਈ ਮੌਕੇ ਆਉਣ ਲਈ ਆਖਿਆ ਹੈ। ਬੈਂਚ ਨੇ ਆਵਾਰਾ ਕੁੱਤਿਆਂ ਨੂੰ ਡੱਕਣ ਅਤੇ ਇਨ੍ਹਾਂ ਦੇ ਪੀੜਤਾਂ ਦੇ ਵਿੱਤੀ ਮਦਦ ਲਈ ਸਰਕਾਰਾਂ ਜਾਂ ਨਗਰ ਨਿਗਮਾਂ ਕੋਲ ਜੋ ਵੀ ਪ੍ਰਬੰਧ, ਨੀਤੀਆਂ, ਯੋਜਨਾਵਾਂ ਆਦਿ ਮੌਜੂਦ ਹੋਣ ਉਹ ਵੀ ਲੈ ਕੇ ਆਉਣ ਲਈ ਆਖਿਆ ਹੈ। ਆਵਾਰਾ ਕੁੱਤਿਆਂ ਜਾਂ ਕਿਸੇ ਵੀ ਹੋਰ ਜਾਨਵਰ ਦੇ ਹਕਲਾਅ ਜਾਣ ਆਦਿ ਦੀ ਸੂਰਤ ਵਿਚ ਨਗਰ ਨਿਗਮ ਜਾਂ ਨਗਰ ਕੌਂਸਲ ਨੂੰ ਕਾਰਵਾਈ ਕਰਨ ਦੀ ਵਿਵਸਥਾ ਵਜੋਂ 'ਪੰਜਾਬ ਮਿਊਂਸੀਪਲ ਐਕਟ, 1911' ਦੀ ਧਾਰਾ 109 ਦਾ ਹਵਾਲਾ ਵੀ ਅੱਜ ਸੁਣਵਾਈ ਮੌਕੇ ਦਿਤਾ।
ਬੈਂਚ ਨੇ ਅੱਜ ਇਹ ਵੀ ਆਖਿਆ ਕਿ ਆਵਾਰਾ ਕੁੱਤਿਆਂ ਦੁਆਰਾ ਬੱਚਿਆਂ ਜਾਂ (ਬਾਕੀ ਸਫ਼ਾ 2 'ਤੇ)
ਵੱਡਿਆਂ ਨੂੰ ਵੱਢੇ ਜਾਣ ਦੀਆਂ ਘਟਨਾਵਾਂ ਆਏ ਦਿਨ ਵਾਪਰ ਰਹੀਆਂ ਹਨ ਤੇ ਇਹ ਇਕ ਖ਼ਤਰਨਾਕ ਵਰਤਾਰਾ ਹੈ।
ਦਸਣਯੋਗ ਹੈ ਪਟੀਸ਼ਨ ਕਰਤਾ ਰਾਮ ਕੁਮਾਰ ਦੇ ਬਾਰਾਂ ਸਾਲ ਦੇ ਪੁੱਤਰ ਅੰਕਿਤ ਨੂੰ ਉਸ ਦੇ ਘਰ ਦੇ ਬਾਹਰ ਖੇਡਦੇ ਵਕਤ ਹੀ ਆਵਾਰਾ ਕੁੱਤੇ ਨੇ ਵੱਢ ਲਿਆ ਸੀ। ਜਦੋਂ ਉਹ ਛੇ ਹਫ਼ਤਿਆਂ ਮਗਰੋਂ ਉਸ ਨੂੰ ਪੰਜਵੇਂ ਐਂਟੀ-ਰੈਬਿਜ ਟੀਕੇ ਲਈ ਸਿਵਲ ਹਸਪਤਾਲ ਸਮਾਣਾ ਲੈ ਕੇ ਗਿਆ ਤਾਂ ਟੀਕਾ ਲੱਗਣ ਮਗਰੋਂ ਬੱਚਾ ਇਕਦਮ ਬੇਹੋਸ਼ ਹੋ ਗਿਆ ਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਰਾਮ ਕੁਮਾਰ ਨੇ ਕਿਹਾ ਕਿ ਆਵਾਰਾ ਕੁੱਤਿਆਂ ਨੂੰ ਸਮੇਂ ਸਿਰ ਖ਼ਤਮ ਨਾ ਕਰਨ ਵਜੋਂ ਨਗਰ ਕੌਂਸਲ ਸਮਾਣਾ ਉਸ ਦੇ ਪੁੱਤਰ ਦੀ ਮੌਤ ਲਈ ਜ਼ਿੰਮੇਵਾਰ ਹੈ, ਜਿਸ ਲਈ ਉਸ ਨੂੰ 10 ਲੱਖ ਰੁਪਏ ਮੁਆਵਜ਼ਾ ਦਿਤਾ ਜਾਵੇ।