
ਕਿਹਾ, ਅਸ਼ਵਨੀ ਕਾਫ਼ੀ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ
ਕ੍ਰਿਕਟ ’ਚ ਪੰਜਾਬ ਦੇ ਖਿਡਾਰੀ ਲਗਾਤਾਰ ਮੱਲਾਂ ਮਾਰਦੇ ਆ ਰਹੇ ਹਨ। ਫਿਰ ਚਾਹੇ ਉਹ ਕਪਿਲ ਦੇਵ, ਨਵਜੋਤ ਸਿੰਘ ਸਿੱਧੂ, ਯੁਵਰਾਜ ਸਿੰਘ, ਸੁਭਮਨ ਗਿੱਲ ਤੇ ਅਰਸ਼ਦੀਪ ਸਿੰਘ ਆਦਿ ਕੋਈ ਵੀ ਹੋਵੇ। ਭਾਰਤ ਨੂੰ ਪਹਿਲੀ ਵਾਰ 1983 ’ਚ ਵਿਸ਼ਵ ਕੱਪ ਵੀ ਪੰਜਾਬ ਦੇ ਖਿਡਾਰੀ ਕਪਿਲ ਦੇਵ ਨੇ ਦਿਵਾਇਆ ਸੀ। ਇਸੇ ਤਰ੍ਹਾਂ ਹੁਣ ਪੰਜਾਬ ਦੇ ਜ਼ਿਲ੍ਹਾ ਮੋਹਾਲੀ ਦੇ ਪਿੰਡ ਝੰਜੇੜੀ ਦਾ ਨੌਜਵਾਨ ਖਿਡਾਰੀ ਅਸ਼ਵਨੀ ਕੁਮਾਰ ਉਭਰ ਕੇ ਸਾਹਮਣੇ ਆਇਆ ਹੈ। ਅਸ਼ਵਨੀ ਕੁਮਾਰ ਮੁੰਬਈ ਇੰਡੀਅਨ ਲਈ ਖੇਡਦਾ ਹੈ। ਜਿਸ ਨੇ ਆਈਪੀਐਲ ’ਚ ਆਪਣੇ ਪਹਿਲੇ ਮੈਚ ’ਚ ਹੀ 4 ਵਿਕਟਾਂ ਹਾਸਲ ਕੀਤੀਆਂ ਹਨ ਤੇ ਮੈਨ ਆਫ਼ ਦਿ ਮੈਚ ਚੁਣਿਆ ਗਿਆ।
ਜੋ ਬੜੇ ਹੀ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਪਰਿਵਾਰ ਕੋਲ ਸਿਰਫ਼ ਡੇਢ ਕਿੱਲਾ ਜ਼ਮੀਨ ਹੈ ਜਿਸ ਵਿਚ ਪਰਿਵਾਰ ਖੇਤੀ ਕਰ ਕੇ ਆਪਣਾ ਗੁਜ਼ਾਰਾ ਕਰਦਾ ਹੈ। ਇਕ ਅਜਿਹਾ ਸਮਾਂ ਵੀ ਸੀ ਜਦੋਂ ਅਸ਼ਵਨੀ ਕੁਮਾਰ ਘਰੋਂ 30 ਰੁਪਏ ਲੈ ਕੇ ਸਾਈਕਲ ’ਤੇ ਸਿਖਲਾਈ ਲੈਣ ਲਈ ਮੋਹਾਲੀ ਆਉਂਦਾ ਸੀ। ਜਿਸ ਨੇ ਮਿਹਨਤ ਕਰ ਕੇ ਆਪਣੇ ਚਰਚੇ ਸਾਰੀ ਦੁਨੀਆਂ ਵਿਚ ਕਰਵਾ ਦਿਤੇ ਹਨ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਅਸ਼ਵਨੀ ਕੁਮਾਰ ਦੇ ਕੋਚ ਹਰਵਿੰਦਰ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ 2007-08 ਮੋਹਾਲੀ ਕ੍ਰਿਕਟ ਐਸੋਸੀਏਸ਼ਨ ਨਾਲ ਜੁੜਿਆ ਹੋਇਆ ਹਾਂ। ਸੁਭਮਨ ਗਿੱਲ ਵੀ ਸਾਡੀ ਅਕੈਡਮੀ ਵਿਚ ਹੀ ਸਿਖਲਾਈ ਲੈਂਦਾ ਸੀ।
2015 ਵਿਚ ਅਸ਼ਵਨੀ ਸਾਡੇ ਕੋਲ ਪਹਿਲੀ ਵਾਰ ਸਿਖਲਾਈ ਲੈਣ ਆਇਆ ਸੀ ਤੇ ਉਸ ਸਮੇਂ ਉਸ ਦੀ ਉਮਰ 14 ਸਾਲ ਸੀ। ਮੈਂ ਅਸ਼ਵਨੀ ਦੇ ਪਰਿਵਾਰ ਦਾ ਧਨਵਾਦ ਕਰਦਾ ਹੈ ਕਿ ਉਨ੍ਹਾਂ ਨੇ ਆਪਣੇ ਬੱਚੇ ਨੂੰ ਇੰਨਾ ਸਮਰਥਨ ਕੀਤਾ ਤੇ ਉਨ੍ਹਾਂ ਨੂੰ ਵਧਾਈਆਂ ਦਿੰਦਾ ਹਾਂ ਕਿ ਉਨ੍ਹਾਂ ਦੇ ਬੱਚੇ ਦੀ ਮਿਹਨਤ ਰੰਗ ਲਿਆਈ। ਜਦੋਂ ਅਸ਼ਵਨੀ ਸਾਡੇ ਕੋਲ ਆਇਆ ਸੀ ਤਾਂ ਸਾਡੀ ਅਕੈਡਮੀ ਵਿਚ 150 ਦੇ ਲੱਗਭਗ ਬੱਚੇ ਸਿਖਲਾਈ ਲੈਂਦੇ ਸਨ। ਅਸ਼ਵਨੀ ਦੀ ਖੇਡ ਤੇ ਮਿਹਨਤ ਨੇ ਸਾਡੀ ਟੀਮ ਨੂੰ ਆਪਣੇ ਵੱਲ ਖਿਚਿਆ ਤੇ ਅਸੀਂ ਉਸ ਨੂੰ ਜ਼ਿਲ੍ਹਾ ਪਧਰੀ ਮੁਕਾਬਲੇ ਲਈ ਅੰਡਰ 16 ਦੀ ਟੀਮ ’ਚ ਖੇਡਣ ਲਈ ਚੁਣਿਆ।
ਅਸ਼ਵਨੀ ਸਰੀਰ ਪੱਖੋਂ ਤਕੜਾ ਤੇ ਸੁਭਾਅ ਦਾ ਬਹੁਤ ਚੰਗਾ ਹੈ। ਅਸ਼ਵਨੀ ਇਕ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ, ਜਿਸ ਕਰ ਕੇ ਅਸੀਂ ਵੀ ਉਸ ਨੂੰ ਪੂਰਾ ਸਹਿਯੋਗ ਦਿੰਦੇ ਸੀ। ਖਿਡਾਰੀਆਂ ਲਈ ਖੇਡ ਵਿਚ ਉਤਰਾ ਚੜਾਅ ਆਉਂਦਾ ਰਹਿੰਦਾ ਹੈ, ਪਰ ਜੇ ਖਿਡਾਰੀ ਲਗਨ ਨਾਲ ਖੇਡਦਾ ਰਹੇ ਤੇ ਮਿਹਨਤ ਨਾਲ ਡਟਿਆ ਰਹੇ ਤਾਂ ਇਕ ਨਾ ਇਕ ਦਿਨ ਸਫ਼ਲ ਜ਼ਰੂਰ ਹੁੰਦਾ ਹੈ। ਅਸ਼ਵਨੀ ਵੀ ਰਣਜੀ ਟਰਾਫ਼ੀ ਦੇ ਪਹਿਲੇ ਮੈਚ ਦੌਰਾਨ ਜ਼ਖ਼ਮੀ ਹੋ ਗਿਆ ਸੀ ਪਰ ਉਸ ਨੇ ਹਾਰ ਨਹੀਂ ਮੰਨੀ ਤੇ ਮਿਹਨਤ ਕਰਦਾ ਰਿਹਾ। ਜਿਸ ਕਰ ਕੇ ਅੱਜ ਉਹ ਆਈਪੀਐਲ ਖੇਡ ਰਿਹਾ ਹੈ।
photo
ਜਿਹੜੇ ਖਿਡਾਰੀ ਖੱਬੇ ਹੱਥ ਨਾਲ ਖੇਡਦੇ ਹਨ ਉਨ੍ਹਾਂ ਨੂੰ ਪਹਿਲ ਦੇ ਤੌਰ ’ਤੇ ਚੁਣਿਆ ਜਾਂਦਾ ਹੈ ਕਿਉਂਕਿ ਉਹ ਇਕ ਅਲੱਗ ਤਰ੍ਹਾਂ ਦੀ ਖੇਡ ਖੇਡਦੇ ਹਨ। ਅਸ਼ਵਨੀ ਵੀ ਖੱਬੇ ਹੱਥ ਨਾਲ ਹੀ ਖੇਡਦਾ ਹੈ। ਜਦੋਂ ਅਸ਼ਵਨੀ ਕੁਮਾਰ ਨੇ ਆਈਪੀਐਲ ਵਿਚ ਆਪਣੇ ਪਹਿਲੇ ਮੈਂਚ ’ਚ ਹੀ 4 ਵਿਕਟਾਂ ਲਈਆਂ ਤਾਂ ਮੈਨੂੰ ਬਹੁਤ ਖ਼ੁਸ਼ੀ ਹੋਈ ਤੇ ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਸਾਡੇ ਕੋਲ ਸਿਖੇ ਖਿਡਾਰੀ ਦੇ ਅੱਜ ਦੁਨੀਆਂ ਵਿਚ ਚਰਚੇ ਹੋ ਰਹੇ ਹਨ। ਜਦੋਂ 2019 ਵਿਚ ਅਸ਼ਵਨੀ ਜ਼ਿਲ੍ਹਾ ਪੱਧਰ ’ਤੇ ਖੇਡਿਆ ਸੀ ਉਦੋਂ ਉਸ ਨੇ ਹਰ ਮੈਚ ਵਿਚ ਚੰਗਾ ਪ੍ਰਦਰਸ਼ਨ ਕੀਤਾ ਸੀ। ਜਿਸ ਵਿਚ ਪੰਜਾਬ ਦੀ ਟੀਮ ਚੈਂਪੀਅਨ ਬਣੀ ਸੀ।
ਜਿਸ ਦੌਰਾਨ ਉਹ ਆਪਣੀ ਖੇਡ ਵਿਚ ਹੋਰ ਨਿਖਾਰ ਲਿਆਉਂਦਾ ਰਿਹਾ ਅਤੇ ਚੋਣਕਾਰਾਂ ਦੀ ਅਸ਼ਵਨੀ ’ਤੇ ਨਜ਼ਰ ਪਈ ਅਤੇ ਉਸ ਨੂੰ ਰਣਜੀਤ ਟਰਾਫ਼ੀ ਲਈ ਚੁਣਿਆ ਗਿਆ। ਅਸ਼ਵਨੀ ਨੂੰ ਸੁਨੇਹਾ ਦਿੰਦੇ ਹੋਏ ਕੋਚ ਨੇ ਕਿਹਾ ਕਿ ਅਸ਼ਵਨੀ ਤੈਨੂੰ ਦੇਖ ਕੇ ਹੋਰ ਬੱਚਿਆਂ ਨੇ ਅੱਗੇ ਵਧਣਾ ਹੈ ਤੂੰ ਆਪਣੀ ਮਿਹਨਤ ਜਾਰੀ ਰੱਖਣੀ ਹੈ ਤੇ ਇਥੇ ਹੀ ਨਹੀਂ ਰੁਕਣਾ, ਇੰਡੀਆ ਟੀਮ ਵਿਚ ਖੇਡਣਾ ਹੈ।
photo