
ਨਿੱਜੀ ਸਕੂਲਾਂ ਤੋਂ ਲਗਭਗ 2600 ਤੋਂ ਵੱਧ ਵਿਦਿਆਰਥੀਆਂ ਦਾ ਨਿੱਜੀ ਸਕੂਲਾਂ ਵਿਚੋਂ ਹਟ ਕੇ ਦਾਖਲ ਹੋਣਾ ਸਿੱਖਿਆ ਵਿਭਾਗ ਦੀ ਸਫ਼ਲਤਾ ਆਪ ਮੁਹਾਰੇ ਬਿਆਨ ਕਰਦਾ ਹੈ
ਪੰਜਾਬ- ਪਿਛਲੇ ਦੋ ਸਾਲਾਂ ਦੌਰਾਨ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿਚ ਸਰਕਾਰੀ ਸਕੂਲਾਂ ਵਿਚ ਹਰ ਪੱਖ ਤੋਂ ਸੁਧਾਰ ਹੋ ਰਿਹਾ ਹੈ । ਗੁਣਾਤਮਿਕ ਸਿੱਖਿਆ ਵਿਚ ਤੇਜੀ ਨਾਲ ਹੋ ਰਹੇ ਇਸ ਸੁਧਾਰ ਨੇ ਜਿੱਥੇ ਲੋਕਾਂ ਦੇ ਦਿਲਾਂ ਵਿਚ ਸਰਕਾਰੀ ਸਕੂਲਾਂ ਪ੍ਰਤੀ ਦੁਬਾਰਾ ਇੱਕ ਵਿਸ਼ਵਾਸ਼ ਪੈਦਾ ਕੀਤਾ ਹੈ, ਉੱਥੇ ਲੋਕਾਂ ਨੇ ਆਪਣੇ ਬੱਚਿਆ ਨੂੰ ਨਿੱਜੀ ਸਕੂਲਾਂ ਵਿਚੋਂ ਹਟਾ ਕੇ ਦੁਬਾਰਾ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਸਮੇਂ ਦੌਰਾਨ ਪੜ੍ਹੋ ਪੰਜਾਬ ਪੜਾਓ ਪੰਜਾਬ ਪ੍ਰੋਜੈਕਟ ਨੇ ਦੁਬਾਰਾ ਲੋਕਾਂ ਨੂੰ ਸਰਕਾਰੀ ਸਕੂਲਾਂ ਨਾਲ ਜੋੜ ਦਿੱਤਾ।
ਲੋਕਾਂ ਨੂੰ ਸਰਕਾਰੀ ਸਕੂਲਾਂ ਵਿਚ ਹੋ ਰਹੇ ਵਿੱਦਿਅਕ ਮੁਕਾਬਲਿਆਂ, ਸੱਭਿਆਚਾਰਕ ਗਤੀਵਿਧੀਆਂ, ਵੱਖ ਵੱਖ ਵਿਗਿਆਨਿਕ ਮੁਕਾਬਲਿਆਂ, ਖੇਡਾਂ ਦੇ ਮੁਕਾਬਲਿਆਂ ਅਤੇ ਹੋਰ ਕਈ ਪ੍ਰੋਗਰਾਮਾਂ ਕਾਰਨ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆ ਹੈ। ਜਿਸ ਨਾਲ ਲੋਕਾਂ ਦਾ ਵਿਸ਼ਵਾਸ਼ ਸਰਕਾਰੀ ਸਕੂਲਾਂ ਪ੍ਰਤੀ ਹੋਰ ਵੀ ਮਜਬੂਤ ਹੋਇਆ ਹੈ। ਸਰਕਾਰੀ ਸਮਾਰਟ ਸਕੂਲਾਂ ਦਾ ਕਾਫ਼ਲਾ ਵੀ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਹੈ।
Government School
ਮਹਿੰਗੀਆਂ ਫੀਸਾਂ ਭਰ ਕੇ ਜਿਹੜੀਆਂ ਸਹੂਲਤਾਂ ਲੋਕ ਨਿੱਜੀ ਸਕੂਲਾਂ ਵਿਚੋਂ ਪ੍ਰਾਪਤ ਕਰ ਰਹੇ ਹਨ ਉਹ ਸਾਰੀਆਂ ਸਹੂਲਤਾਂ ਬਿਨਾਂ ਕਿਸੇ ਫੀਸ ਤੋਂ ਜਦੋਂ ਲੋਕਾਂ ਨੇ ਸਰਕਾਰੀ ਸਕੂਲਾਂ ਵਿਚੋਂ ਮਿਲਦੀਆਂ ਦੇਖੀਆਂ ਤਾਂ ਲੋਕ ਆਪ ਮੁਹਾਰੇ ਹੀ ਨਿੱਜੀ ਸਕੂਲਾਂ ਦਾ ਮੋਹ ਤਿਆਗ ਕੇ ਸਰਕਾਰੀ ਸਕੂਲਾਂ ਵੱਲ ਮੁੜ ਪਏ ਹਨ। ਇਸ ਵਾਰ ਸਿੱਖਿਆ ਵਿਭਾਗ ਦੀ ਈਚ ਵਨ ਬਰਿੰਗ ਵਨ ਮੁਹਿੰਮ ਨੇ ਸਰਕਾਰੀ ਸਕੂਲਾਂ ਵਿਚ ਦਾਖਲੇ ਦਾ ਹੜ ਲਿਆ ਦਿੱਤਾ ਹੈ। ਅਧਿਆਪਕ ਸਹਿਬਾਨ ਦੀ ਮਿਹਨਤ ਸਦਕਾ ਵਿਭਾਗ ਇਸ ਮੁਹਿੰਮ ਵਿਚ ਸਫ਼ਲ ਹੁੰਦਾ ਨਜ਼ਰ ਆ ਰਿਹਾ ਹੈ।
ਪੂਰੇ ਪੰਜਾਬ ਵਿਚ ਦਾਖਲਾ ਆਪਣੇ ਪੂਰੇ ਜੋਬਨ ਤੇ ਹੈ। ਲਗਭਗ ਪੰਜਾਬ ਦੇ ਹਰ ਸਰਕਾਰੀ ਸਕੂਲ ਵਿਚ ਨਿੱਜੀ ਸਕੂਲਾਂ ਤੋਂ ਵਿਦਿਆਰਥੀਆਂ ਦਾ ਲਗਾਤਾਰ ਆਉਣਾ ਜਾਰੀ ਹੈ। ਇਸ ਦਾ ਇਕ ਹੋਰ ਵੱਡਾ ਕਾਰਨ ਵੱਖ ਵੱਖ ਮੁਕਾਬਲਿਆਂ ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੁਆਰਾ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਛਾੜ ਕੇ ਅੱਗੇ ਆਉਣਾ ਹੈ। ਇਸ ਵਾਰ ਪੰਜਾਬ ਦੇ ਵਿਦਿਆਰਥੀਆਂ ਦੇ ਵਿਗਿਆਨ ਮੁਕਾਬਲੇ ਵਿਚ ਰਾਸ਼ਟਰੀ ਪੱਧਰ ਤੇ ਆਪਣੀ ਜੋ ਪਹਿਚਾਣ ਬਣਾਈ ਹੈ ਉਹ ਕਿਸੇ ਤੋਂ ਲੁਕੀ ਹੋਈ ਨਹੀਂ ਹੈ।
Private School
ਜਦੋਂ ਇਸ ਬਾਰੇ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਨਵਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦਸਿਆ ਕਿ ਇਸ ਵਾਰ ਜਿਲ੍ਹੇ ਦੇ ਹਰ ਇਕ ਸਕੂਲ ਨੇ ਆਪਣੇ ਪੱਧਰ ਤੇ ਵਧੀਆ ਸ਼ਰੂਆਤ ਕੀਤੀ ਹੈ। ਸ੍ਰੀ ਐਲੀ ਸਕੂਲ ਕੋਟਲੀ ਸਰੂ ਖਾਂ ਵਿਚ ਪਿੰਡ ਦੇ 8, ਬਲਾਕ ਖਡੂਰ ਸਾਹਿਬ ਵਿਚ ਲਗਭਗ 280, ਬਲਾਕ ਨੌਸ਼ਿਹਰਾ ਪੰਨੂਆਂ ਵਿਚ 145, ਤਰਨ ਤਾਰਨ ਵਿਚ 135, ਅਤੇ ਇਸੇ ਤਰਾਂ ਜਿਲ੍ਹੇ ਦੇ ਐਲੀਮੈਂਟਰੀ ਸਕੂਲਾਂ ਵਿਚ ਨਿੱਜੀ ਸਕੂਲਾਂ ਤੋਂ ਲਗਭਗ 2600 ਤੋਂ ਵੱਧ ਵਿਦਿਆਰਥੀਆਂ ਦਾ ਨਿੱਜੀ ਸਕੂਲਾਂ ਵਿਚੋਂ ਹਟ ਕੇ ਦਾਖਲ ਹੋਣਾ ਸਿੱਖਿਆ ਵਿਭਾਗ ਦੀ ਸਫ਼ਲਤਾ ਆਪ ਮੁਹਾਰੇ ਬਿਆਨ ਕਰਦਾ ਹੈ।
ਇਸੇ ਤਰਾਂ ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਵੱਡੇ ਜਿਲ੍ਹਿਆਂ ਵਿਚ ਤਾਂ ਇਹ ਗਿਣਤੀ ਹੋਰ ਵੀ ਕਿਤੇ ਵੱਧ ਹੈ। ਪੰਜਾਬ ਦੇ 22 ਜਿਲ੍ਹਿਆਂ ਨੂੰ ਮਿਲਾ ਕੇ ਵਿਭਾਗ ਇਸ ਵਾਰ ਲਗਭਗ ਆਪਣੀ ਕੁੱਲ ਗਿਣਤੀ ਦਾ 15-20% ਤੱਕ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਸਟੇਟ ਪੱਧਰ ਤੇ ਵਿਭਾਗ ਦੀ ਮੀਡੀਆ ਟੀਮ, ਫੇਸ ਬੁੱਕ ਪੇਜ਼, ਸਕੂਲ ਪੱਧਰ ਤੋਂ ਸਟੇਟ ਪੱਧਰ ਤੱਕ ਮਿਲ ਕੇ ਕੰਮ ਕਰ ਰਹੇ ਵਟਸਐਪ ਗਰੁੱਪ ਵਿਭਾਗ ਦੀ ਇਸ ਸਫ਼ਲਤਾ ਲਈ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ।
Private School
ਪਿੰਡਾ ਦੇ ਲੋਕ, ਐਨ ਆਰ ਆਈ ਵੀਰ, ਪਿੰਡਾ ਦੇ ਸਰਪੰਚ, ਪਤਵੰਤੇ ਸੱਜਣ ਸਕੂਲਾਂ ਦੀ ਦਿੱਖ ਨੂੰ ਸੁਧਾਰਨ ਲਈ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਸਿੱਖਿਆ ਅਫ਼ਸਰ ਸ੍ਰੀ ਕੰਵਲਜੀਤ ਸਿੰਘ ਜੀ ਨੇ ਸਰਕਾਰੀ ਸਕੂਲਾਂ ਵਿਚ ਦਾਖਲੇ ਦੇ ਵਾਧੇ ਨੂੰ ਅਧਿਆਪਕਾਂ ਦੀ ਮਿਹਨਤ ਤੇ ਵਿਭਾਗ ਦੀ ਸਫਲ ਯੋਜਨਾਬੰਦੀ ਦਸਦੇ ਹੋਏ ਭਵਿੱਖ ਵਿਚ ਸਰਕਾਰੀ ਸਕੂਲਾਂ ਦੇ ਉੱਜਲੇ ਭਵਿੱਖ ਦੀ ਕਾਮਨਾ ਕੀਤੀ। ਉਪ ਜਿਲ੍ਹਾ ਸਿੱਖਿਆ ਅਫ਼ਸਰ ਮੈਡਮ ਰੇਖਾ ਮਹਾਜਨ ਜੀ ਨੇ ਜਿੱਥੇ ਆਪਣੇ ਹਰ ਵਿਜ਼ਿਟ ਵਿਚ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਉੱਥੇ ਉਹਨਾਂ ਅਧਿਆਪਕ ਸਹਿਬਾਨ ਵੱਲੋ ਕੀਤੀ ਜਾ ਰਹੀ ਮਿਹਨਤ ਦੀ ਵੀ ਖੂਬ ਪ੍ਰਸ਼ੰਸ਼ਾ ਕੀਤੀ ।