
ਨਾਕਿਆਂ 'ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਵੰਡਿਆ ਜ਼ਰੂਰਤ ਦਾ ਸਮਾਨ
ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ/ਕਸ਼ਮੀਰ ਸਿੰਘ): ਕੋਰੋਨਾ ਵਾਇਰਸ ਬੀਮਾਰੀ ਦੇ ਚੱਲਦਿਆ ਪਿਛਲੇ 45 ਦਿਨਾਂ ਤੋਂ ਲਗਾਤਾਰ ਦਿਨ ਰਾਤ ਆਪਣੀਆਂ ਸੇਵਾਵਾ ਨਿਭਾ ਰਹੇ ਪੁਲਿਸ ਕ੍ਰਮਚਾਰੀਆਂ ਦੀ ਜਿਲ੍ਹਾ ਪੁਲਿਸ ਵੱਲੋਂ ਚੈਕਿੰਗ ਦੇ ਨਾਲ ਨਾਲ ਜਰੂਰਤ ਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ । ਅੱਜ ਇਸ ਸਬੰਧ ਵਿੱਚ ਸ਼੍ਰੀ ਅਰੁਣ ਕੁਮਾਰ ਮਿੱਤਲ ਆਈ.ਜੀ. ਬਠਿੰਡਾ ਰੇਂਜ ਨੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅੰਦਰ ਲੱਗੇ ਪੁਲਿਸ ਨਾਕਿਆ ਦਾ ਜਾਇਜਾ ਲਿਆ। ਉਨ੍ਹਾਂ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਨਾਕਿਆਂ ਦੌਰਾਨ ਡਿਊਟੀ ਕਰਨ ਲਈ ਜਰੂਰਤ ਅਨੁਸਾਰ ਸਮਾਨ ਮੁਹੱਈਆ ਕਰਵਾਇਆ ਗਿਆ।
ਸ਼੍ਰੀ ਮਿੱਤਲ ਕਿਹਾ ਕਿ ਪੁਲਿਸ ਕ੍ਰਮਚਾਰੀ ਕਰਫਿਊ ਦੌਰਾਨ ਪਿਛਲੇ 45 ਦਿਨਾਂ ਤੋਂ ਲਗਾਤਾਰ ਬਹੁਤ ਵਧੀਆ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਸਾਡੇ ਵੱਲੋਂ ਪੁਲਿਸ ਨਾਕਿਆ ਤੇ ਜਾ ਕੇ ਡਿਊਟੀ ਕਰ ਰਹੇ ਪੁਲਿਸ ਕ੍ਰਮਚਾਰੀਆਂ ਦੀ ਹੌਂਸਲਾ ਹਫਜਾਈ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਗਰਮੀ ਦਾ ਮੌਸਮ ਆ ਗਿਆ ਹੈ ਪੁਲਿਸ ਕ੍ਰਮਚਾਰੀਆਂ ਨੂੰ ਗਰਮੀ ਤੋ ਬਚਣ ਲਈ ਵੱਢੀਆਂ ਛੱਤਰੀਆਂ ਲਗਾ ਕੇ ਦਿੱਤੀਆ ਗਈਆਂ ਹਨ। ਪਾਣੀ ਵਾਲੀਆਂ ਬੋਤਲਾਂ ਜਿੰਨ੍ਹਾਂ ਅੰਦਰ 24 ਘੰਟੇ ਪਾਣੀ ਠੰਡਾ ਜਾਂ ਗਰਮ ਰੱਖਿਆ ਜਾ ਸਕਦਾ ਹੈ ਦਿੱਤੀਆ ਗਈਆਂ ਹਨ। ਪੁਲਿਸ ਕ੍ਰਮਚਾਰੀਆਂ ਦੀ ਸਰੀਰਕ ਸਮਰੱਥਾ ਨੂੰ ਬਰਕਰਾਰ ਰੱਖਣ ਲਈ ਵਿਟਾਮਿਨ ਸੀ ਤੋਂ ਇਲਾਵਾ ਚਾਹ ਵਾਲੀਆਂ ਕੇਤਲੀਆਂ, ਵਾਟਰ ਕੂਲਰ, ਸੈਨੀਟਾਈਜ਼ਰ, ਮਾਸਕ, ਦਸਤਾਨੇ, ਰਿਫਰੈਸ਼ਮੈਂਟ ਵਜੋਂ ਫਰੂਟ, ਬਿਸਕੁਟ, ਆਦਿ ਦਿੱਤੇ ਜਾ ਰਹੇ ਹਨ ਅਤੇ ਉਨ੍ਹਾਂ ਦਾ ਸਰੀਰਕ ਟੈਸਟ ਵੀ ਕਰਵਾਇਆ ਜਾ ਰਿਹਾ ਹੈ।
ਪੁਲਿਸ ਕ੍ਰਮਚਾਰੀਆਂ ਨੂੰ ਹਦਾਇਤ ਹੈ ਕਿ ਉਹ ਆਪਣੀ ਡਿਊਟੀ ਦੌਰਾਨ ਹਰ ਇੱਕ ਨਾਲ ਸਰੀਰਕ ਦੂਰੀ ਬਣਾ ਕੇ ਰੱਖਣ। ਵਹੀਕਲਾਂ ਦੇ ਕਾਗਜਾਤ ਚੈੱਕ ਕਰਨ ਸਮੇਂ ਹੱਥਾਂ ਉਪਰ ਦਸਤਾਨੇ ਪਹਿਣ ਕੇ ਹੀ ਚੈੱਕ ਕਰਨ। ਬਾਹਰੋ ਆ ਰਹੇ ਵਹੀਕਲਾਂ ਨੂੰ ਜਿੰਨ੍ਹਾਂ ਕੋਲ ਈ-ਪਾਸ ਹੋਵੇ ਉਨ੍ਹਾਂ ਵਹੀਕਲਾਂ ਨੂੰ ਹੀ ਜਿਲ੍ਹੇ ਅੰਦਰ ਆਉਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਾਵਧਾਨੀਆਂ ਵਰਤ ਕੇ ਹੀ ਕਰੋਨਾ ਵਾਇਰਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।
ਇਸ ਮੌਕੇ ਰਾਜਬਚਨ ਸਿੰਘ ਸੰਧੂ ਐਸ.ਐਸ.ਪੀ, ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਨਾਕਿਆ 'ਤੇ ਤਾਇਨਾਤ ਪੁਲਿਸ ਕ੍ਰਮਚਾਰੀਆਂ ਨੂੰ ਕੋਈ ਮੁਸ਼ਕਿਲ ਨਾ ਆਵੇ। ਇਸ ਲਈ ਸਾਡੇ ਵੱਲੋਂ ਥੋੜੇ-ਥੋੜੇ ਸਮੇਂ ਬਾਅਦ ਜਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਲੋੜੀਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ । ਇਸ ਮੌਕੇ ਗੁਰਮੇਲ ਸਿੰਘ ਐਸ.ਪੀ.(ਐਚ), ਕੁਲਵੰਤ ਰਾਏ ਐਸ.ਪੀ. (ਪੀ.ਬੀ.ਆਈ.), ਬਲਵਿੰਦਰ ਸਿੰਘ ਐਸ.ਪੀ. (ਅਪਰੇਸ਼ਨ), ਗੁਰਤੇਜ਼ ਸਿੰਘ ਡੀ.ਐਸ.ਪੀ. ਗਿਦੜਬਾਹਾ, ਤਲਵਿੰਦਰ ਸਿੰਘ ਡੀ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ, ਐਸ.ਆਈ. ਅਮਨਦੀਪ ਸਿੰਘ ਮੁੱਖ ਅਫਸਰ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ, ਸੰਜੀਵ ਗੁਪਤਾ ਪ੍ਰਧਾਨ ਅਤੇ ਵਿਨੋਦ ਬਾਂਸਲ ਵਾਈਸ ਪ੍ਰਧਾਨ ਅਗਰਵਾਲ ਸਭਾ ਸ਼੍ਰੀ ਮੁਕਤਸਰ ਸਾਹਿਬ ਆਦਿ ਹਾਜਰ ਸਨ।