
ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਹਰ ਰੋਜ਼ 50 ਹਜ਼ਾਰ ਸੈਂਪਲ ਲੈਣ ਲਈ ਕਿਹਾ
ਚੰਡੀਗੜ੍ਹ: ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਸਖ਼ਤ ਹੁੰਦੀ ਦਿਖਾਈ ਦੇ ਰਹੀ ਹੈ। ਇਸ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਸੂਬੇ ਵਿਚ ਹਰ ਰੋਜ਼ 2 ਲੱਖ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਦਾ ਟੀਚਾ ਰੱਖਿਆ ਹੈ। ਪੰਜਾਬ ਵਿੱਚ ਕੋਵਿਡ ਪਾਜੇਟਿਵਿਟੀ ਅਤੇ ਮਾਮਲਿਆਂ ਵਿੱਚ ਮੌਤ ਦੀ ਦਰ ਬੀਤੇ ਹਫਤੇ ਕ੍ਰਮਵਾਰ 7.7 ਅਤੇ 2 ਫੀਸਦੀ ਤੱਕ ਪਹੁੰਚ ਜਾਣ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸਿਹਤ ਵਿਭਾਗ ਨੂੰ ਟੀਕਾਕਰਨ ਮੁਹਿੰਮ ਵਿੱਚ ਵਾਧਾ ਕਰਨ ਦੇ ਹੁਕਮ ਦਿੱਤੇ।
Captain Amarinder Singh
ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤਾਂ ਦਿੱਤੀਆਂ ਕਿ ਹਰੇਕ ਪਾਜੇਟਿਵ ਮਰੀਜ਼ ਪਿੱਛੇ 30 ਵਿਅਕਤੀਆਂ ਦੀ ਹੱਦ ਤੱਕ ਸੰਪਰਕ ਟ੍ਰੇਸਿੰਗ ਕੀਤੀ ਜਾਵੇ ਅਤੇ ਸੈਂਪਲਿੰਗ ਦੀ ਗਿਣਤੀ ਪ੍ਰਤੀ ਦਿਨ 50,000 ਤੱਕ ਵਧਾਈ ਜਾਵੇ। ਕੋਵਿਡ ਮਾਮਲਿਆਂ ਵਿੱਚ ਮੌਤ ਦੀ ਦਰ ਵਧਣ ’ਤੇ ਚਿੰਤਾ ਜਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਇਹਨਾਂ ਮੌਤਾਂ ਕਰਕੇ ਉਹਨਾਂ ਨੂੰ ਬਹੁਤ ਦੁੱਖ ਪਹੁੰਚਿਆ ਹੈ ਅਤੇ ਇਹਨਾਂ ਵਿੱਚੋਂ ਕਈ ਮੌਤਾਂ ਤਾਂ ਵਕਤ ਰਹਿੰਦਿਆਂ ਇਲਾਜ ਨਾਲ ਟਾਲੀਆਂ ਜਾ ਸਕਦੀਆਂ ਸਨ। ਉਹਨਾਂ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਨਿਰਦੇਸ਼ ਦਿੱਤੇ ਕਿ ਇਕ ਵਿਆਪਕ ਜਨ ਚੇਤਨਾ ਮੁਹਿੰਮ ਚਲਾਈ ਜਾਵੇ ਅਤੇ ਲੋਕਾਂ ਨੂੰ ਸ਼ੁਰੂਆਤੀ ਦੌਰ ਮੌਕੇ ਹੀ ਹਸਪਤਾਲਾਂ ਵਿਖੇ ਮੁਆਇਨੇ ਲਈ ਜਾਣ ਹਿੱਤ ਪ੍ਰੇਰਿਤ ਕੀਤਾ ਜਾਵੇ।
Coronavirus
ਉਹਨਾਂ ਅੱਗੇ ਕਿਹਾ ਕਿ ਹਸਪਤਾਲਾਂ ਵਿੱਚ ਸਿਹਤ ਸਬੰਧੀ ਸੁਵਿਧਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਕੀਤੇ ਜਾਣ ਦੀ ਵੀ ਲੋੜ ਹੈ ਅਤੇ ਲੋੜੀਂਦੀਆਂ ਸਹੂਲਤਾਂ ਵਾਲੇ ਮਨਜ਼ੂਰਸ਼ੁਦਾ ਹਸਪਤਾਲਾਂ ਦੀ ਸੂਚੀ ਵੀ ਜਨਤਕ ਕਰ ਦਿੱਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਹੋਈਆਂ ਮੌਤਾਂ ਦਾ ਆਡਿਟ ਸਭ ਜ਼ਿਲਿਆਂ ਵੱਲੋਂ ਕੀਤਾ ਜਾਣਾ ਚਾਹੀਦਾ ਹੈ ਅਤੇ ਜਿਨਾਂ ਨਿਜੀ ਸੰਸਥਾਨਾਂ ਵੱਲੋਂ ਮਾਹਿਰਾਂ ਨਾਲ ਸਮੂਹਿਕ ਵਿਚਾਰ ਵਟਾਂਦਰੇ ਵਿੱਚ ਹਿੱਸਾ ਨਹੀਂ ਲਿਆ ਗਿਆ ਉਹਨਾਂ ਨੂੰ ਅਜਿਹਾ ਕਰਨ ਲਈ ਹੱਲਾਸ਼ੇਰੀ ਦਿੱਤੀ ਜਾਣੀ ਚਾਹੀਦੀ ਹੈ।
Coronavirus
ਸਿਹਤ ਵਿਭਾਗ ਵੱਲੋਂ ਮੁੱਖ ਮੰਤਰੀ ਨੂੰ ਸੂਚਿਤ ਕੀਤਾ ਗਿਆ ਸੀ ਕਿ ਪੀ.ਜੀ.ਆਈ. ਵੱਲੋਂ ਪੰਜਾਬ ਦੇ ਮਰੀਜਾਂ ਨੂੰ ਸਹੀ ਮਾਧਿਅਮ ਰਾਹੀਂ ਰੈਫ਼ਰ ਕੀਤੇ ਜਾਣ ਦੇ ਬਾਵਜੂਦ ਵੀ ਦਾਖਲ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਇਸ ’ਤੇ ਕਾਰਵਾਈ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਕੱਲ ਦੀ ਵੀਡੀਓ ਕਾਨਫਰੰਸਿੰਗ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਕੋਲ ਇਹ ਮਾਮਲਾ ਉਠਾਉਣਗੇ ਅਤੇ ਉਹਨਾਂ ਨੂੰ ਬੇਨਤੀ ਕਰਨਗੇ ਕਿ ਉਹ ਪੀ.ਜੀ.ਆਈ. ਨੂੰ ਸੂਬਾ ਸਰਕਾਰ ਦੁਆਰਾ ਰੈਫਰ ਕੀਤੇ ਮਰੀਜਾਂ ਲਈ ਘੱਟੋ-ਘੱਟ 50 ਆਈ.ਸੀ.ਯੂ. ਬੈੱਡ ਰਾਖਵੇਂ ਰੱਖਣ ਲਈ ਨਿਰਦੇਸ ਦੇਣ।
PGI
ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਮੈਡੀਕਲ ਮਾਹਰਾਂ ਨਾਲ ਹਫ਼ਤਾਵਾਰੀ ਕੋਵਿਡ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਟੀਕਾਕਰਨ ਮੁਹਿੰਮ ਤਹਿਤ ਰੋਜਾਨਾ ਲਗਭਗ 90,000 ਲੋਕਾਂ ਨੂੰ ਟੀਕੇ ਲਗਾਏ ਜਾ ਰਹੇ ਹਨ, ਪਰ ਇਸ ਨੂੰ ਰੋਜਾਨਾ 2 ਲੱਖ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਹੈ। ਉਹਨਾਂ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਇਸ ਮੁਹਿੰਮ ਨੂੰ ਹੋਰ ਤੇਜ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ ਕਿਉਂ ਜੋ ਟੀਕਾਕਰਨ ਕੋਰੋਨਾ ਦੇ ਫੈਲਾਅ ਨੂੰ ਰੋਕਣ ਦਾ ਇਕੋ ਇਕ ਜ਼ਰੀਆ ਹੈ।
Captain Amarinder Singh
ਉਹਨਾਂ ਨੇ ਮੁੱਖ ਸਕੱਤਰ ਨੂੰ ਬਿਹਤਰ ਢੰਗ ਨਾਲ ਤਿਆਰ ਕੀਤੀਆਂ ਮੀਡੀਆ ਮੁਹਿੰਮਾਂ ਨਾਲ ਟੀਕਾਕਰਨ ਸਬੰਧੀ ਲੋਕਾਂ ਵਿੱਚ ਫੈਲੀਆਂ ਅਫ਼ਵਾਹਾਂ ਦਾ ਸੁਚੱਜਾ ਹੱਲ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਉਹ ਫਿਰ ਤੋਂ ਕੇਂਦਰ ਸਰਕਾਰ ਨੂੰ ਅਪੀਲ ਕਰਨਗੇ ਕਿ ਉਹ ਉਹਨਾਂ ਖੇਤਰਾਂ ਵਿੱਚ 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਟੀਕਾ ਲਗਵਾਉਣ ਦੀ ਛੋਟ ਦੇਣ ਜਿਹਨਾਂ ਖੇਤਰਾਂ ਵਿੱਚ ਕੋਵਿਡ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ ਹਫ਼ਤਾਵਾਰੀ ਦੁੱਗਣੀ ਹੋ ਰਹੀ ਹੈ। ਉਹਨਾਂ ਆਪਣੀ ਮੰਗ ਨੂੰ ਦੁਹਰਾਇਆ ਕਿ ਕੇਂਦਰ ਸਰਕਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ, ਅਧਿਆਪਕਾਂ, ਕੌਂਸਲਰਾਂ, ਸਰਪੰਚਾਂ ਆਦਿ ਨੂੰ ਟੀਕੇ ਲਗਾਉਣ ਦੀ ਆਗਿਆ ਦੇਣੀ ਚਾਹੀਦੀ ਹੈ।
Corona vaccine
ਕੋਵਿਡ ਟੀਕਿਆਂ ਦੀ ਸਪਲਾਈ ਸਬੰਧੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਸੂਬੇ ਨੂੰ ਟੀਕੇ ਦੀ ਸਪਲਾਈ ਸਬੰਧੀ ਕਿਸੇ ਕਿਸਮ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਮੁੱਖ ਮੰਤਰੀ ਨੂੰ ਸਿਹਤ ਵਿਭਾਗ ਵੱਲੋਂ ਭਰੋਸਾ ਦਿੱਤਾ ਗਿਆ ਕਿ ਰੋਜਾਨਾ ਸੈਪਲਿੰਗ ਵਧਾ ਕੇ 50,000 ਕੀਤੀ ਜਾਵੇਗੀ ਜਿਸ ਵਿੱਚ 35,000 ਆਰਟੀਪੀਸੀਆਰ ਅਤੇ 15,000 ਰੈਪਿਡ ਐਂਟੀਜੇਨ ਟੈਸਟ ਕੀਤੇ ਜਾਣਗੇ। ਉਹਨਾਂ ਨੂੰ ਸੂਚਿਤ ਕੀਤਾ ਗਿਆ ਕਿ ਭਾਰਤ ਸਰਕਾਰ ਦੀਆਂ ਸੰਸਥਾਵਾਂ ਜਿਵੇਂ ਆਈ.ਆਈ.ਐੱਸ.ਈ.ਆਰ., ਆਈ.ਐੱਮ.ਟੈਕ, ਏਮਜ, ਪੀ.ਜੀ.ਆਈ. ਵਿੱਚ ਰੋਜ਼ਾਨਾ ਸਿਰਫ਼ 100 ਸੈਂਪਲ ਲਏ ਜਾ ਰਹੇ ਹਨ ਜੋ ਕਿ ਬਹੁਤ ਘੱਟ ਹਨ ਅਤੇ ਇਹ ਮਾਮਲਾ ਕੇਂਦਰ ਕੋਲ ਉਠਾਇਆ ਜਾ ਰਿਹਾ ਹੈ।
Corona vaccine
ਡੀਜੀਪੀ ਦਿਨਕਰ ਗੁਪਤਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਾਰੇ ਜ਼ਿਲਿਆਂ ਵਿੱਚ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਜਨਤਕ ਤੌਰ ‘ਤੇ ਮਾਸਕ ਨਾ ਪਹਿਨਣ ਵਾਲੇ 2.03 ਲੱਖ ਲੋਕਾਂ ਦਾ ਆਰਟੀਪੀਸੀਆਰ ਟੈਸਟ ਕੀਤਾ ਗਿਆ। ਉਹਨਾਂ ਅੱਗੇ ਕਿਹਾ ਕਿ ਹੁਣ ਤੱਕ 43,000 ਚਲਾਨ ਜਾਰੀ ਕੀਤੇ ਗਏ ਹਨ ਅਤੇ 3.60 ਕਰੋੜ ਰੁਪਏ ਦਾ ਜੁਰਮਾਨਾ ਇਕੱਤਰ ਕੀਤਾ ਗਿਆ। ਇਸ ਤੋਂ ਇਲਾਵਾ 206 ਐਫਆਈਆਰ ਦਰਜ ਕੀਤੀਆਂ ਗਈਆਂ ਅਤੇ 246 ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ। ਟੀਕਾਕਰਨ ਸਬੰਧੀ ਡੀ.ਜੀ.ਪੀ. ਨੇ ਕਿਹਾ ਕਿ 77 ਫ਼ੀਸਦ ਪੁਲਿਸ ਕਰਮਚਾਰੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਅਤੇ 26 ਫ਼ੀਸਦ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।