
ਟੀਵੀ-9 ਭਾਰਤਵਰਸ਼ ਵਲੋਂ ਕੀਤਾ ਗਿਆ ਸਟਿੰਗ ਅਪਰੇਸ਼ਨ, ਕਿਹਾ-ਇਮਾਨਦਾਰ ਕੋਸ਼ਿਸ਼ਾਂ ਕਰਾਂਗੇ, ਚੋਣ ਜਿੱਤਣਾ ਹੀ ਮਕਸਦ ਨਹੀਂ
ਚੰਡੀਗੜ੍ਹ: ਬੀਤੇ ਦਿਨੀਂ ਟੀਵੀ-9 ਭਾਰਤਵਰਸ਼ ਨੇ ਅਪਣੇ 'ਅਪਰੇਸ਼ਨ ਭਾਰਤਵਰਸ਼' ਤਹਿਤ ਦੇਸ਼ ਦੇ ਕਈ ਸਾਂਸਦਾਂ ਦਾ ਸਟਿੰਗ ਅਪਰੇਸ਼ਨ ਦਿਖਾਇਆ, ਜਿਸ ਵਿਚ ਬਹੁਤ ਸਾਰੇ ਸਾਂਸਦ ਚੋਣ ਖ਼ਰਚ ਲਈ ਕਰੋੜਾਂ ਰੁਪਏ ਦੀ ਮੰਗ ਕਰਦੇ ਨਜ਼ਰ ਆਏ। ਭਾਵ ਕਿ ਲੋਕਤੰਤਰ ਦੀ ਮਰਿਆਦਾ ਨੂੰ ਤਾਰ-ਤਾਰ ਕਰਨ ਵਿਚ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਪਰ ਇਸ ਸਟਿੰਗ ਦੌਰਾਨ ਕੁੱਝ ਅਜਿਹੇ ਨੇਤਾ ਵੀ ਸਾਹਮਣੇ ਆਏ ਜੋ ''ਸਿਆਸੀ ਹਮਾਮ ਵਿਚ ਸਾਰੇ ਨੰਗੇ ਹਨ'' ਵਾਲੀ ਕਹਾਵਤ ਨੂੰ ਪੂਰੀ ਤਰ੍ਹਾਂ ਗ਼ਲਤ ਸਾਬਤ ਕਰਦੇ ਹਨ।
Dr. Dharamveer Gandhi
ਜੀ ਹਾਂ, ਪੰਜਾਬ ਦੀ ਪਟਿਆਲਾ ਸੀਟ ਤੋਂ ਸਾਂਸਦ ਧਰਮਵੀਰ ਗਾਂਧੀ ਅਜਿਹੇ ਹੀ ਨੇਤਾਵਾਂ ਵਿਚੋਂ ਇਕ ਹਨ। ਜਿਨ੍ਹਾਂ ਨੇ ਇਸ ਆਮ ਧਾਰਨਾ ਨੂੰ ਚੁਣੌਤੀ ਦਿਤੀ ਹੈ।
ਟੀਵੀ-9 ਭਾਰਤਵਰਸ਼ ਦੇ ਅੰਡਰਕਰਵ ਰਿਪੋਰਟਰ ਨੇ ਜਦੋਂ ਚੋਣ ਖ਼ਰਚ ਦੇ ਨਾਂਅ 'ਤੇ ਸਾਂਸਦ ਨੂੰ ਮਦਦ ਦੀ ਪੇਸ਼ ਕੀਤੀ ਤਾਂ ਧਰਮਵੀਰ ਗਾਂਧੀ ਨੇ ਸਾਫ਼ ਸ਼ਬਦਾਂ ਵਿਚ ਆਖ ਦਿਤਾ ਕਿ ਅਸੀਂ ਨਿਵੇਸ਼ ਲਈ ਇਮਾਨਦਾਰ ਕੋਸ਼ਿਸ਼ਾਂ ਕਰਾਂਗੇ। ਸਿਰਫ਼ ਚੋਣ ਜਿੱਤਣਾ ਹੀ ਸਾਡਾ ਮਕਸਦ ਨਹੀਂ ਹੈ।
ਦੱਸ ਦਈਏ ਕਿ ਧਰਮਵੀਰ ਗਾਂਧੀ ਪਟਿਆਲਾ ਸੀਟ ਤੋਂ ਸਾਂਸਦ ਹਨ ਜੋ ਪਹਿਲਾਂ ਆਮ ਆਦਮੀ ਪਾਰਟੀ ਦੇ ਮੈਂਬਰ ਸਨ ਪਰ ਅੱਜਕੱਲ੍ਹ ਉਨ੍ਹਾਂ ਨੇ ''ਪੰਜਾਬ ਮੰਚ'' ਨਾਂ ਦੀ ਅਪਣੀ ਖ਼ੁਦ ਦੀ ਪਾਰਟੀ ਬਣਾ ਲਈ ਹੈ। ਧਰਮਵੀਰ ਗਾਂਧੀ ਅਪਣੇ ਕਾਲਜ ਦੇ ਦਿਨਾਂ ਵਿਚ ਗਾਂਧੀ ਐਮਰਜੈਂਸੀ ਦਾ ਵਿਰੋਧ ਕਰਦੇ ਹੋਏ ਅੰਮ੍ਰਿਤਸਰ ਵਿਚ ਇਕ ਮਹੀਨੇ ਲਈ ਹਿਰਾਸਤ ਵਿਚ ਵੀ ਰਹੇ ਸਨ।
Dr. Dharamveer Gandhi
ਗਾਂਧੀ 2011 ਦੇ ਭਾਰਤੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੋਂ ਪ੍ਰੇਰਿਤ ਹੋ ਕੇ ਰਾਜਨੀਤੀ ਵਿਚ ਸ਼ਾਮਲ ਹੋਏ ਸਨ। 2014 ਵਿਚ ਉਨ੍ਹਾਂ ਨੇ 'ਆਪ' ਦੀ ਟਿਕਟ 'ਤੇ ਪਟਿਆਲਾ ਤੋਂ ਲੋਕ ਸਭਾ ਚੋਣ ਲੜ ਕੇ ਜਿੱਤ ਹਾਸਲ ਕੀਤੀ ਸੀ। ਇਸ ਵਾਰ ਫਿਰ ਉਹ ਇਸੇ ਸੀਟ ਤੋਂ ਚੋਣ ਮੈਦਾਨ ਵਿਚ ਹਨ।